ਅੰਮ੍ਰਿਤਸਰ, 31 ਮਈ : ਜਥੇਦਾਰ ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਤਲਵੰਡੀ ਬਖਤਾ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਭਾਜਪਾ ਅਤੇ ਆਰਐਸਐਸ ਦੇ ਪਿੱਠੂ ਬਣ ਕੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਖ਼ਾਲਸਾ ਪੰਥ ਵਿੱਚ ਟਕਰਾਅ ਪੈਦਾ ਨਾ ਕਰੇ। ਜ਼ਿਕਰਯੋਗ ਹੈ ਕਿ ਬਾਬਾ ਧੁੰਮਾਂ ਨੇ ਕਿਹਾ ਹੈ ਕਿ ਜੇਕਰ ਜਥੇਦਾਰ ਕੁਲਦੀਪ ਸਿੰਘ ਗੜਗੱਜ 6 ਜੂਨ ਨੂੰ ਘੱਲੂਘਾਰੇ ਦਿਹਾੜੇ ਉੱਤੇ ਸੰਦੇਸ਼ ਜਾਰੀ ਕਰਨਗੇ ਤਾਂ ਉਹਨਾਂ ਦਾ ਮਹਿਤੇ ਜਥੇ ਵੱਲੋਂ ਵਿਰੋਧ ਕੀਤਾ ਜਾਵੇਗਾ, ਜਿਸ ਦੇ ਜਵਾਬ ‘ਚ ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੇਕਰ ਬਾਬੇ ਧੁੰਮੇ ਦੀ ਇਸ ਹਰਕਤ ਕਾਰਨ ਉਥੇ ਸਿੱਖਾਂ ਵਿੱਚ ਕੋਈ ਤਕਰਾਰ ਅਤੇ ਖੂਨੀ ਟਕਰਾਅ ਪੈਦਾ ਹੋਇਆ ਤਾਂ ਉਸਦੇ ਜ਼ਿੰਮੇਵਾਰ ਬਾਬਾ ਧੁੰਮਾ ਹੋਣਗੇ। ਭਾਈ ਲਹਿਣਾ ਸਿੰਘ ਨੇ ਕਿਹਾ ਕਿ ਬਾਬਾ ਧੁੰਮਾ ਪਹਿਲਾਂ ਬਾਦਲਾਂ ਦਾ ਪਿਛਲੱਗ ਬਣਿਆ ਰਿਹਾ ਤੇ ਉਸਨੇ ਦਮਦਮੀ ਟਕਸਾਲ ਦੀ ਆਨ ਸ਼ਾਨ ਨੂੰ ਰੋਲਿਆ ਅਤੇ ਸਿੱਖੀ ਸਿਧਾਂਤਾਂ ਦਾ ਘੋਰ ਅਪਮਾਨ ਕੀਤਾ ਤੇ ਹੁਣ ਤਾਂ ਬਾਬਾ ਧੁੰਮਾ ਸਿੱਧਮ ਸਿੱਧਾ ਭਾਜਪਾ ਦੀ ਝੋਲੀ ਵਿੱਚ ਪੈ ਚੁੱਕਾ ਹੈ ਅਤੇ ਭਾਜਪਾ ਵੱਲੋਂ ਦਿੱਤੇ ਏਜੰਡੇ ਅਨੁਸਾਰ ਹੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਦਾ ਵਿਰੋਧ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਾਬਾ ਧੁੰਮਾ ਆਖਦੇ ਹਨ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਚੋਰੀ ਛੁਪੇ ਹਨੇਰੇ ਵਿੱਚ ਦਸਤਾਰਬੰਦੀ ਕੀਤੀ ਗਈ ਹੈ ਤਾਂ ਫਿਰ ਬਾਬਾ ਧੁੰਮਾ ਆਪਣੇ ਅੰਦਰ ਵੀ ਝਾਤ ਮਾਰਨ, ਬਾਬੇ ਧੁੰਮੇ ਨੇ ਵੀ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਗੁੰਮਰਾਹ ਕਰਕੇ ਅਤੇ ਚੋਰੀ ਛਿਪੇ ਰਾਤ ਨੂੰ ਹੀ ਪੱਗ ਬੰਨਵਾ ਲਈ ਸੀ। ਉਹਨਾਂ ਕਿਹਾ ਕਿ ਖਾਲਸਾ ਪੰਥ ਉੱਤੇ ਪਹਿਲਾਂ ਹੀ ਚਾਰੇ ਪਾਸਿਓਂ ਹਮਲੇ ਹੋ ਰਹੇ ਹਨ, ਪੰਥ ਨੂੰ ਅਨੇਕਾਂ ਦਰਪੇਸ਼ ਮੁਸ਼ਕਲਾਂ ਹਨ, ਉਹਨਾਂ ਵੱਲ ਧਿਆਨ ਦੇਣ ਦੀ ਬਜਾਏ ਬਾਬਾ ਧੁੰਮਾ ਖਾਨਾ ਜੰਗੀ ਕਰਵਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਬਾਬਾ ਧੁੰਮਾ ਭਾਜਪਾ ਨੂੰ ਖੁਸ਼ ਕਰਨ ਲਈ 6 ਜੂਨ ਨੂੰ ਘੱਲੂਘਾਰੇ ਦਿਹਾੜੇ ਨੂੰ ਖਰਾਬ ਕਰਦਾ ਹੈ ਤਾਂ ਖਾਲਸਾ ਪੰਥ ਅਤੇ ਪੰਥਕ ਜਥੇਬੰਦੀਆਂ ਇਸਦਾ ਡਟਵਾਂ ਵਿਰੋਧ ਕਰਨਗੀਆਂ। ਭਾਈ ਲਹਿਣਾ ਸਿੰਘ ਨੇ ਇਹ ਵੀ ਕਿਹਾ ਕਿ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨਾਲ ਮਤਭੇਦ, ਵਖਰੇਵੇਂ ਅਤੇ ਅਸਹਿਮਤੀ ਹੋਣੀ ਆਮ ਗੱਲ ਹੈ ਪਰ ਛੇ ਜੂਨ ਵਾਲੇ ਬਾਬਾ ਧੁੰਮਾਂ ਵੱਲੋਂ ਦਿਨ ਕੌਮ ਦਾ ਜਲੂਸ ਕੱਢਣਾ ਇਹ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









