ਨਵੀਂ ਦਿੱਲੀ 20 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਮੌਜੂਦਾ ਧਰਮ ਪ੍ਰਚਾਰ ਵਿੰਗ ਦੇ ਮੁੱਖੀ ਭਾਈ ਜਸਪ੍ਰੀਤ ਸਿੰਘ ਕਰਮਸਰ ਵਲੋਂ ਅੰਮ੍ਰਿਤ ਸੰਚਾਰ ਉਪਰ ਦਿੱਤਾ ਗਿਆ ਇਕ ਬਿਆਨ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਫ੍ਰੀ ਵਿਚ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਮੰਦਭਾਗਾ ਅਤੇ ਸਿੱਖ ਪੰਥ ਦੀ ਆਸਥਾ ਉਪਰ ਗਹਿਰੀ ਚੋਟ ਪਹੁੰਚਾਣ ਵਾਲਾ ਹੈ ‘ਤੇ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਇੰਨ੍ਹਾ ਨੂੰ ਤੁਰੰਤ ਤਖਤ ਸਾਹਿਬ ਤੇ ਸੱਦ ਕੇ ਜੁਆਬਦੇਹ ਬਨਾਣਾ ਚਾਹੀਦਾ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਅਸੀਂ ਜਸਪ੍ਰੀਤ ਸਿੰਘ ਕਰਮਸਰ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਸੰਚਾਰ ਇੱਕ ਬਹੁਤ ਹੀ ਪਵਿੱਤਰ ਅਤੇ ਗੰਭੀਰ ਧਾਰਮਿਕ ਰਸਮ ਹੈ। ਇਸ ਨੂੰ ‘ਫ੍ਰੀ’ ਕਹਿਣਾ ਜਾਂ ਇਸ ਦੀ ਮਰਯਾਦਾ ਦਾ ਅਪਮਾਨ ਕਰਨਾ ਇੱਕ ਧਾਰਮਿਕ ਗੁਨਾਹ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਅੰਮ੍ਰਿਤ ਸੰਚਾਰ ਨੂੰ ‘ਫ੍ਰੀ’ ਕਹਿਣਾ ਗਲਤ ਹੈ ਕਿਉਂਕਿ ਇਹ ‘ਭੇਟਾ ਰਹਿਤ’ (ਬਿਨਾਂ ਕਿਸੇ ਪੈਸੇ ਦੇ) ਜ਼ਰੂਰ ਹੁੰਦਾ ਹੈ, ਪਰ ਇਸ ਦੀ ਕੀਮਤ ਗੁਰੂ ਨੂੰ ‘ਸੀਸ ਭੇਟ’ ਕਰਨਾ ਅਤੇ ਮਰਯਾਦਾ ਵਿੱਚ ਰਹਿਣ ਦਾ ਪ੍ਰਣ ਲੈਣ ਦਾ ਹੁੰਦਾ ਹੈ। ਉਨ੍ਹਾਂ ਕਿਹਾ ਲਗਦਾ ਹੈ ਕਿ ਤੁਸੀਂ ਅੰਮ੍ਰਿਤ ਸੰਚਾਰ ਦੀ ਮੁਹਿੰਮ ਵਿਚ ਕਦੇ ਹਿੱਸਾ ਹੀ ਨਹੀਂ ਲਿਆ ਜਿਸ ਕਰਕੇ ਤੁਸੀਂ ਸਤਿਗੁਰ ਅੱਗੇ ਆਪਣਾ ਸੀਸ ਭੇਂਟ ਹੀ ਨਹੀਂ ਕਰ ਸਕੇ ਹੋ ਜ਼ੇਕਰ ਤੁਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਆਪਣਾ ਸੀਸ ਭੇਂਟ ਕੀਤਾ ਹੁੰਦਾ ਤਾਂ ਤੁਸੀਂ ਅਜਿਹੇ ਗੁਰਮਰਿਆਦਾ ਵਿਰੁੱਧ ਸ਼ਬਦਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਸੀ। ਅੰਤ ਵਿਚ ਉਨ੍ਹਾਂ ਕਿਹਾ ਕਿ ਤੁਹਾਡੇ ਕੋਲੋਂ ਹੋ ਰਹੀਆਂ ਗਲਤੀਆਂ ਨੂੰ ਦੇਖਦਿਆਂ ਤੁਸੀਂ ਇਸ ਪੋਸਟ ਉਪਰ ਬਣੇ ਰਹਿਣ ਦੇ ਲਾਇਕ ਨਹੀਂ ਹੋ ਜਿਸ ਕਰਕੇ ਤੁਹਾਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








