ਫਰੈਂਕਫਰਟ 5 ਨਵੰਬਰ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਵੱਲੋਂ 3 ਨਵੰਬਰ, 2024 ਨੂੰ ਮਾਲਟਨ, ਓਨਟਾਰੀਓ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਤੇ ਹੋਏ ਹਮਲੇ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਨਕਾਬਪੋਸ਼, ਭਾਰਤ ਪੱਖੀ ਹਿੰਦੁਤਵੀ ਪ੍ਰਦਰਸ਼ਨਕਾਰੀਆਂ ਦੀ ਇੱਕ ਜਨੂੰਨੀ ਭੀੜ ਨੇ ਗੁਰਦੁਆਰੇ ਉੱਤੇ ਹਮਲਾ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਜਿੱਥੇ ਸ਼ਰਧਾਲੂਆਂ ਨੂੰ ਪਰੇਸ਼ਾਨੀ ਪੈਦਾ ਹੋਈ ਉੱਥੇ ਇਸ ਭੀੜ ਵੱਲੋਂ ਗੁਰਦੁਆਰਾ ਸਾਹਿਬ ਜਿਹੇ ਪਵਿੱਤਰ ਸਥਾਨ ਦਾ ਨਿਰਾਦਰ ਕੀਤਾ ਗਿਆ। ਪੀਲ ਰੀਜਨਲ ਪੁਲਿਸ ਨੇ ਹਮਲੇ ਦਾ ਤੇਜ਼ੀ ਨਾਲ ਜਵਾਬ ਦਿੱਤਾ ਪਰ ਪੁਲਿਸ ਨੂੰ ਵੀ ਹਿੰਦੁਤਵੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ, ਨਤੀਜੇ ਵਜੋਂ ਪੁਲਿਸ ਅਫਸਰਾਂ ਨੂੰ ਸੱਟਾਂ ਲੱਗੀਆਂ। ਅਸੀਂ ਭਾਰਤ ਸਰਕਾਰ ਦੀ ਸ਼ਹਿ ਉੱਤੇ ਹਿੰਦੁਤਵੀ ਜਨੂੰਨੀ ਭੀੜ ਵੱਲੋਂ ਕੀਤੀ ਹਿੰਸਾ ਦੀ ਇਸ ਕਾਰਵਾਈ ਦੀ ਨਿੰਦਾ ਕਰਦੇ ਹਾਂ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ,ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਸਤਨਾਮ ਸਿੰਘ, ਭਾਈ ਸ਼ਿਗਾਰਾ ਸਿੰਘ ਮਾਨ ਫਰਾਂਸ ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ ਵੱਲੋ ਕਨੇਡੀਆਨ ਅਧਿਕਾਰੀਆਂ ਨੂੰ ਇਸ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕਰਨ, ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ, ਅਤੇ ਪੂਜਾ ਸਥਾਨਾਂ ਲਈ ਮਜ਼ਬੂਤ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ। ਇਹਨਾਂ ਪ੍ਰਦਰਸ਼ਨਕਾਰੀਆਂ ਦਾ ਆਚਰਣ-ਜਿਸ ਵਿੱਚ ਗੈਰ-ਕਾਨੂੰਨੀ ਸੜਕੀ ਰੁਕਾਵਟਾਂ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ, ਅਤੇ ਆਮ ਲੋਕਾਂ ਅਤੇ ਪੁਲਿਸ ਵਾਲਿਆਂ ਦੋਵਾਂ ਨੂੰ ਪਰੇਸ਼ਾਨ ਕਰਨਾ – ਸਪੱਸ਼ਟ ਤੌਰ ‘ਤੇ ਕੈਨੇਡੀਅਨ ਕਾਨੂੰਨ ਦੀ ਉਲੰਘਣਾ ਕਰਦਾ ਹੈ ਅਤੇ ਇਸਨੂੰ ਅਪਰਾਧਿਕ ਵਿਵਹਾਰ ਮੰਨਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤੀ ਨੇਤਾਵਾਂ ਦੇ ਗੁੰਮਰਾਹਕੁੰਨ ਬਿਆਨ ਜਿਸ ਵਿੱਚ ਉਹ ਸਿੱਖ ਕਾਰਕੁੰਨਾਂ ‘ਤੇ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦਾ ਗਲਤ ਦੋਸ਼ ਲਗਾ ਰਹੇ ਹਨ, ਨੂੰ ਵੀ ਸੰਬੋਧਿਤ ਹੋਣਾ ਚਾਹੁੰਦੇ ਹਾਂ। ਸਿੱਖ ਕਾਰਕੁਨ ਸ਼ਾਂਤਮਈ ਢੰਗ ਨਾਲ ਭਾਂਈ ਨਿੱਜਰ ਦੇ ਕਤਲ ਵਿੱਚ ਸ਼ਾਮਲ ਭਾਰਤੀ ਕੌਂਸਲਰ ਦੀਆਂ ਗਤੀਵਿਧੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ । ਸਿੱਖ ਪ੍ਰਦਰਸ਼ਨਕਾਰੀਆਂ ਨੇ ਕਿਸੇ ਵੀ ਪੂਜਾ ਸਥਾਨ ਨੂੰ ਨਿਸ਼ਾਨਾ ਨਹੀਂ ਬਣਾਇਆ ਬਲਕਿ ਉਹਨਾਂ ਨੂੰ ਹਿੰਦੂਆਂ ਵੱਲੋਂ ਬਿਰਤਾਂਤਕ ਅਤੇ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ। ਇਹ ਝੂਠਾ ਬਿਰਤਾਂਤ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਮ ਆਉਣ ਦੇ ਮੁੱਦੇ ਤੋਂ ਭਟਕਾਉਣ ਲਈ ਘੜਿਆ ਜਾ ਰਿਹਾ ਜਾ ਰਿਹਾ ਹੈ । ਭਾਰਤ ਸਰਕਾਰ ਵੱਲੋਂ ਆਪਣੇ ਪਾਪਾਂ ਨੂੰ ਛੁਪਾਉਣ ਦੀ ਇਸ ਕੋਝੀ ਸਾਜ਼ਿਸ਼ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ । ਵਰਲਡ ਸਿੱਖ ਪਾਰਲੀਮੈਂਟ ਕੈਨੇਡਾ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਕਦਮ ਚੁੱਕੇ ਅਤੇ ਜਨੂੰਨੀ ਹਿੰਦੁਤਵੀ ਭੀੜਾਂ ਵੱਲੋਂ ਭਵਿੱਖ ਵਿੱਚ ਕੀਤੀ ਜਾਣ ਵਾਲੀ ਕਿਸੇ ਵੀ ਹਿੰਸਾ ਨੂੰ ਸਖਤੀ ਨਾਲ ਰੋਕੇ । ਅਸੀਂ ਪੂਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਝੂਠੇ ਪ੍ਰਾਪੇਗੰਡੇ ਵਿੱਚ ਨਾ ਆਉਣ । ਹਿੰਦੂ ਮੰਦਰ ਤੇ ਹਮਲੇ ਦੀ ਗੱਲ ਕਰਕੇ ਭਾਰਤ ਸਰਕਾਰ ਵੱਲੋਂ ਮੱਗਰਮੱਛ ਦੇ ਹੰਝੂ ਹੀ ਵਹਾਏ ਜਾ ਰਹੇ ਹਨ । ਅਸੀਂ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਭਾਰਤ ਸਰਕਾਰ ਵੱਲੋਂ ਸੰਚਾਲਤ ਹਿੰਦੁਤਵੀ ਭੀੜ ਦੇ ਹਮਲੇ ਦੇ ਵਿਰੋਧ ਲਈ ਇੱਕ ਸਾਂਝਾਂ ਪ੍ਰੋਗਰਾਮ ਉਲੀਕਣ ਜਿਸ ਭਾਰਤ ਦੇ ਹਰ ਸਫਾਰਤਖਾਨੇ ਅੱਗੇ ਭਾਰਤ ਸਰਕਾਰ ਦੇ ਕਾਲੇ ਲੇਖਾਂ ਨੂੰ ਉਜਾਗਰ ਕੀਤਾ ਜਾਵੇ ਅਤੇ ਕਨੇਡਾ ਵਿੱਚ ਸਿੱਖਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾਵੇ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।