ਜਰਮਨੀ 8 ਅਕਤੂਬਰ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਜਨਰਲ ਇਜਲਾਸ ਦੇ ਤੀਜੇ ਤੇ ਆਖਰੀ ਦਿਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਅੰਤਰਰਾਸ਼ਟਰੀ ਪੰਥਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਏ ਬੁਲਾਰਿਆਂ ਨੇ ਸੰਗਤਾਂ ਸਾਹਮਣੇ ਆਪਣੇ ਵਿਚਾਰ ਰੱਖੇ । ਬੁਲਾਰਿਆਂ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪਿਛਲੇ ਸਾਲ ਅੰਦਰ ਕੀਤੇ ਕੰਮਾਂ ਬਾਰੇ ਜਾਣੂੰ ਕਰਵਾਇਆ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਦਿੱਤੀ । ਦੀਵਾਨ ਦਾ ਅਰੰਭ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦੇ ਜਾਪ ਨਾਲ ਹੋਇਆ ਉਪਰੰਤ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਟੇਜ ਦੀ ਸੇਵਾ ਸੰਭਾਲੀ ਤੇ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਪਿਛਲੇ ਦੋ ਦਿਨਾਂ ਦੇ ਇਜਲਾਸ ਦੀ ਸੰਖੇਪ ਜਾਣਕਾਰੀ ਦਿੱਤੀ । ਇਸ ਮੌਕੇ ਬੁਲਾਰਿਆਂ ਨੇ ਭਾਈ ਹਰਦਿਆਲ ਸਿੰਘ (ਯੂਨਾਇਟਡ ਸਿੱਖਜ਼) ਯੂ. ਐਸ. ਏ. ਨੇ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜ ਕੇ ਕੀਤੇ ਜਾਂਦੇ ਕਾਰਜਾਂ ਬਾਰੇ ਦੱਸਿਆ । ਭਾਈ ਪ੍ਰਭ ਸਿੰਘ ਕਨੇਡਾ ਨੇ ਸਿੱਖਾਂ ਨੂੰ ਕਾਨੂੰਨੀ ਤੌਰ ਤੇ ਮਜ਼ਬੂਤ ਹੋ ਕੇ ਹਰ ਵਿਤਕਰੇ ਨਾਲ ਜੂਝਣ ਬਾਰੇ ਦੱਸਿਆ । ਭਾਈ ਸਿਮਰਨਜੋਤ ਸਿੰਘ ਕਨੇਡਾ ਨੇ ਭਾਰਤ ਸਰਕਾਰ ਨੂੰ ਚੈਲੰਜ ਕੀਤਾ ਕਿ ਉਹ ਸਿੱਖਾਂ ਨੂੰ ਟਾਰਗੇਟ ਕਿੰਲਿੰਗ ਕਰ ਕੇ ਖਤਮ ਨਹੀਂ ਕਰ ਸਕਦੀ । ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ ਨੇ ਕਿਹਾ ਕਿ ਅਜ਼ਾਦੀ ਦੀ ਪਰਾਪਤੀ ਤੱਕ ਜੰਗ ਜਾਰੀ ਰਹੇਗੀ । ਭਾਈ ਮਨਪ੍ਰੀਤ ਸਿੰਘ ਇੰਗਲੈਂਡ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੀਤੇ ਕੰਮਾਂ ਬਾਰੇ ਦੱਸਿਆ । ਭਾਈ ਜਗਜੀਤ ਸਿੰਘ ਨੇ ਯੂਰਪ ਦੇ ਸਿੱਖਾਂ ਨੂੰ ਮਿਲ ਕੇ ਆਪਣੇ ਮਸਲੇ ਹੱਲ ਕਰਨ ਦੀ ਬੇਨਤੀ ਕੀਤੀ । ਭਾਈ ਗੁਰਵਿੰਦਰ ਸਿੰਘ ਆਸਟਰੇਲੀਆ ਨੇ ਕਿਹਾ ਕਿ ਯੂਰਪ ਵਿੱਚ ਉਹਨਾਂ ਸਿੰਘਾਂ ਦੇ ਦਰਸ਼ਨ ਕਰਕੇ ਖੁਸ਼ੀ ਹੋਈ ਹੈ ਜਿਹਨਾਂ ਨੇ ਸਿੱਖ ਸੰਘਰਸ਼ ਵਿੱਚ ਸੇਵਾ ਕੀਤੀ ਹੈ ਅਤੇ ਉਹ ਸਾਡੇ ਲਈ ਪ੍ਰੇਰਣਾ ਸਰੋਤ ਹਨ।
ਭਾਈ ਅਮਰੀਕ ਸਿੰਘ ਸਹੋਤਾ ਨੇ ਕਿਹਾ ਸਿੱਖਾਂ ਦਾ ਪ੍ਰਣ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਦੋ ਜਹਿਦ ਕਰਦੇ ਰਹਿਣਗੇ । ਭਾਈ ਗੁਰਪ੍ਰੀਤ ਸਿੰਘ (ਸੇਵਿੰਗ ਪੰਜਾਬ) ਯੂਰਪ ਦੇ ਸਿੱਖਾਂ ਨੂੰ ਪੰਜਾਬ ਅੰਦਰ ਹੋ ਰਹੇ ਸਿਆਸੀ, ਸਮਾਜੀ ਅਤੇ ਵਾਤਾਵਰਣ ਦੇ ਵਰਤਾਰਿਆਂ ਬਾਰੇ ਦੱਸਿਆ । ਭਾਈ ਹਿੰਮਤ ਸਿੰਘ ਯੂ ਐਸ ਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਈਏ । ਡਾ: ਇਕਤਦਾਰ ਚੀਮਾ ਨੇ ਅੰਤਰਰਾਸ਼ਟਰੀ ਹਾਲਾਤਾਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਤਾਕਤਾਂ ਜਿਹਨਾਂ ਦੇ ਕਾਰਨ ਭਾਰਤ ਪਾਕਿਸਤਾਨ ਦੋ ਦੋ ਮੁਲਕ ਬਣੇ ਸੀ ਉਹ ਅੱਜ ਸਿੱਖਾਂ ਦੇ ਨਾਲ ਹਨ ਅਤੇ ਸਿੱਖਾਂ ਨੂੰ ਆਪਣੀ ਅਜ਼ਾਦੀ ਦੀ ਪਰਾਪਤੀ ਲਈ ਹਰ ਪਲੇਟਫਾਰਮ ਤੇ ਅਵਾਜ਼ ਉਠਾਉਣੀ ਚਾਹੀਦੀ ਹੈ । ਡਾ: ਅਮਰਜੀਤ ਸਿੰਘ ਨੇ ਸੰਗਤਾਂ ਸਾਹਮਣੇ ਆਪਣੇ ਵਿਚਾਰ ਰੱਖਦਿਆਂ ਸ਼ਹੀਦਾਂ ਦੀ ਮਹਿਮਾ ਅਤੇ ਸ਼ਹਾਦਤ ਦੇ ਸੰਕਲਪ ਬਾਰੇ ਚਾਨਣਾ ਪਾਇਆ । ਉਹਨਾਂ ਸਿੱਖ ਰਾਜ ਦੇ ਸਿਧਾਂਤਕ ਪੱਖਾਂ ਤੋਂ ਜਾਣਕਾਰੀ ਦਿੱਤੀ । ਭਾਈ ਜੋਗਾ ਸਿੰਘ ਯੂ ਕੇ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਓ ਮਿਲ ਕੇ ਪੰਥਕ ਕਾਰਜ ਕਰੀਏ ਤੇ ਸਾਰੀਆਂ ਜਥੇਬੰਦੀਆਂ ਇੱਕ ਬਰਾਬਰ ਹਨ ।
ਇਸ ਮੌਕੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਇਜਲਾਸ ਵਿੱਚ ਪਾਸ ਕੀਤੇ ਮਤੇ ਪੜ੍ਹ ਕੇ ਸੁਣਾਏ ਜਿਸ ਵਿੱਚ ਖਾਲਿਸਤਾਨ ਪ੍ਰਤੀ ਵਚਨਬੱਧਤਾ, ਸ਼ਹੀਦਾਂ ਦੇ ਪਾਏ ਪੂਰਨਿਆ ਉੱਤੇ ਚੱਲਣ ਦਾ ਪ੍ਰਣ ਸ਼ਾਮਲ ਸਨ । ਭਾਰਤ ਸਰਕਾਰ ਵੱਲੋਂ ਟਰਾਂਸਨੈਸ਼ਨਲ ਰਿਪਰੇਸ਼ਨ ਖਿਲਾਫ ਅਤੇ ਸਨਾਤਨਵਾਦ ਦੇ ਸਿੱਖੀ ਉੱਤੇ ਵਧਦੇ ਪ੍ਰਭਾਵ ਪ੍ਰਤੀ ਵੀ ਮਤੇ ਸ਼ਾਮਲ ਸਨ । ਮਤਿਆਂ ਵਿੱਚ ਹਾਲ ਹੀ ਵਿੱਚ ਚੱਲ ਰਹੀਆਂ ਰੂਸ ਯੂਕਰੇਨ ਅਤੇ ਇਸਰਾਇਲ ਫਲਸਤੀਨ ਦੀਆਂ ਜੰਗਾਂ ਵਿੱਚ ਸਾਰੀਆਂ ਧਿਰਾਂ ਨੂੰ ਮਿਲ ਕੇ ਮਸਲੇ ਹੱਲ ਕਰਨ ਬਾਰੇ ਕਿਹਾ ਗਿਆ । ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਸਿੱਖ ਨਸਲਕੁਸ਼ੀ ਦੀ ਚਾਲੀਵੀਂ ਵਰ੍ਹੇਗੰਢ ਨੂੰ ਵੱਡੇ ਪੱਧਰ ਤੇ ਮਨਾਉਣ ਤੇ ਭਾਰਤ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕਰਨ । ਇਸ ਦੇ ਨਾਲ ਹੀ ਇਸ ਮਤਾ ਨੰਬਰ 5 ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸੰਨ 2003 ਵਿੱਚ ਦਮਦਮਾ ਸਾਹਿਬ ਦੀ ਧਰਤੀ ਤੋਂ ਜਾਰੀ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵਰਲਡ ਸਿੱਖ ਪਾਰਲੀਮੈਂਟ ਬਹੁਸੰਮਤੀ ਨਾਲ ਮਾਨਤਾ ਦਿੰਦੀ ਹੈ ਅਤੇ ਪੂਰੀ ਕੌਮ ਨੂੰ ਬੇਨਤੀ ਕਰਦੀ ਹੈ ਕਿ ਸਾਰੇ ਇਤਿਹਾਸਿਕ ਦਿਹਾੜਿਆਂ ਅਤੇ ਗੁਰਪੁਰਬਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਉਣ । ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੁਰਦੁਆਰਿਆ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇੱਕ ਰੂਪ ਵਿੱਚ ਸਾਰੇ ਦਿਹਾੜੇ ਅਤੇ ਗੁਰਪੁਰਬ ਮਨਾਉਣ ਲਈ ਪ੍ਰੇਰਿਤ ਕਰਨ ਵਰਲਡ ਸਿੱਖ ਪਾਰਲੀਮੈਂਟ ਅੱਗੇ ਤੋਂ ਇੱਕ ਸਾਲਾਨਾ ਕੈਲੰਡਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਛਾਪੇਗੀ ਜਿਸ ਵਿੱਚ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਮੁੱਖ ਰੂਪ ਵਿੱਚ ਸਾਮਲ ਕੀਤੀਆਂ ਜਾਣਗੀਆਂ । ਕਾਨਫਰੰਸ ਦੀ ਸਮਾਪਤੀ ਤੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਡਾਇਰੈਕਟਰ ਅਤੇ ਟੀ ਵੀ 84 ਦੇ ਭਾਈ ਅਮਰਜੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।