ਔਕਲੈਂਡ/ਸ੍ਰੀ ਅੰਮ੍ਰਿਤਸਰ, 22 ਅਪ੍ਰੈਲ-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ, ਪਾਪਾਟੋਏਟੋਏ, ਔਕਲੈਂਡ ਵਿੱਚ ਗੁਰਦੁਆਰਾ ਪ੍ਰਬੰਧ, ਮਰਯਾਦਾ, ਏਕਤਾ, ਸਮੱਸਿਆਵਾਂ ਅਤੇ ਹੋਰ ਜ਼ਰੂਰੀ ਵਿਸ਼ਿਆਂ ਉੱਤੇ ਦੀਰਘ ਵਿਚਾਰ ਚਰਚਾ ਕੀਤੀ। ਜਥੇਦਾਰ ਗੜਗੱਜ ਦੇ ਨਿਰਦੇਸ਼ਾਂ ਤਹਿਤ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਉੱਦਮ ਸਦਕਾ ਹੋਈ ਇਸ ਇਕੱਤਰਤਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਸਿੰਘ ਸਾਹਿਬ ਪਾਸੋਂ ਸਵਾਲ ਜਵਾਬ, ਸੁਝਾਵਾਂ ਅਤੇ ਭਵਿੱਖੀ ਮੰਗੰ ਤਰਜੀਹਾਂ ਨਿਰਧਾਰਤ ਕਰਨ ਦੇ ਰੂਪ ਵਿੱਚ ਵਿਚਾਰ ਚਰਚਾ ਕੀਤੀ।
ਜਥੇਦਾਰ ਗੜਗੱਜ ਨੇ ਆਪਣੇ ਵਿਚਾਰ ਰੱਖਣ ਵਾਲੇ ਜਾਂ ਸਵਾਲ ਕਰਨ ਵਾਲੇ ਹਰ ਗੁਰੂ ਘਰ ਦੇ ਨੁਮਾਇੰਦੇ ਦੀ ਗੱਲ ਗੌਰ ਨਾਲ ਸੁਣੀ ਅਤੇ ਉਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਦੀ ਰੋਸ਼ਨੀ ਵਿੱਚ ਤਸੱਲੀਬਖ਼ਸ਼ ਜਵਾਬ ਦਿੱਤੇ। ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਪੜ੍ਹਾਈ ਨਾਲ ਜੋੜਣ, ਕੌਮ ਵਿੱਚ ਏਕਤਾ, ਸਿੱਖ ਸਾਹਿਤ ਅਤੇ ਧਰਮ ਪ੍ਰਚਾਰ ਸਬੰਧੀ ਚੰਗੇ ਵਿਚਾਰ ਰੱਖੇ ਗਏ ਜਿਨ੍ਹਾਂ ਨੂੰ ਮੌਕੇ ਉੱਤੇ ਹੀ ਅਗਲੀ ਲੋੜੀਂਦੀ ਕਾਰਵਾਈ ਲਈ ਨੋਟ ਕੀਤਾ ਗਿਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਨਿਊਜ਼ੀਲੈਂਡ ਦੇ ਤਕਰੀਬਨ ਸਾਰੇ ਗੁਰੂ ਘਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਜ਼ਾਬਤੇ ਨਾਲ ਇਕਮੁੱਠ ਹਨ। ਉਨ੍ਹਾਂ ਪ੍ਰੇਰਣਾ ਕੀਤੀ ਕਿ ਅਗਾਂਹ ਵੀ ਨਿਊਜ਼ੀਲੈਂਡ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਸਿੱਖੀ ਪ੍ਰਚਾਰ ਪ੍ਰਸਾਰ, ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਕੇ ਰੱਖਣ, ਮਨੁੱਖਤਾ ਦੀ ਭਲਾਈ ਤੇ ਲੋੜਵੰਦ ਸਿੱਖ ਪਰਿਵਾਰਾਂ ਦੀ ਮਦਦ ਲਈ ਚੜ੍ਹਦੀ ਕਲਾ ਨਾਲ ਕਾਰਜ ਜਾਰੀ ਰੱਖਣ।
ਇਕੱਤਰਤਾ ਵਿੱਚ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸ. ਦਲਜੀਤ ਸਿੰਘ ਅਤੇ ਚੇਅਰਮੈਨ ਸ. ਪ੍ਰਿਥੀਪਾਲ ਸਿੰਘ ਬਸਰਾ ਨਿਊਜ਼ੀਲੈਂਡ ਸੁਪਰੀਮ ਸਿੱਖ ਸੁਸਾਇਟੀ ਹੈਮਿਲਟਨ ਤੋਂ ਸ. ਯੁਗਰਾਜ ਸਿੰਘ ਮਹਿਲ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਤੋ ਸ. ਮਨਜਿੰਦਰ ਸਿੰਘ, ਸ. ਰਜਿੰਦਰ ਸਿੰਘ ਤੇ ਸ. ਹਰਮੇਸ਼ ਸਿੰਘ, ਸ. ਗੁਰਦੁਆਰਾ ਗੁਰੂ ਨਾਨਕ ਦੇਵ ਜੀ ਓਟਾਹੂਹੂ ਤੋਂ ਸ. ਲਾਲੀ ਰਣਵੀਰ ਸਿੰਘ, ਸ. ਅਸ਼ਵਿੰਦਰ ਸਿੰਘ, ਸ. ਮਨੋਹਰ ਸਿੰਘ, ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਤੋਂ ਸ. ਅਜੀਤ ਸਿੰਘ ਰੰਧਾਵਾ, ਸ. ਬੇਅੰਤ ਸਿੰਘ ਜਡੋਰੇ, ਸ. ਰੇਸ਼ਮ ਸਿੰਘ ਤੇ ਸ. ਮਨਜੀਤ ਸਿੰਘ), ਗੁਰਦੁਆਰਾ ਨੋਰਥ ਸ਼ੋਰ ਤੋਂ ਸ. ਕਰਮਜੀਤ ਸਿੰਘ ਤੇ ਬੀਬੀ ਤਜਿੰਦਰ ਕੌਰ, ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨਿਊ ਲਿਨ ਤੋਂ ਸ. ਨਵਨੀਤ ਸਿੰਘ, ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੂਰੇਵਾ ਤੋਂ ਮਾਰਸ਼ਲ ਵਾਲੀਆ ਤੇ ਸ. ਦਰਸ਼ਨ ਸਿੰਘ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰਾਂਗਾ ਤੋਂ ਸ. ਸੁਖਦੇਵ ਸਿੰਘ ਸਮਰਾ, ਸ. ਭੁਪਿੰਦਰ ਸਿੰਘ ਪਸਲਾ ਤੇ ਸ. ਮਨਜਿੰਦਰ ਸਿੰਘ ਸਹੋਤਾ, ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਪਾਪਾਕੁਰਾ ਤੋਂ ਸ. ਹਰਭਜਨ ਸਿੰਘ ਭੂੰਡਪਾਲ, ਗੁਰਦੁਆਰਾ ਸਾਹਿਬ ਬੋਂਬੋ ਤੋਂ ਸ. ਨਿਰਮਲ ਸਿੰਘ ਭੱਟੀ, ਨਿਊਜ਼ੀਲੈਂਡ ਸਿੱਖ ਵੁਮੈਨ ਐਸੋਸੀਏਸ਼ਨ ਤੋਂ ਬੀਬੀ ਜੀਤ ਕੌਰ, ਸ. ਜਸਕਰਨ ਸਿੰਘ ਮੀਡੀਆ ਸਲਾਹਕਾਰ ਆਦਿ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







