ਚੰਡੀਗੜ੍ਹ, 22 ਅਪਰੈਲ ਪੰਜਾਬ ਸਰਕਾਰ ਨੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਦੀ ਦੇਖਭਾਲ ਕਰਦਿਆਂ ਚਾਈਲਡ ਕੇਅਰ ਲੀਵ ਦੇ ਪ੍ਰਬੰਧਾਂ ਵਿੱਚ ਸੋਧ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਸਿਫਾਰਿਸ਼ ਕੀਤੀ ਕਿ ਚਾਈਲਡ ਕੇਅਰ ਲੀਵ ਦਾ ਲਾਭ ਹੁਣ ਇਕੱਲੇ ਪਿਤਾ ਨੂੰ ਵੀ ਮਿਲ ਸਕੇਗਾ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਗੰਭੀਰ ਅਪਾਹਜਤਾ ਵਾਲੇ 40 ਫ਼ੀਸਦੀ ਅਪਾਹਜ ਬੱਚਿਆਂ ਲਈ 18 ਸਾਲ ਦੀ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ। ਸ੍ਰੀ ਚੀਮਾ ਨੇ ਕਿਹਾ ਕਿ ਇਹ ਸੋਧਾਂ ਕੰਮਕਾਜੀ ਮਾਪਿਆਂ, ਖਾਸ ਤੌਰ ’ਤੇ ਬੱਚਿਆਂ ਦੀ ਦੇਖਭਾਲ ਦੀਆਂ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਮਾਪਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਚਾਈਲਡ ਕੇਅਰ ਲੀਵ ਪਾਲਿਸੀ ਸਿਰਫ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਬੱਚੇ ਵਾਲੀਆਂ ਮਹਿਲਾ ਸਰਕਾਰੀ ਕਰਮਚਾਰੀਆਂ ਲਈ ਸੀ।
ਇਸ ਸੁਵਿਧਾ ਨੇ ਕੰਮਕਾਜੀ ਮਾਵਾਂ ਨੂੰ ਭਾਵੇਂ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ, ਪਰ ਇਹ ਸਹੂਲਤ ਵਿਭਿੰਨ ਪਰਿਵਾਰਕ ਢਾਂਚਿਆਂ ਅਤੇ ਖਾਸ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਇਕੱਲੇ ਪਿਤਾ ਅਤੇ ਗੰਭੀਰ ਅਪਾਹਜਤਾ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਦਰਪੇਸ਼ ਚੁਣੌਤੀਆਂ ਲਈ ਨਾਕਾਫੀ ਸੀ। ਇਸ ਲਈ ਸੂਬਾ ਸਰਕਾਰ ਨੇ ਚਾਈਲਡ ਕੇਅਰ ਲੀਵ ਦੇ ਪ੍ਰਬੰਧਾਂ ਵਿੱਚ ਦੋ ਅਹਿਮ ਸੋਧਾਂ ਪੇਸ਼ ਕੀਤੀਆਂ ਹਨ।
ਪਹਿਲੀ ਸੋਧ ਵਿੱਚ ਚਾਈਲਡ ਕੇਅਰ ਲੀਵ ਦਾ ਲਾਭ ਹੁਣ ਇਕੱਲੇ ਪੁਰਸ਼ ਮਾਪੇ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਉਹ ਵਿਅਕਤੀ ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੋਵੇ ਜਾਂ ਤਲਾਕਸ਼ੁਦਾ ਪਿਤਾ ਅਤੇ ਅਣਵਿਆਹੇ ਪਿਤਾ ਸ਼ਾਮਲ ਹਨ। ਦੂਜੀ ਸੋਧ ਤਹਿਤ ਸਰਕਾਰ ਨੇ ਗੰਭੀਰ ਅਪਾਹਜਤਾ ਵਾਲੇ 40 ਪ੍ਰਤੀਸ਼ਤ ਅਪਾਹਜ ਬੱਚਿਆਂ ਲਈ 18 ਸਾਲ ਦੀ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









