ਫਰੈਕਫੋਰਟ 19 ਅਕਤੂਬਰ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਭਗਤ ਸਿੰਘ , ਭਾਈ ਮਨਬੀਰ ਸਿੰਘ ਕਨੇਡਾ, ਭਾਈ ਜਤਿੰਦਰ ਸਿੰਘ, ਜਰਮਨੀ ,, ਭਾਈ ਜਸਵਿੰਦਰ ਸਿੰਘ ਭਾਈ ਹਰਜੀਤ ਸਿੰਘ, ਹਰਜੋਤ ਸਿੰਘ ਸੰਧੂ, ਹਾਲੈਡ, ਭਾਈ ਪਿ੍ਰਤਪਾਲ ਸਿੰਘ ਸਵਿਟਜਲੈਡ, ਭਾਈ ਸਤਨਾਮ ਸਿੰਘ, ਭਾਈ ਸ਼ਿਗਾਰਾ ਸਿੰਘ ਮਾਨ ਫਰਾਸ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਵੱਲੋਂ ਦੁਨੀਆਂ ਭਰ ਵਿੱਚ ਅਜ਼ਾਦੀ ਪਸੰਦ ਸਿੱਖਾਂ ਵਿਰੁੱਧ ਵਿੱਢੀ ਗਈ ਹਿੰਸਾ, ਜਬਰ ਅਤੇ ਅੰਤਰ-ਰਾਸ਼ਟਰੀ ਅੱਤਵਾਦ ਦੀ ਨਿਖੇਧੀ ਕਰਦੀ ਹੈ। ਨਿਊਯਾਰਕ ਵਿੱਚ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਭਾਰਤ ਸਰਕਾਰ ਦੇ ਕਰਿੰਦੇ ਅੱਤਵਾਦੀ ਵਿਕਾਸ ਯਾਦਵ ਦੀ ਸ਼ਮੂਲੀਅਤ ਦਾ ਪਰਦਾਫਾਸ਼ ਕਰਦੇ ਅਮਰੀਕੀ ਸਰਕਾਰ ਦੇ ਖੁਲਾਸੇ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਅੰਬੈਸੀ ਦੇ ਕਰਿੰਦਿਆਂ ਦਾ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਭਾਰਤ ਸਰਕਾਰ ਦੁਨੀਆ ਦੇ ਕਾਨੂੰਨ ਛਿੱਕੇ ਟੰਗ ਕੇ ਸਿੱਖਾਂ ਨੂੰ ਆਪਣੇ ਜ਼ੁਲਮ ਦਾ ਨਿਸ਼ਾਨਾ ਬਨਾਉਣ ਤੇ ਉਤਾਰੂ ਹੈ ।
ਅਸੀਂ ਅਮਰੀਕਾ ਅਤੇ ਕੈਨੇਡਾ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਕਰਿੰਦਿਆ ਨੂੰ ਸਿੱਖਾਂ ਦੇ ਕਤਲਾਂ ਦੇ ਦੋਸ਼ੀ ਠਹਿਰਾਉਣ ਦੀ ਸ਼ਲਾਘਾ ਕਰਦੇ ਹਾਂ । ਕਨੇਡਾ ਸਰਕਾਰ ਵੱਲੋਂ ਭਾਰਤੀ ਡਿਪਲੋਮੈਟਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਿਆ ਜਾਣਾ ਭਾਰਤ ਸਰਕਾਰ ਦੀਆਂ ਗੈਰਕਾਨੂੰਨੀ ਕਾਰਵਾਈਆਂ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ । ਭਾਰਤ ਸਰਕਾਰ ਵੱਲੋਂ ਅੰਜਾਮ ਦਿੱਤੀਆਂ ਗਈਆਂ ਇਹ ਕੋਈ ਇਕੱਲੀਆਂ ਦੁਕੱਲੀਆਂ ਘਟਨਾਵਾਂ ਨਹੀਂ ਹਨ ਬਲਕਿ ਅੰਤਰਰਾਸ਼ਟਰੀ ਨਿਯਮਾਂ ਦੀ ਘੋਰ ਉਲੰਘਣਾ ਕਰਦਿਆਂ ਵਿਦੇਸ਼ੀ ਧਰਤੀ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਨਾਉਣ ਦੀਆਂ ਇਹ ਤਾਜ਼ਾ ਹਰਕਤਾਂ ਭਾਰਤ ਸਰਕਾਰ ਦੀ ਸਿੱਖਾਂ ਦੀ ਹੱਕੀ ਅਵਾਜ਼ ਨੂੰ ਹਿੰਸਾ ਅਤੇ ਜਬਰ ਨਾਲ ਦਬਾਉਣ ਦੀ ਇੱਕ ਵਿਆਪਕ ਮੁਹਿੰਮ ਦਾ ਹਿੱਸਾ ਹਨ ਜਿਸਦਾ ਉਦੇਸ਼ ਸਿੱਖ ਸਵੈ-ਨਿਰਣੇ ਦੀ ਵਕਾਲਤ ਕਰਨ ਵਾਲੀਆਂ ਆਵਾਜ਼ਾਂ ਨੂੰ ਦਬਾਉਣਾ ਹੈ ।
ਸਿੱਖ ਕੌਮ ਦੀ ਭਾਰਤ ਦੇ ਚੁੰਗਲ ਵਿੱਚੋਂ ਨਿਕਲਣ ਅਤੇ ਆਪਣੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਹੱਕੀ ਹੈ ਤੇ ਇਹ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਜਾਇਜ਼ ਵੀ ਹੈ ਅਤੇ ਸਿੱਖੀ ਦੀਆਂ ਧਾਰਮਿਕ ਪ੍ਰੰਪਰਾਵਾਂ ਦੇ ਅਨੁਸਾਰੀ ਵੀ ਹੈ । ਬ੍ਰਾਹਮਣਵਾਦੀ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਹੱਕੀ ਮੰਗਾਂ ਦੀ ਜੱਦੋ ਜਹਿਦ ਨੂੰ ਸਰਕਾਰ ਪ੍ਰਾਪੇਗੰਡੇ ਰਾਹੀਂ ਅੱਤਵਾਦ ਦਾ ਨਾਂ ਦਿੱਤਾ ਜਾ ਰਿਹਾ ਸੀ ਪਰ ਪੂਰੀ ਦੁਨੀਆਂ ਸਾਂਹਵੇ ਹੁਣ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਸਰਕਾਰ ਹੀ ਅਸਲ ਅੱਤਵਾਦੀ ਹੈ ।
ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਦੇ ਅੰਤਰ-ਰਾਸ਼ਟਰੀ ਦਮਨ ਦੀ ਵਧ ਰਹੀ ਮੁਹਿੰਮ ਵਿਰੁੱਧ ਖਿਲਾਫ ਨਿਰਣਾਇਕ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। ਇਹ ਹੁਣ ਸਿਰਫ਼ ਭਾਰਤ ਅਤੇ ਕੈਨੇਡਾ ਜਾਂ ਅਮਰੀਕਾ ਵਿਚਕਾਰ ਇੱਕ ਦੁਵੱਲਾ ਮੁੱਦਾ ਨਹੀਂ ਹੈ – ਇਹ ਆਜ਼ਾਦੀ ਅਤੇ ਨਿਆਂ ਦੀ ਕਦਰ ਕਰਨ ਵਾਲੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਇੱਕ ਵਿਸ਼ਵਵਿਆਪੀ ਚੁਣੌਤੀ ਹੈ।
ਸਿੱਖ ਕੌਮ ਨੇ ਬ੍ਰਾਹਮਣਵਾਦੀ ਭਾਰਤੀ ਨਿਜ਼ਾਮ ਦੇ ਅਧੀਨ ਲੰਬੇ ਸਮੇਂ ਤੋਂ ਅਤਿਆਚਾਰ ਦਾ ਸਾਹਮਣਾ ਕੀਤਾ ਹੈ, ਅਤੇ ਇਹ ਲਾਜ਼ਮੀ ਹੈ ਕਿ ਲੋਕਤੰਤਰੀ ਦੇਸ਼ ਭਾਰਤ ਦੇ ਅਸਲ ਖਾਸੇ ਨੂੰ ਪਛਾਨਣ ਅਤੇ ਭਾਰਤ ਸਰਕਾਰ ਦੇ ਖਿਲਾਫ ਢੁਕਵੇਂ ਕਦਮ ਉਠਾਉਣ ਤਾਂ ਕਿ ਭਾਰਤ ਸਰਕਾਰ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਸਿੱਖਾਂ ਨੂੰ ਸਰਕਾਰੀ ਅੱਤਵਾਦ ਦਾ ਨਿਸ਼ਾਨਾ ਨਾ ਬਣਾ ਸਕੇ ।
ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹਾਲ ਹੀ ਵਿੱਚ ਫਰੈਂਕਫਰਟ ਵਿੱਚ ਹੋਏ ਪੰਜਵੇਂ ਜਨਰਲ ਇਜਲਾਸ ਵਿੱਚ ਪਾਸ ਕੀਤੇ ਮਤੇ ਵਿੱਚ ਪਾਕਿਸਤਾਨ ਅੰਦਰ ਕਮਾਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ, ਕਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਤੇ ਯੂ ਕੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਕਾਇਰਾਨਾ ਹਮਲਾ ਕਰਕੇ ਸ਼ਹੀਦ ਕਰਨ ਨੂੰ ਭਾਰਤ ਸਰਕਾਰ ਦੀ ਬੁਖਲਾਹਟ ਦਾ ਪ੍ਰਗਟਾਵਾ ਕਰਾਰ ਦਿੱਤਾ ਸੀ ਤੇ ਪੂਰੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਕਾਰਕੁੰਨਾਂ ਨੂੰ ਪੁਲਿਸ ਵੱਲੋਂ ਨਿਸ਼ਾਨਾ ਬਣਾ ਕੇ ਤੰਗ ਪਰੇਸ਼ਾਨ ਕਰਨ ਖਿੜੇ ਮੱਥੇ ਪਰਵਾਨ ਕਰਦਿਆਂ ਹਰ ਮੁਸ਼ਕਲ ਦਾ ਇੱਕਜੁੱਟ ਹੋ ਕੇ ਸਾਹਮਣਾ ਕਰਣ ਦਾ ਪ੍ਰਣ ਕੀਤਾ ਸੀ ।
ਵਰਲਡ ਸਿੱਖ ਪਾਰਲੀਮੈਂਟ ਪਿਛਲੇ ਕੁਝ ਦਿਨਾਂ ਵਿੱਚ ਹੋਏ ਖੁਲਾਸਿਆਂ ਦੇ ਮੱਦੇਨਜ਼ਰ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਵਾਰ ਫਿਰ ਅਪੀਲ ਕਰਦੀ ਹੈ ਕਿ ਅੱਜ ਜਦੋਂ ਦੁਨੀਆ ਦੇ ਦੇਸ਼ ਭਾਰਤ ਸਰਕਾਰ ਦੇ ਅਸਲ ਚੇਹਰੇ ਤੋਂ ਜਾਣੂੰ ਹੋ ਰਹੇ ਹਨ ਤਾਂ ਸਾਨੂੰ ਵੀ ਭਾਰਤ ਸਰਕਾਰ ਦੇ ਜ਼ੁਲਮ ਦੇ ਖਿਲਾਫ ਆਪਸੀ ਮਤਭੇਦ ਭੁਲਾ ਕੇ ਇਕਮੁੱਠ ਹੋ ਕੇ ਖੜ੍ਹੇ ਹੋਣ ਦਾ ਮੌਕਾ ਹੈ । ਅੱਜ ਸਾਨੂੰ ਮਿਲ ਕੇ ਮੌਜੂਦਾ ਮੋਦੀ ਸਰਕਾਰ ਨੂੰ ਸੁਨੇਹਾ ਦੇਣਾ ਬਣਦਾ ਹੈ ਕਿ ਉਹ ਸਿੱਖਾਂ ਦੀ ਹੱਕੀ ਅਵਾਜ਼ ਨੂੰ ਦਬਾ ਨਹੀਂ ਸਕਦੀ । ਮੋਦੀ ਸਰਕਾਰ ਨੂੰ ਸਾਡੀ ਸਿੱਖ ਪਰੰਪਰਾ ਯਾਦ ਕਰਾਵਾਉਣੀ ਚਾਹੀਦੀ ਹੈ ਕਿ ਜਦੋਂ ਜਦੋਂ ਵੀ ਸਿੱਖਾਂ ਨੂੰ ਜ਼ਾਲਮ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਸਿੱਖ ਦੂਣ ਸਵਾਏ ਹੋ ਕੇ ਜ਼ੁਲਮ ਦਾ ਮੂੰਹ ਭੰਨ ਦਿੰਦੇ ਹਨ । ਅਸੀਂ ਭਾਰਤ ਸਰਕਾਰ ਦੇ ਹਿੰਸਾ ਅਤੇ ਜਬਰ ਤੋਂ ਡਰਨ ਵਾਲੇ ਨਹੀਂ ਬਲਕਿ ਭਾਰਤ ਸਰਕਾਰ ਦੀਆਂ ਇਹ ਘਿਨਾਉਣੀਆਂ ਹਰਕਤਾਂ ਸਾਡੇ ਅਜ਼ਾਦੀ ਸੰਕਲਪ ਨੂੰ ਹੋਰ ਮਜ਼ਬੂਤ ਕਰਦੀਆਂ ਹਨ । ਅਸੀਂ ਸਿੱਖਾਂ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਦੋ ਜਹਿਦ ਕਰਦੇ ਸੀ, ਕਰਦੇ ਹਾਂ ਅਤੇ ਕਰਦੇ ਰਹਾਂਗੇ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।