ਜਰਮਨੀ 23 ਨਵੰਬਰ (ਖਿੜਿਆ ਪੰਜਾਬ) ਮੂਲ ਨਾਨਕਸ਼ਾਹੀ ਕਲੰਡਰ ਅਨੁਸਾਰ 11 ਮੱਘਰ 24 ਨਵੰਬਰ ਨੂੰ ਵਿਪਰਵਾਦੀ ਕਲੰਡਰ ਨੂੰ ਤਿਲਾਂਜਲੀ ਦੇਣ ਵਾਲੀ ਸਿੱਖ ਕੌਮ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੂਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ । ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਤੇ ਧਰਮਾਂ ਦੇ ਇਤਿਹਾਸ ਵਿੱਚ ਇੱਕ ਖਾਸ ਮਹੱਤਤਾ ਰੱਖਦੀ ਹੈ । ਗੁਰੂ ਸਾਹਿਬ ਜੀ ਦੀ ਕੁਰਬਾਨੀ ਧਰਮ ਦੀ ਅਜ਼ਾਦੀ, ਧਰਮ ਦੀ ਰੱਖਿਆ ਤੇ ਇੱਕ ਆਦਰਸ਼ਕ ਪੁਰਸ਼ ਦੀ ਧਾਰਮਿਕ ਦ੍ਰਿੜਤਾ ਤੇ ਉੱਚੇ ਸੁੱਚੇ ਸਿਧਾਂਤਾਂ ਦੀ ਇੱਕ ਅਨੋਖੀ ਮਿਸਾਲ ਹੈ । ਜਿੱਥੇ ਸਿੱਖ ਕੌਮ ਨੂੰ ਇਸ ਸ਼ਹਾਦਤ ਵਿੱਚੋਂ ਕਿਸੇ ਵੀ ਜ਼ਾਲਮ ਦੇ ਜ਼ੁਲਮ ਦੇ ਦਬਾ ਹੇਠ ਨਾ ਝੁਕਣ ਦੀ ਪ੍ਰੇਰਨਾ ਮਿਲਦੀ ਹੈ ਉੱਥੇ ਸਮੁੱਚੀ ਮਨੁੱਖਤਾ ਨੂੰ ਧਾਰਮਿਕ ਅਜ਼ਾਦੀ ਦੇ ਸੁਨਿਹਰੀ ਅਸੂਲ ਦੇ ਸੰਕਲਪ ਦਾ ਸੁਨੇਹਾ ਮਿਲਦਾ ਹੈ । ਕਿਸੇ ਦੂਸਰੇ ਧਰਮ ਦੀ ਰੱਖਿਆ ਲਈ ਦਿੱਤੀ ਗਈ ਇਸ ਅਸੂਲੀ ਕੁਰਬਾਨੀ ਦੀ ਪੂਰੀ ਦੁਨੀਆਂ ਦੇ ਇਤਿਹਾਸ ਵਿੱਚ ਇਹ ਵਿਲੱਖਣ ਮਿਸਾਲ ਹੈ ।
ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਿੱਖ ਧਰਮ ਦੀ ਬੁਨਿਆਦ ਹੀ “ਇੱਕ” ਦੇ ਸਿਧਾਂਤ ਤੇ ਰੱਖੀ ਗਈ ਸੀ । ਜਾਤ ਪਾਤ ਤੇ ਰੰਗ ਨਸਲ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਪੂਰੀ ਮਨੱਖਤਾ ਦੀ ਬਰਾਬਰੀ ਦਾ ਸਿਧਾਂਤ ਸਿੱਖ ਕੌਮ ਦੀ ਬੁਨਿਆਦ ਹੈ । ਨਾ ਕੋ ਹਿੰਦੂ ਤੇ ਨਾ ਕੋ ਮੁਸਲਮਾਨ ਦਾ ਨਾਅਰਾ ਦੇ ਕੇ ਸਤਿਗੁਰੂ ਜੀ ਨੇ ਸਰਬ ਸਾਂਝੀਵਾਲਤਾ ਦਾ ਸੁਨਿਹਰਾ ਸਿਧਾਂਤ ਦਿੱਤਾ । ਸਿੱਖ ਕੌਮ ਦੇ ਇਹ ਸੁਨਿਹਰੀ ਅਸੂਲ ਹੀ ਸਨ ਜਿਨ੍ਹਾਂ ਦੀ ਵਜ੍ਹਾ ਕਰਕੇ ਜਦ ਔਰੰਗਜ਼ੇਬ ਦੇ ਹਿੰਦੂ ਧਰਮ ਖਿਲਾਫ ਜੁਲਮਾਂ ਦੀ ਸਿਖਰ ਹੋ ਗਈ ਤੇ ਕੋਈ ਕਸ਼ਮੀਰੀ ਪੰਡਤਾ ਦੀ ਬਾਂਹ ਫੜਨ ਵਾਲਾ ਨਾ ਮਿਲਿਆ ਤਾਂ ਉਹ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕੋਲ ਆਪਣੇ ਧਰਮ ਨੂੰ ਬਚਾਉਣ ਦੀ ਫਰਿਆਦ ਲੈ ਕੇ ਆਏ । ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਅਸੂਲਾਂ ਮੁਤਾਬਕ “ਧਰਮ” ਦੀ ਰੱਖਿਆ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਦਾ ਫੈਸਲਾ ਕੀਤਾ । ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਦੇਸ਼ ਅੰਦਰ ਵਿਚਰਦਿਆਂ ਲੋਕਾਈ ਨੂੰ ਧਰਮ ਵਿੱਚ ਪ੍ਰਪੱਕ ਰਹਿਣ ਅਤੇ ਜ਼ੁਲਮ ਦੀ ਝੁਲਦੀ ਹਨੇਰੀ ਅੱਗੇ ਨਿਰਭੈ ਰਹਿਣ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ । ਜ਼ਾਲਮ ਔਰੰਗਜ਼ੇਬ ਇਹ ਬਰਦਾਸ਼ਤ ਨਾ ਕਰ ਸਕਿਆ ਤੇ ਉਸ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ । ਅੱਜ ਦੇ ਦਿਹਾੜੇ ਸੰਨ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਗੁਰੂ ਤੇਗ ਬਹਾਦਰ ਜੀ ਨੂੰ ਆਪ ਜੀ ਦੇ ਤਿੰਨ ਸਿੱਖਾਂ ਭਾਈ ਮਤੀ ਦਾਸ ਜੀ , ਭਾਈ ਸਤੀ ਦਾਸ ਜੀ , ਤੇ ਭਾਈ ਦਿਆਲ ਜੀ ਸਮੇਤ ਸ਼ਹੀਦ ਕਰ ਦਿੱਤਾ ।
ਜਿਸ ਹਿੰਦੂਤਵਾ ਕੌਮ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਸੀ ਮੌਜੂਦਾ ਸਮੇਂ ਵਿੱਚ ਉਹ ਕੌਮ ਸਤਾ ਵਿੱਚ ਹੋਣ ਕਰਕੇ ਸਿੱਖ ਧਰਮ ਨੂੰ ਜੜੋਂ ਖਤਮ ਕਰਨ ਤੇ ਤੁਲੀ ਹੋਈ ਹੈ । ਬ੍ਰਾਹਮਣਵਾਦ ਸਿੱਖ ਕੌਮ ਦੀ ਹੋਂਦ ਤੋਂ ਹੀ ਸਿੱਖੀ ਦੇ ਅਸੂਲਾਂ ਤੋਂ ਭੈ ਖਾ ਕੇ ਉਸ ਨੂੰ ਖਤਮ ਕਰਨ ਲਈ ਤਤਪਰ ਰਿਹਾ ਹੈ ਪਰ ਮੌਜੂਦਾ ਸਮੇਂ ਵਿੱਚ ਉਹ ਸਤਾ ਵਿੱਚ ਹੋਣ ਕਰਕੇ ਆਪਣਾ ਜ਼ਾਲਮ ਤੇ ਕਰੂਪ ਚਿਹਰਾ ਸਿੱਖ ਕੌਮ ਨੂੰ ਦਿਖਾ ਰਿਹਾ ਹੈ । ਬ੍ਰਾਹਮਣਵਾਦ ਦਾ ਪੂਰਾ ਜ਼ੋਰ ਹੈ ਕਿ ਉਹ ਜਾਂ ਤਾਂ ਸਿੱਖ ਕੌਮ ਨੂੰ ਖਤਮ ਕਰ ਦੇਣ ਜਾਂ ਇਸ ਨੂੰ ਆਪਣੇ ਧਰਮ ਅੰਦਰ ਜਜ਼ਬ ਕਰ ਲੈਣ ।ਆਪਣੇ ਇਸ ਮਕਸਦ ਦੀ ਪ੍ਰਾਪਤੀ ਲਈ ਉਸ ਨੇ ਦੋ ਧਾਰੀ ਮੁਹਿੰਮ ਵਿੱਢੀ ਹੈ । ਬਾਹਰੀ ਤੌਰ ਤੇ ਸਿੱਖ ਧਰਮ ਤੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਅੰਦਰੂਨੀ ਤੌਰ ਤੇ ਆਰ ਐਸ ਐਸ ਵਰਗੀਆਂ ਜਥੇਬੰਦੀਆਂ ਰਾਹੀਂ ਸਿੱਖ ਕੌਮ ਨੂੰ ਆਪਣੇ ਵਿੱਚ ਜਜ਼ਬ ਕਰਨ ਲਈ ਲੁਕਵੇਂ ਵਾਰ ਕੀਤੇ ਗਏ । ਇਹਨਾਂ ਵਾਰਾਂ ਦੀ ਕਾਮਯਾਬੀ ਹੈ ਕਿ ਬ੍ਰਾਹਣਵਾਦੀ ਤਾਕਤਾਂ ਮਾਰੀ ਕੁੱਟੀ ਤੇ ਲਿਤਾੜੀ ਕੌਮ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਗਈਆਂ ਹਨ । ਇਸ ਕਰਕੇ ਹੀ ਸਮੁੱਚੀ ਮਨੁੱਖਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਦਾ ਸੁਨੇਹਾ ਦਿੰਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਹਿੰਦੂ ਧਰਮ ਲਈ ਦਿੱਤੀ ਕੁਰਬਾਨੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ । ਬ੍ਰਾਹਮਣਵਾਦੀ ਸੋਚ ਦੇ ਭਗਤ ਸਿੱਖ ਕੌਮ ਦੀ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਚੁੱਪ ਚਾਪ ਬ੍ਰਾਹਮਣ ਦੀ ਹਾਂ ਵਿੱਚ ਹਾਂ ਮਿਲਾ ਕੇ ਇਸ ਮਹਾਨ ਕੁਰਬਾਨੀ ਦਾ ਮਾਣ ਘਟਾ ਰਹੀ ਹੈ ।
ਸਾਹਿਬ ਸ੍ਰੀ ਗੂਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸਿੱਖ ਕੌਮ ਨੂੰ ਇਸ ਸ਼ਹਾਦਤ ਦਾ ਅਸਲ ਸਿਧਾਂਤ ਸਮੁੱਚੀ ਮਨੁੱਖਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਦਾ ਸੁਨੇਹਾ ਪੂਰੀ ਦੁਨਿਆ ਤੱਕ ਪਹੁੰਚਾਉਣਾ ਚਾਹੀਦਾ ਹੈ ਤੇ ਨਾਲ ਨਾਲ ਜ਼ੁਲਮ ਦਾ ਮੁਕਾਬਲਾ ਨਿਰਭੈ ਹੋ ਕੇ ਤੇ ਡਟ ਕੇ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ । ਇਸੇ ਵਿੱਚ ਹੀ ਸਿੱਖ ਕੌਮ ਦਾ ਤੇ ਪੂਰੀ ਮਨੁੱਖਤਾ ਦਾ ਭਲਾ ਹੈ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।