ਅੰਮ੍ਰਿਤਸਰ, 11 ਫਰਵਰੀ (ਖਿੜਿਆ ਪੰਜਾਬ ): ਬਾਬਾ ਹਰਨਾਮ ਸਿੰਘ ਧੁੰਮਾ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ ਤੇ ਸਿੱਖ ਸੰਗਤਾਂ ਵੱਲੋਂ ਸੋਸ਼ਲ ਮੀਡੀਆ ‘ਤੇ ਉਹਨਾਂ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਮੁੰਬਈ ‘ਚ ਕਰਵਾਏ ਜਾ ਰਹੇ ਸਮਾਗਮ ਤੋਂ ਪਹਿਲਾਂ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਸ਼ਿਵਲਿੰਗ ਵਾਂਗ ਇੱਕ ਪੱਥਰ ਦੇ ਉੱਤੇ ਅਤੇ ਥੱਲੇ ਫੁੱਲ ਚੜ੍ਹਾ ਕੇ, ਅਗਰਬੱਤੀ ਕਰਕੇ ਅਤੇ ਹੋਰ ਸਮੱਗਰੀ ਪਾਉਂਦਿਆ ਭੂਮੀ ਪੂਜਣ ਕੀਤਾ ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ। ਇਸ ‘ਤੇ ਪ੍ਰਤੀਕਰਮ ਦਿੰਦਿਆਂ ਦਮਦਮੀ ਟਕਸਾਲ ਦੇ ਪੁਰਾਣੇ ਅਤੇ ਨਵੇਂ ਸੁਹਿਰਦ ਵਿਦਿਆਰਥੀਆਂ ਵੱਲੋਂ ਵੀ ਬਾਬਾ ਹਰਨਾਮ ਸਿੰਘ ਧੁੰਮਾ ਖ਼ਿਲਾਫ਼ ਵਿਰੋਧ ਜਤਾਇਆ ਜਾ ਰਿਹਾ ਹੈ। ਦਮਦਮੀ ਟਕਸਾਲ ਦੇ ਵਿਦਿਆਰਥੀਆਂ ਅਤੇ ਪੰਥਕ ਆਗੂਆਂ ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਜਸਵਿੰਦਰ ਸਿੰਘ ਨਿਹੰਗ, ਭਾਈ ਬਲਜੀਤ ਸਿੰਘ ਘੋਲੀਆ, ਭਾਈ ਰਣਜੀਤ ਸਿੰਘ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਦਲਜੀਤ ਸਿੰਘ ਕੈਨੇਡਾ, ਭਾਈ ਬਲਜੀਤ ਸਿੰਘ ਰਾਗੀ, ਭਾਈ ਦਵਿੰਦਰ ਸਿੰਘ ਲਾਡੀ, ਭਾਈ ਯਾਦਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਬੁੱਟਰ, ਗਿਆਨੀ ਸਿਮਰਨਜੀਤ ਸਿੰਘ ਅੰਮ੍ਰਿਤਸਰ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਗੁਰਦੀਪ ਸਿੰਘ ਲੋਹਾਰਾ, ਭਾਈ ਜਗਜੀਤ ਸਿੰਘ ਲੁਧਿਆਣਾ ਅਤੇ ਭਾਈ ਹਰਪ੍ਰੀਤ ਸਿੰਘ ਪੰਮਾ ਆਸਟਰੀਆ ਨੇ ਸਾਂਝੇ ਤੌਰ ਉਤੇ ਕਿਹਾ ਕਿ ਪੱਥਰ ਪੂਜਣੇ, ਭੂਮੀ ਪੂਜ ਕਰਨਾ ਤੇ ਹਿੰਦੂ ਰਹੁ-ਰੀਤਾਂ ਅਪਣਾਉਣਾ ਦਮਦਮੀ ਟਕਸਾਲ ਦਾ ਸਿਧਾਂਤ ਨਹੀਂ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਖ਼ਾਲਸਾ ਪੰਥ ਦੀ ਚੱਲਦੀ-ਫਿਰਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖਾਣ ਹੈ ਜੋ ਗੁਰਬਾਣੀ ਦੇ ਉਪਦੇਸ਼ ਅਤੇ ਖ਼ਾਲਸਾਈ ਸਿਧਾਂਤਾਂ ਦੀ ਪਹਿਰੇਦਾਰ ਹੈ ਅਤੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ ਦਾ ਹਮੇਸ਼ਾਂ ਪ੍ਰਚਾਰ ਕਰਦੀ ਰਹੀ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਹਿੰਦੂ ਸਾਮਰਾਜ ਨੂੰ ਸਿਧਾਂਤਕ ਚੁਣੌਤੀ ਅਤੇ ਹਥਿਆਰਬੰਦ ਟੱਕਰ ਦਿੰਦਿਆਂ ਜੋ ਸ਼ਾਨਾਮੱਤਾ ਇਤਿਹਾਸ ਸਿਰਜਿਆ ਉਸ ਉੱਤੇ ਸਮੁੱਚੀ ਕੌਮ ਨੂੰ ਮਾਣ ਹੈ। ਪਰ ਇਸ ਦੇ ਐਨ ਉਲ਼ਟ ਬਾਬਾ ਧੁੰਮਾਂ ਵੱਲੋਂ ਕੁੰਭ ਵਿੱਚ ਨਹਾਉਣਾ, ਹਿੰਦੂ ਰੀਤਾਂ ਨੂੰ ਅਪਣਾਉਣਾ, ਪੱਥਰ ਪੂਜਣਾ, ਭੂਮੀ ਪੂਜ ਕਰਨਾ ਅਤੇ ਪੰਥ ਵਿਰੋਧੀ ਭਾਜਪਾ ਨੂੰ ਸਮਰਥਨ ਦੇਣਾ ਇਹ ਦਮਦਮੀ ਟਕਸਾਲ ਦੇ ਅਸੂਲਾਂ ਦੇ ਵਿਰੁੱਧ ਹੈ ਜਿਸ ਨੂੰ ਸਿੱਖ ਕੌਮ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਦਮਦਮੀ ਟਕਸਾਲ ਦਾ ਬ੍ਰਾਹਮਣਵਾਦੀ ਰੀਤਾਂ ਅਤੇ ਸਿਆਸੀ ਪਾਰਟੀਆਂ ਨਾਲ ਕੋਈ ਸੰਬੰਧ ਨਹੀਂ ਹੈ। ਬਾਬਾ ਧੁੰਮਾ ਅਜਿਹੇ ਪੰਥ ਵਿਰੋਧੀ ਕੰਮ ਕਰਕੇ ਜਿੱਥੇ ਆਪਣੀ ਮਿੱਟੀ ਪਲੀਤ ਕਰਵਾ ਰਿਹਾ ਹੈ ਓਥੇ ਹੀ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਨੂੰ ਵੀ ਰੋਲ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਉੱਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਾਇਮ ਰੱਖਦਿਆਂ ਇੰਦਰਾ ਗਾਂਧੀ ਨੂੰ ਵੰਗਾਰਿਆ ਸੀ ਜੋ ਸੁਨਹਿਰੀ ਇਤਿਹਾਸ ਬਣਿਆ ਪਰ ਹੁਣ 350 ਸਾਲਾ ਸ਼ਤਾਬਦੀ ਉੱਤੇ ਗੁਰੂ ਦੀ ਹਜ਼ੂਰੀ ਵਿੱਚ ਬੈਂਚ ਲਗਾ ਕੇ ਬਾਬੇ ਧੁੰਮੇ ਨੇ ਗੁਰੂ ਦੇ ਸਤਿਕਾਰ ਵਿੱਚ ਭਾਰੀ ਕੁਤਾਹੀ ਕੀਤੀ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਟਿੱਚ ਜਾਣਿਆ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








