ਫ਼ਖ਼ਰ-ਏ-ਕੌਮ ਖ਼ਿਤਾਬ ਵਾਪਸ ਲੈਣਾ ਤੇ ਗੁਨਾਹ ਕਬੂਲ ਕਰਵਾਉਣੇ ਸ਼ਲਾਘਾਯੋਗ
ਅੰਮ੍ਰਿਤਸਰ, 2 ਦਸੰਬਰ ( ਖਿੜਿਆ ਪੰਜਾਬ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਅੱਜ ਖ਼ਾਲਸਾ ਪੰਥ ਦੀ ਜਿੱਤ ਤੇ ਬਾਦਲਕਿਆਂ ਦੀ ਹਾਰ ਹੋਈ ਹੈ। ਸਮੁੱਚੇ ਪੰਥ ਦੀਆਂ ਨਜ਼ਰਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਵੱਲ ਸੀ। ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰ ਏ ਕੌਮ ਤੇ ਪੰਥ ਰਤਨ ਦਾ ਖ਼ਿਤਾਬ ਵਾਪਸ ਲੈ ਕੇ ਅਤੇ ਪੰਥ ਦੇ ਗ਼ਦਾਰ ਸੁਖਬੀਰ ਸਿੰਘ ਬਾਦਲ ਤੋਂ ਗੁਨਾਹ ਕਬੂਲ ਕਰਵਾ ਕੇ ਸ਼ਲਾਘਾਯੋਗ ਫੈਸਲਾ ਲਿਆ ਹੈ, ਪਰ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਵੱਡੇ ਗੁਨਾਹ ਕੀਤੇ ਸਨ ਉਸ ਹਿਸਾਬ ਨਾਲ ਤਨਖਾਹ ਬਹੁਤ ਮਾਮੂਲੀ ਲੱਗੀ ਹੈ, ਇਸ ਨਾਲ ਸੰਗਤਾਂ ਸੰਤੁਸ਼ਟ ਨਹੀਂ ਹਨ। ਜਦੋਂ ਸੁਖਬੀਰ ਸਿੰਘ ਬਾਦਲ ਨੇ ਇੰਨੇ ਵੱਡੇ ਪਾਪ ਗੁਨਾਹ ਅਤੇ ਗਲਤੀਆਂ ਕਬੂਲ ਕੀਤੀਆਂ ਹਨ ਤਾਂ ਉਸ ਨੂੰ ਫਿਰ ਵੀ ਵਿਚਲਾ ਰਾਹ ਕੱਢ ਕੇ ਸੁਰਖਰੂ ਕਰ ਦੇਣਾ ਇਹ ਮਨਜ਼ੂਰ ਨਹੀਂ ਹੈ, ਜਥੇਦਾਰਾਂ ਨੂੰ ਚਾਹੀਦਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਖ਼ਾਲਸਾ ਪੰਥ ਵਿੱਚੋਂ ਛੇਕ ਦਿੰਦੇ ਤੇ ਹੋਰਾਂ ਆਗੂਆਂ ਖ਼ਿਲਾਫ਼ ਵੀ ਹੋਰ ਸਖ਼ਤ ਫੈਸਲਾ ਲੈਂਦੇ। ਸੁਖਬੀਰ ਸਿੰਘ ਬਾਦਲ ਨੂੰ ਪੰਥਕ ਅਤੇ ਪੰਜਾਬ ਦੀ ਸਿਆਸਤ ਕਰਨ ਦਾ ਤੇ ਗੁਰਧਾਮਾਂ ਦਾ ਪ੍ਰਬੰਧ ਸੰਭਾਲਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ, ਇਸ ਨੂੰ ਵਿਰਸਾ ਸਿੰਘ ਵਲਟੋਹਾ ਵਾਂਗ ਹੀ ਘੱਟੋ ਘੱਟ 10 ਸਾਲ ਲਈ ਪਰੇ ਕਰ ਦੇਣਾ ਚਾਹੀਦਾ ਸੀ।
ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸੀਂ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ, ਕਿਉਂਕਿ ਜਥੇਦਾਰਾਂ ਤੋਂ ਐਨੀ ਵੀ ਆਸ ਨਹੀਂ ਸੀ, ਲੰਬੇ ਸਮੇਂ ਤੋਂ ਬਾਦਲ ਦਲ ਨੇ ਤਖਤਾਂ ਤੇ ਜਥੇਦਾਰ ਤੋਂ ਤਾਕਤ ਖੋਹੀ ਹੋਈ ਸੀ ਤੇ ਉਹਨਾਂ ਨੂੰ ਆਪਣੇ ਸਿਆਸੀ ਮਕਸਦ ਲਈ ਵਰਤਿਆ ਜਾਂਦਾ ਸੀ। ਉਹਨਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਬਾਦਲ ਦਲ ਨੇ ਖਾਲਸਾ ਪੰਥ ਨੂੰ ਬਹੁਤ ਵੱਡਾ ਸੰਤਾਪ ਦਿੱਤਾ ਸੀ, ਧਾਰਮਿਕ ਅਤੇ ਰਾਜਸੀ ਘਾਣ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੁਸ਼ਟਾਂ ਨੂੰ ਬਚਾਇਆ, ਬਲਾਤਕਾਰੀ ਸਿਰਸੇ ਵਾਲੇ ਨੂੰ ਮਾਫੀ ਦਿਵਾਈ, ਗੁਰੂ ਘਰ ਦੀਆਂ ਗੋਲਕਾਂ ਦੀ ਦੁਰਵਰਤੋਂ ਕੀਤੀ, ਸਿੱਖਾਂ ਦੇ ਕਾਤਲ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਵੱਕਾਰ ਰੋਲਿਆ, ਸਿੰਘਾਂ ਨੂੰ ਸ਼ਹੀਦ ਕੀਤਾ ਤੇ ਪੰਥਕ ਸਿਧਾਂਤਾਂ ਦੀ ਰੱਜ ਕੇ ਖਿੱਲੀ ਉਡਾਈ ਇਸ ਲਈ ਇਹਨਾਂ ਦੇ ਗੁਨਾਹ ਬਖਸ਼ਣਯੋਗ ਨਹੀਂ ਹਨ। ਜਦੋਂ ਖਾਲਸਾ ਪੰਥ, ਸਿੱਖ ਸੰਗਤਾਂ ਅਤੇ ਪੰਥਕ ਧਿਰਾਂ ਸੁਖਬੀਰ ਸਿੰਘ ਬਾਦਲ ਦੇ ਪੰਥ ਵਿਰੋਧੀ ਕਾਰਿਆਂ ਦਾ ਵਿਰੋਧ ਕਰਦੀਆਂ ਸਨ ਤਾਂ ਇਹਨਾਂ ਦੇ ਹਮਾਇਤੀ, ਪੰਥਕ ਗੁਰਸਿੱਖਾਂ ਨੂੰ ਬੇਹੱਦ ਮੰਦਾ ਬੋਲਦੇ ਸਨ, ਕਾਂਗਰਸੀ ਆਖਦੇ ਸਨ ਤੇ ਜੇਲ੍ਹਾਂ ਵਿੱਚ ਤੁੰਨ ਦਿੰਦੇ ਸਨ ਪਰ ਅੱਜ ਸੱਚ ਦੇ ਡੰਕੇ ਵੱਜੇ ਹਨ ਤੇ ਝੂਠਿਆਂ ਦੇ ਮੂੰਹ ਕਾਲੇ ਹੋਏ ਹਨ। ਉਹਨਾਂ ਕਿਹਾ ਕਿ ਬਾਦਲ ਸੈਨਾ ਨੂੰ ਵੀ ਹੁਣ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਜੋ ਉਹ ਬਾਦਲਕਿਆਂ ਦੇ ਪੰਥ ਵਿਰੋਧੀ ਕਾਰਿਆਂ ਦੀ ਅੰਨ੍ਹੀ ਹਮਾਇਤ ਕਰਦੇ ਹੁੰਦੇ ਸੀ, ਬਾਦਲਾਂ ਨੂੰ ਦੁੱਧ ਧੋਤੇ ਦੱਸਦੇ ਸਨ, ਉਲਟਾ ਪੰਥਕ ਗੁਰਸਿੱਖਾਂ ਨੂੰ ਭੰਡਦੇ ਸਨ ਪਰ ਸੱਚੇ ਪਾਤਸ਼ਾਹ ਨੇ ਇਨਸਾਫ ਕੀਤਾ ਤੇ ਬਾਦਲ ਦਲ ਦੇ ਸਿਰ ਵਿੱਚ ਸਵਾਹ ਪਈ ਹੈ। ਉਹਨਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਹੀ ਆਵਾਜ਼ ਉਠਾਉਂਦੇ ਆ ਰਹੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰੇ ਕੌਮ ਖਿਤਾਬ ਵਾਪਸ ਲਿਆ ਜਾਵੇ ਕਿਉਂਕਿ ਇਹ ਵਿਅਕਤੀ ਤਾਂ ਪੰਥ ਅਤੇ ਪੰਜਾਬ ਦਾ ਸਭ ਤੋਂ ਵੱਡਾ ਗੱਦਾਰ ਹੈ, ਇਸ ਨੇ ਤਾਂ ਪੂਰੀ ਕੌਮ ਨੂੰ ਫਿਕਰਾਂ ‘ਚ ਪਾਈ ਰੱਖਿਆ ਤੇ ਇਹ ਲੋਟੂ ਟੋਲਾ ਹੈ।
ਫੈਡਰੇਸ਼ਨ ਚੀਫ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਵੀ ਕਿਹਾ ਕਿ ਬਾਦਲ ਦਲ ਜਦੋਂ ਸੱਤਾ ਵਿੱਚ ਸੀ ਤਾਂ ਇਸ ਦਾ ਹੰਕਾਰ ਸੱਤਵੇਂ ਅਸਮਾਨ ਉੱਤੇ ਸੀ, ਪਰ ਹੁਣ ਇਹਨਾਂ ਦੀ ਅਕਲ ਜਰੂਰ ਟਿਕਾਣੇ ਆਏਗੀ, ਇਹ ਭੁੱਲ ਜਾਣ ਕਿ ਹੁਣ ਇਹ ਸੰਗਤਾਂ ਵਿੱਚ ਵਿਚਰ ਸਕਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸੰਗਤ ਭਾਵੇਂ ਖੁੱਲ ਕੇ ਅੱਜ ਦੇ ਫੈਸਲੇ ਦਾ ਵਿਰੋਧ ਚਾਹੇ ਨਾ ਕਰੇ ਪਰ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਜੁੰਡਲੀ ਦਾ ਸੰਗਤ ਲਗਾਤਾਰ ਵਿਰੋਧ ਕਰਦੀ ਰਹੇਗੀ ਤੇ ਇਹਨਾਂ ਨੂੰ ਭਵਿੱਖ ਵਿੱਚ ਵੀ ਸਿਆਸੀ ਨੁਕਸਾਨ ਝੱਲਣਾ ਪਵੇਗਾ। ਉਹਨਾਂ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਇਹ ਕਹਿ ਦਿੱਤਾ ਹੈ ਪੰਥਕ ਅਖਵਾਉਂਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਥ ਵਿਰੋਧੀ ਕਾਰੇ ਕੀਤੇ ਹਨ ਜੋ ਬਹੁਤ ਸ਼ਰਮਨਾਕ ਗੱਲ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।