ਮਤਾ ਨੰ: ੧
ਅੱਜ ਦਾ ਇਹ ਇਕੱਠ ਹਾਜ਼ਰੀਨ ਅਤੇ ਉਨ੍ਹਾਂ ਸਮੂਹ ਪੰਥਦਰਦੀ ਗੁਰਸਿੱਖ ਵੀਰਾਂ ਭੈਣਾਂ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਪੰਥਕ ਭਾਵਨਾ ਨੂੰ ਜਿੰਦਾ ਰੱਖਿਆ। “ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਿਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥ (ਬਸੰਤੁ ਮਃ ੫/੧੧੮੫) ਗੁਰਵਾਕ ਦੀ ਅਗਵਾਈ ਹੇਠ ਪੰਥ ਦੀਆਂ ਸਮੂਹ ਧਿਰਾਂ ਨੂੰ ਸਿਰ ਜੋੜ ਕੇ ਬੈਠਣ ਅਤੇ ਡੂੰਘੀਆਂ ਵਿਚਾਰਾਂ ਕਰਨ ਲਈ ਸੱਦੇ ਦੇ ਕੇ ਅੱਜ ਦੇ ਵਿਸ਼ੇਸ਼ ਸਮਾਗਮ ਵਾਂਗ ਨਾਨਕਸ਼ਾਹੀ ਕੈਲੰਡਰ ਦੇ ਬੇਲੋੜੇ ਵਿਵਾਦ ਨੂੰ ਖ਼ਤਮ ਕਰਨ ਦੇ ਯਤਨ ਕੀਤੇ। ਅੱਜ ਦਾ ਇਹ ਇਕੱਠ ਗੁਰਦੁਆਰਾ ਸਾਹਿਬ, ਯਾਦਗਰ-ਅਨਾਮ ਸਿੱਖ ਸ਼ਹੀਦਾਂ ਢੈਂਠਲ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਐਮ.ਪੀ. ਭਾਈ ਅੰਤਿਦਰਪਾਲ ਸਿੰਘ ‘ਖ਼ਾਲਸਤਾਨੀ’ ਦਾ ਵੀ ਧੰਨਵਾਦੀ ਹੈ, ਜਿਨ੍ਹਾਂ ਨੇ ਇਸ ਸੈਮੀਨਾਰ ਲਈ ਹਰ ਪੱਖੋਂ ਸਹਿਯੋਗ ਦਿੱਤਾ। ਵਕਤਾ ਵਿਦਵਾਨਾਂ ਤੇ ਸ੍ਰੋਤਿਆਂ ਦਾ ਵੀ ਧੰਨਵਾਦੀ ਹੈ, ਜਿਨ੍ਹਾਂ ਨੇ ਗੁਰਬਾਣੀ ਤੇ ਗੁਰਇਤਿਹਾਸ ਦੇ ਚਾਨਣ ਵਿਚ ਨਾਨਕਸ਼ਾਹੀ ਕੈਲੰਡਰ ਬਾਰੇ ਤਕਨੀਕੀ ਜਾਣਕਾਰੀ ਭਾਸ਼ਨ ਕਲਾ ਤੇ ਪ੍ਰਸ਼ੋਨਤਰੀ ਦੇ ਰੂਪ ਵਿੱਚ ਸਾਂਝੀ ਕੀਤੀ।
ਮਤਾ ਨੰ: 2
ਅੱਜ ਦਾ ਇਹ ਇਕੱਠ, ਇਸ ਫੈਸਲੇ ’ਤੇ ਪੁੱਜਾ ਹੈ ਕਿ ਸ. ਪਾਲ ਸਿੰਘ ਪੁਰੇਵਾਲ ਜੀ ਵਲੋਂ ਪੇਸ਼ ਕੀਤਾ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਹੀ ਇੱਕੋ-ਇੱਕ ਇਤਿਹਾਸਕ ਅਤੇ ਵਿਗਿਆਨਕ ਰੂਪ ਵਿੱਚ ਸਹੀ ਸਿੱਖ ਕੈਲੰਡਰ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੇ ਆਧਾਰਤ ਹੈ। ਅੱਗੋ ਤੋਂ ਸਾਰੇ ਗੁਰਪੁਰਬ ਅਤੇ ਇਤਿਹਾਸਿਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਦਾ ਪ੍ਰਣ ਕਰਦਾ ਹੈ। ਦੁਨੀਆਂ ਭਰ ਦੇ ਗੁਰਦਵਾਰਿਆਂ ਅਤੇ ਸਿੱਖ ਸੰਸਥਾਵਾਂ ਨੂੰ ਪੁਰਜੋਰ ਅਪੀਲ ਕਰਦਾ ਹੈ ਕਿ ਪਹਿਲਾਂ ਦੀ ਤਰ੍ਹਾਂ ਸਭ ਦਿਨ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣ।
ਮਤਾ ਨੰ: 3
ਭਾਵੇਂ ਕੁਝ ਧਿਰਾਂ ਅੱਜ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਈਆਂ। ਇਹ ਉਨ੍ਹਾਂ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ। ਜਿਹੜੀਆਂ ਧਿਰਾਂ ਅੱਜ ਦੀ ਇਕੱਤ੍ਰਤਾ ਵਿੱਚ ਕਿਸੇ ਕਾਰਨ ਸ਼ਾਮਲ ਨਹੀਂ ਹੋ ਸਕੀਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਕੋਈ ਵੀ ਧਿਰ ਆਪਣੇ ਵੱਲੋਂ ਕਿਸੇ ਵੀ ਹੋਰ ਸਥਾਨ ’ਤੇ ਸਾਰੀਆਂ ਧਿਰਾਂ ਨੂੰ ਸੱਦਾ ਦੇ ਕੇ ਇਸ ਤਰ੍ਹਾਂ ਦਾ ਸੈਮੀਨਾਰ ਕਰਵਾਉਣਾ ਚਾਹੁੰਦੀ ਹੈ ਤਾਂ ਅਸੀਂ ਉਨ੍ਹਾਂ ਦਾ ਸੱਦਾ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰਾਂਗੇ ਅਤੇ ਸੁਹਿਰਦਤਾ ਨਾਲ ਵੀਚਾਰ ਚਰਚਾ ’ਚ ਭਾਗ ਲਵਾਂਗੇ।
ਮਤਾ ਨੰ: 4
ਅੱਜ ਦੀ ਇਹ ਇਕੱਤ੍ਰਤਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕਰਦੀ ਹੈ ਕਿ ਉਹ ਪੰਥ ਦੀ ਸ੍ਰੋਮਣੀ ਨੁੰਮਾਇੰਦਾ ਸੰਸਥਾ ਹੋਣ ਦਾ ਆਪਣਾ ਫ਼ਰਜ ਨਿਭਾਏ। ਭਾਵ ਪੰਥ ਦੀਆਂ ਸਮੁੱਚੀਆਂ ਧਿਰਾਂ ਨੂੰ ਆਪਣੇ ਵੱਲੋਂ ਸੱਦਾ ਦੇ ਕੇ ਇਸ ਤਰ੍ਹਾਂ ਦੇ ਸੈਮੀਨਾਰ ਤਦ ਤੱਕ ਜਾਰੀ ਰੱਖੇ ਜਾਣ, ਜਦ ਤੱਕ ਮਸਲਾ ਤਕਨੀਕੀ ਆਧਾਰ ’ਤੇ ਹੱਲ ਨਹੀਂ ਹੋ ਜਾਂਦਾ। ਜੇ ਸ੍ਰੋਮਣੀ ਕਮੇਟੀ ਸਮਝਦੀ ਹੈ ਕਿ ਉਨ੍ਹਾਂ ਵੱਲੋਂ ਜਾਰੀ ਕੀਤਾ ਜਾ ਰਿਹਾ ਮੌਜੂਦਾ ਕੈਲੰਡਰ ਹਰ ਪੱਖ ਤੋਂ ਠੀਕ ਹੈ ਤਾਂ ਅੱਜ ਦੇ ਸੈਮੀਨਾਰ ਵਾਲੀ ਧਿਰ ਨੂੰ ਮਿਲਣ ਦਾ ਸਮਾਂ ਦੇਵੇ ਤਾਂ ਜੋ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰ ਸਬੰਧੀ ਵਿਚਾਰ ਕੀਤੀ ਜਾ ਸਕੇ।
ਮਤਾ ਨੰ: 5
ਅੱਜ ਦਾ ਇਹ ਇਕੱਠ ਸਰਬ ਸੰਮਤੀ ਨਾਲ ਸਾਰੀਆਂ ਧਿਰਾਂ ਨੂੰ ਬੇਨਤੀ ਕਰਦਾ ਹੈ ਕਿ Doubt & Division ਵਾਲੀ ਵਿਦਰੋਹੀ ਦੁਸ਼ਮਣ ਦੀ ਨੀਤੀ ਦਾ ਸ਼ਿਕਾਰ ਹੋਣਾ ਬੰਦ ਕਰ ਕੇ ਜਿਹੜਾ ਨਾਨਕਸ਼ਾਹੀ ਕੈਲੰਡਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਨ ਪਿੱਛੋਂ ਲਗਾਤਾਰ 7 ਸਾਲ (14 ਮਾਰਚ 2003 ਤੋਂ 13 ਮਾਰਚ 2010 ਤੱਕ) ਚਲਦਾ/ ਛਪਦਾ ਰਿਹਾ ਹੈ; ਉਸ ਨੂੰ ਹੀ ਉਦੋਂ ਤੱਕ, ਜਦ ਤਕ ਕੋਈ ਅੰਤਿਮ ਨਿਰਨਾ ਨਾ ਹੋ ਜਾਵੇ; ਚਲਦਾ ਛਪਦਾ ਰੱਖਣਾ ਚਾਹੀਦਾ ਹੈ; ਤਾਂ ਜੋ ਸਿੱਖ ਕੌਮ ਨੂੰ ਭਰਮ/ਸ਼ੰਕਾਵਾਂ/ ਭੁਲੇਖਿਆਂ ਵਿਚ ਪੈਣ ਤੋਂ ਰੋਕਦੇ ਹੋਏ ਵੰਡੀਆਂ ਪਾਉਣ ਵਾਲਿਆਂ ਨੂੰ ਭਾਂਜ ਦਿੱਤੀ ਜਾ ਸਕੇ।
ਮਤਾ ਨੰ: 6
ਨਾਨਕਸ਼ਾਹੀ ਕੈਲੰਡਰ ਨਾਲ ਅਸਹਿਮਤ ਧਿਰ ਨੂੰ ਅੱਜ ਦਾ ਇਹ ਇਕੱਠ ਅਪੀਲ ਕਰਦਾ ਹੈ ਕਿ ਜੇ ਉਹ ਨਾਨਕਸ਼ਾਹੀ ਕੈਲੰਡਰ ਤੋਂ ਵਧੀਆ ਕੈਲੰਡਰ ਬਣਾਉਣ ਦੇ ਸਮਰੱਥ ਹਨ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੱਕ ਆਪਣੇ ਵੱਲੋਂ ਕੋਈ ਨਵਾਂ ਕੈਲੰਡਰ ਕੌਮ ਦੇ ਸਾਮ੍ਹਣੇ ਰੱਖਣ; ਤਾਂ ਜੋ ਉਸ ’ਤੇ ਵੀਚਾਰ ਕਰਕੇ ਪੰਥਕ ਮਸਲੇ ਦਾ ਸਰਵ ਪ੍ਰਮਾਣਿਤ ਹੱਲ ਲੱਭਿਆ ਜਾ ਸਕੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







