ਨਵੀਂ ਦਿੱਲੀ, 26 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ। ਇਸੇ ਸੰਦਰਭ ਵਿਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਤਿੰਨ ਮੈਂਬਰੀ ਨੁਮਾਇੰਦਾ ਵਫ਼ਦ ਤਖ਼ਤ ਪਟਨਾ ਸਾਹਿਬ ਪਹੁੰਚਿਆ ਅਤੇ ਉਨ੍ਹਾਂ ਨੇ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨਾਲ ਅਹਿਮ ਮੀਟਿੰਗ ਕੀਤੀ। ਵਫਦ ਵਿਚ ਇੰਦਰਪ੍ਰੀਤ ਸਿੰਘ ਮੋਂਟੀ ਕੋਛੜ, ਜਸਪ੍ਰੀਤ ਸਿੰਘ ਵਿਕੀ ਮਾਨ ਅਤੇ ਸੁਦੀਪ ਸਿੰਘ ਸ਼ਾਮਿਲ ਸਨ। ਉਨ੍ਹਾਂ ਨੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨਾਲ ਮੁਲਾਕਾਤ ਕੀਤੀ। ਜਥੇਦਾਰ ਸਾਹਿਬ ਵੱਲੋਂ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਅਤੇ ਗਿਆਨੀ ਗੁਰਦਿਆਲ ਸਿੰਘ ਵੀ ਮੌਜੂਦ ਸਨ। ਵਫ਼ਦ ਨਾਲ ਹੋਈ ਮੀਟਿੰਗ ਦੌਰਾਨ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਗਜੋਤ ਸਿੰਘ ਸੋਹੀ, ਸਕੱਤਰ ਹਰਬੰਸ ਸਿੰਘ, ਧਰਮ ਪ੍ਰਚਾਰ ਚੇਅਰਮੈਨ ਮਹਿੰਦਰਪਾਲ ਸਿੰਘ ਢਿੱਲੋਂ, ਮੈਂਬਰ ਰਾਜਾ ਸਿੰਘ, ਹਰਪਾਲ ਸਿੰਘ ਜੋਹਲ, ਸੁਪਰਿੰਟੈਂਡੈਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ, ਪਪੀੰਦਰ ਸਿੰਘ, ਦਲੀਪ ਸਿੰਘ ਪਟੇਲ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਸ੍ਰੀ ਜਗਜੋਤ ਸਿੰਘ ਸੋਹੀ ਅਤੇ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭੇਜੇ ਨੁਮਾਇੰਦੇ ਵਫ਼ਦ ਨਾਲ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ ਕਿ ਤਖ਼ਤ ਪਟਨਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਜਾਵੇਗਾ, ਜੋ ਕਿ 23 ਨਵੰਬਰ ਨੂੰ ਦਿੱਲੀ ਦੇ ਲਾਲ ਕਿਲੇ ਵਿਖੇ ਸਮਾਪਤ ਹੋਏਗਾ। ਨਗਰ ਕੀਰਤਨ ਵਿੱਚ ਗੁਰੂ ਸਾਹਿਬਾਨ ਦੇ ਰੂਪ ਦੇ ਨਾਲ ਨਾਲ ਪੁਰਾਤਨ ਸ਼ਸਤਰ ਵੀ ਹੋਣਗੇ, ਜਿਨ੍ਹਾਂ ਦੇ ਦਰਸ਼ਨ ਸੰਗਤ ਕਰ ਸਕੇਗੀ। ਨਾਲ ਹੀ ਸ਼ਬਦ ਕੀਰਤਨ ਦੀ ਸੇਵਾ ਲਈ ਰਾਗੀ ਜਥੇ ਤੇ ਪ੍ਰਚਾਰਕ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਤਖ਼ਤ ਪਟਨਾ ਸਾਹਿਬ ਤੋਂ ਚਲ ਕੇ ਰਾਜਗੀਰ, ਗਯਾ, ਸਾਸਾਰਾਮ, ਬਨਾਰਸ, ਪ੍ਰਯਾਗਰਾਜ, ਕਾਨਪੁਰ, ਲਖਨਉ, ਆਗਰਾ ਰਾਹੀਂ ਹੋਂਦਿਆ ਹੋਇਆ ਦਿੱਲੀ ਦੇ ਲਾਲ ਕਿਲੇ ‘ਤੇ ਸਮਾਪਤ ਹੋਏਗਾ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।