ਜਦੋਂ ਜ਼ੁਲਮ ਦੀ ਅੱਤ ਹੋ ਜਾਵੇ ਤਾਂ ਫਿਰ ਜ਼ੁਲਮ ਦਾ ਅੰਤ ਕਰਨ ਲਈ ਅਕਾਲ ਪੁਰਖ ਭਾਈ ਦਿਲਾਵਰ ਸਿੰਘ ਬੱਬਰ ਵਰਗੀਆਂ ਰੂਹਾਂ ਨੂੰ ਆਪ ਭੇਜ ਦਿੰਦਾ ਹੈ ਜੋ ਆਪਣਾ ਆਪ ਕੁਰਬਾਨ ਕਰਕੇ ਪਾਪੀਆਂ ਦੇ ਜ਼ੁਲਮਾਂ ਦਾ ਅੰਤ ਕਰ ਦਿੰਦੀਆ ਹਨ । ਸੋ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਤਸੀਹੇ ਕੇਂਦਰਾਂ ਵਿੱਚ ਕੋਹ ਕੋਹ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ, ਪੁਲਿਸ ਥਾਣਿਆਂ ਵਿੱਚ ਧੀਆਂ-ਭੈਣਾਂ ਦੀ ਬੇਪਤੀ, ਬਜ਼ੁਰਗਾਂ ਦੀਆਂ ਪਰ੍ਹੇ ਵਿੱਚ ਪੱਗਾਂ ਰੋਲਣ ਵਰਗੇ ਅੱਤ ਦੇ ਜ਼ੁਲਮ ਕਰਨ ਦੀ ਖੁੱਲ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਜਕਰੀਏ ਬੇਅੰਤੇ ਦੇ ਜ਼ੁਲਮਾਂ ਦਾ ਅੰਤ 31 ਅਗਸਤ 1995 ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੇ ਆਪਣਾ ਆਪ ਕੁਰਬਾਨ ਕਰਕੇ ਕੀਤਾ ।ਅੱਜ ਅਸੀਂ ਉਸ ਮਹਾਨ ਸ਼ਹੀਦ ਦੇ ਸ਼ਹਾਦਤ ਦਿਹਾੜੇ ਤੇ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹਾਂ ।
ਜਦੋਂ ਬ੍ਰਹਮਵਾਦੀ ਸੋਚ ਦੀ ਧਾਰਨੀ ਦਿੱਲੀ ਦੀ ਹਕੂਮਤ ਨੇ ਆਪਣੀ ਚਾਣਕੀਆ ਨੀਤੀ ਰਾਹੀਂ ਦੇਸ਼ ਪੰਜਾਬ ਦੀ ਮਾਲਕ ਸਿੱਖ ਕੌਮ ਦੇ ਲੀਡਰਾਂ ਨੂੰ ਆਪਣੇ ਜਾਲ ਵਿੱਚ ਫਸਾਕੇ ਸਿੱਖਾਂ ਦੀ ਹੋਣੀ ਨੂੰ ਹਿੰਦੋਸਤਾਨ ਨਾਲ ਜੋੜ ਲਿਆ ਤੇ ਸਿੱਖ ਕੌਮ ਨੂੰ ਮਾਨਸਿਕ ਤੌਰਤੇ ਸਦੀਵੀ ਗੁਲਾਮ ਬਣਾਉਣ ਦੀਆਂ ਚਾਲਾਂ ਨੂੰ ਭਾਂਪਦੇ ਹੋਏ ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੇ ਗਲੋਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਤੇ ਸਵੈਮਾਨ ਨਾਲ ਜੀਉਣ ਲਈ ਸੰਘਰਸ਼ ਦੀ ਅਰੰਭਤਾ ਕੀਤੀ । ਇਸ ਸੰਘਰਸ਼ ਵਿੱਚ ਹਜ਼ਾਰਾਂ ਸਿੱਖਾਂ ਨੇ ਆਪਣਾ ਆਪ ਕੁਰਬਾਨ ਕਰਕੇ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ।
ਅਜ਼ਾਦੀ ਦਾ ਸ਼ੁਰੂ ਹੋਇਆ ਸੰਘਰਸ਼ ਜਾਂ ਅਜ਼ਾਦੀ ਦੀਆਂ ਲਹਿਰਾਂ ਨੂੰ ਕਈ ਵਾਰੀ ਹਾਕਮ ਜਮਾਤ ਆਪਣੀ ਤਾਕਤ ਦਾ ਲੋੜ ਤੋਂ ਵੱਧ ਪ੍ਰਯੋਗ ਕਰਕੇ, ਇਸ ਵਿੱਚ ਘੁਸਪੈਠ ਕਰਕੇ ਜਾਂ ਵਿਕਾਊ ਜ਼ਮੀਰਾਂ ਵਾਲੇ ਲੀਡਰਾਂ ਨੂੰ ਖਰੀਦ ਕੇ ਵਕਤੀ ਤੌਰਤੇ ਇਹਨਾਂ ਨੂੰ ਖਤਮ ਕਰਨ ਦਾ ਭਰਮ ਜਰੂਰ ਪਾਲ ਲੈਦੇ ਹਨ ਪਰ ਸਿਧਾਂਤਿਕ ਸੰਘਰਸ਼ ਉੰਨਾ ਚਿਰ ਖਤਮ ਨਹੀਂ ਹੁੰਦੇ ਜਿਨ੍ਹਾ ਚਿਰ ਉਹਨਾਂ ਕਾਰਨਾਂ ਜਿਨਾ ਨੂੰ ਲੈਕੇ ਸੰਘਰਸ਼ ਅਰੰਭ ਹੋਇਆ ਸੀ ਤੇ ਜਿੰਨਾ ਚਿਰ ਉਹਨਾਂ ਮਸਲਿਆਂ ਦਾ ਗੰਭੀਰਤਾ ਨਾਲ ਹੱਲ ਨਾ ਕਢਿਆ ਜਾਵੇ । ਇਸੇ ਤਰ੍ਹਾਂ ਸਿੱਖ ਕੌਮ ਦਾ ਆਪਣੀ ਨਿਆਰੀ ਹੋਂਦ ਨੂੰ ਕਾਇਮ ਰੱਖਣ, ਸਵੈਮਾਣ ਨਾਲ ਜੀਊਣ ਤੇ ਪ੍ਰਭੂਸੱਤਾ ਸੰਪਨ ਦੇਸ਼ ਲਈ ਸ਼ੁਰੂ ਹੋਇਆ ਸੰਘਰਸ਼ ਖਤਮ ਨਹੀਂ ਹੋਇਆ ਬਲਕਿ ਉਹ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਜਾਰੀ ਹੈ । ਬੇਸ਼ੱਕ ਸੰਘਰਸ਼ ਨੂੰ ਸਮਰਪਿਤ ਲੋਕਾਂ ਦੀ ਗਿਣਤੀ ਘੱਟ ਹੈ ਪਰ ਕਈ ਵਾਰੀ ਬਦਲਦੇ ਹਾਲਾਤਾਂ ਨਾਲ ਸੰਘਰਸ਼ਸ਼ੀਲ ਲੋਕਾਂ ਦੀ ਗਿਣਤੀ ਘੱਟਦੀ ਵੱਧਦੀ ਰਹਿੰਦੀ ਹੈ ।
ਜਿਸ ਤਰ੍ਹਾਂ ਪਾਪੀ ਬੇਅੰਤੇ ਨੇ ਕੁਰਸੀ ਦੇ ਨਸ਼ੇ ਵਿੱਚ ਸਿੱਖ ਨੌਜਵਾਨੀ ਦਾ ਸਰੀਰਕ ਤੌਰਤੇ ਘਾਣ ਕੀਤਾ ਸੀ ਉਹਨਾਂ ਲੀਹਾਂ ਤੇ ਚਲਦੇ ਹੋਏ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਹੁਣ ਮੌਜੂਦਾਂ ਭਗਵੰਤ ਮਾਨ ਨੂੰ ਕੁਰਸੀ ਦੇ ਮੋਹ ਨੇ ਸਿੱਖ ਵਿਰੋਧੀਆਂ ਦੇ ਕੁਹਾੜੇ ਦਾ ਦਸਤਾ ਬਣ ਕੇ ਕੌਮ ਦੀਆਂ ਜੜ੍ਹਾਂ ਵੱਢਣ ਦੇ ਨਾਲ ਨਾਲ ਸਿਰਸੇ ਵਾਲੇ ਸਾਧ ਦੀ ਮਿਲੀ ਭੁਗਤ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਤੇ ਰੋਸ ਕਰ ਰਿਹੀਆਂ ਸੰਗਤਾਂ ਤੇ ਗੋਲ਼ੀਆਂ ਚਲਾਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਕੇ ਜਿੱਥੇ ਆਪਣੇ ਮੱਥੇ ਤੇ ਕਲੰਕ ਲਵਾ ਲਿਆ ਉਥੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਸ਼ੇੜੀ ਤੇ ਸਿੱਖ ਸਿਧਾਂਤਾਂ ਤੇ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਦੀ ਮਾਣ ਮਰਯਾਦਾ ਦੇ ਘਾਣ ਕਰਨ ਕਰਕੇ ਸਿੱਖ ਕੌਮ ਦੇ ਗੁਨਾਹਗਾਰ ਹਨ ।
ਅੱਜ ਸ਼ਹੀਦਾਂ ਦੇ ਵਾਰਸ ਕਹਾਉਣ ਵਾਲੀਆਂ ਕਈ ਸੰਸਥਾਵਾਂ ਦੇ ਆਗੂ ਜਾਂ ਸ਼ਹੀਦਾਂ ਦੇ ਕਈ ਪਰਿਵਾਰਾਂ ਨੇ ਵੀ ਸ਼ਹੀਦਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਤਰੱਕੀਆਂ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੇ ਕਰਾਉਣ ਵਾਲਿਆਂ ਦੇ ਭਾਈਵਾਲਾਂ ਨਾਲ ਗਲਵੱਕੜੀਆਂ, ਪੰਜਾਬ ਅੰਦਰ ਸਿੱਖੀ ਦਾ ਘਾਣ ਕਰਨ ਵਾਲੇ ਲੀਡਰਾਂ ਦੇ ਗੁਣ ਗਾਉਣ ਲੱਗ ਜਾਣ ਕਰਕੇ ਚਲ ਰਹੇ ਸੰਘਰਸ਼ ਨੂੰ ਧੱਕਾ ਤਾ ਲੱਗਦਾ ਹੈ ਤੇ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਧ੍ਰੋਹ ਕਮਾਉਣ ਕਾਰਨ ਉਹਨਾਂ ਸ਼ਹੀਦਾਂ ਦੀਆਂ ਰੂਹਾਂ ਜ਼ਰੂਰ ਕਲਪਦੀਆਂ ਹੋਣਗੀਆਂ । ਸ਼ਹੀਦਾਂ ਦੀਆਂ ਪਵਿੱਤਰ ਰੂਹਾਂ ਕੌਮ ਦੇ ਅਜੋਕੇ ਹਲਾਤਾਂ ਨੂੰ ਦੇਖ ਕੇ ਸ਼ਹੀਦਾਂ ਦਾ ਮੁੱਲ ਵੱਟਣ ਵਾਲਿਆਂ ਨੂੰ ਜਰੂਰ ਲਾਹਣਤਾਂ ਪਾ ਰਹੀਆਂ ਹੋਣਗੀਆਂ।
ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਏ ਤਾਂ ਹੀ ਸਫਲ ਹਨ ਜੇਕਰ ਉਹਨਾਂ ਸ਼ਹੀਦਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਦਾ ਇਕ ਮਨ ਚਿੱਤ ਹੋ ਕੇ ਡੂੰਘਾ ਅਧਿਐਨ ਤੇ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਹੋ ਉਹਨਾਂ ਵੱਲੋਂ ਵਿੱਢੇ ਹੋਏ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ । ਜੇਕਰ ਸਾਡੀ ਕਹਿਣੀ ਤੇ ਕਰਨੀ ਦਾ ਸਮੇਲ ਨਹੀ ਤਾਂ ਫਿਰ ਇਹ ਦਿਹਾੜੇ ਇੱਕ ਰਸਮੀ ਤੇ ਸਿਰਫ ਮੀਡੀਏ ਵਿੱਚ ਆਪਣੀਆਂ ਤਸਵੀਰਾਂ ਜਾਂ ਨਾਮ ਦੇਖਣ ਤੱਕ ਸੀਮਤ ਹੋ ਕੇ ਰਹਿ ਜਾਣਗੇ ਤੇ ਖਾਨਾ ਪੂਰਤੀ ਹੋ ਗਈ ਕਿ ਅਸੀ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਹੈ ।
ਸਿਆਣਿਆਂ ਦਾ ਕਥਨ ਹੈ ਕਿ ਗਿਆਨ ਤੋਂ ਬਿਨ੍ਹਾਂ ਸੱਚ ਨਹੀਂ, ਸੱਚ ਤੋਂ ਬਿਨ੍ਹਾਂ ਅਣਖ ਨਹੀਂ ਤੇ ਅਣਖ ਤੋਂ ਬਿਨ੍ਹਾਂ ਸਰਬੱਤ ਦਾ ਭਲਾ ਨਹੀਂ । ਸੋ ਆਉ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ 30 ਵੇ ਸ਼ਹਾਦਤ ਦਿਹਾੜੇ ਤੇ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਦੇ ਹੋਏ ਗਿਆਨ, ਸੱਚ, ਅਣਖ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਦੇਸ਼ ਲਈ ਆਪਣਾ ਬਣਦਾ ਯੋਗਦਾਨ ਪਾਈਏ ।
ਗੁਰਚਰਨ ਸਿੰਘ ਗੁਰਾਇਆ ਜਰਮਨੀ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









