ਫਰੈਕਫੋਰਟ 14 ਅਗਸਤ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਤੇ ਦਲ ਖਾਲਸਾ ਦੇ ਆਗੂ ਭਾਈ ਹਰਮੀਤ ਸਿੰਘ ਲੇਹਲ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਕਿਹਾ ਕਿ ਸੰਨ 1947 ਵਿੱਚ ਦੇਸ਼ ਪੰਜਾਬ ਦੀ ਵੰਡ ਸਿੱਖਾਂ ਦਾ ਵੱਡੇ ਪੱਧਰ ਤੇ ਉਜਾੜਾ, ਜੂਨ 84 ਦਾ ਘੱਲੂਘਾਰਾ, ਨਵੰਬਰ 84 ਵਿੱਚ ਸਿੱਖਾਂ ਦੀ ਨਸਲਕੁਸ਼ੀ, ਬੀਬੀਆਂ, ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਤੇ ਦੇਸ਼ ਪੰਜਾਬ ਦੇ ਆਰਥਿਕ, ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਸੱਭਿਆਚਾਰਿਕ ਤੌਰਤੇ ਕੀਤੇ ਜਾ ਰਹੇ ਉਜਾੜੇ ਦਾ ਸਦੀਵੀ ਹੱਲ ਦੇਸ਼ ਪੰਜਾਬ ਦੀ ਪ੍ਰਭੂਸੱਤਾ ਸੰਪੰਨ ਅਜ਼ਾਦੀ (ਖ਼ਾਲਸਾ ਰਾਜ) ਹੈ । ਭਾਰਤ ਵਿੱਚ ਪਿੱਛਲੇ 77 ਸਾਲਾਂ ਤੋਂ ਇੱਕ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਤਹਿਤ ਭਾਰਤ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਸਿੱਖ, ਮੁਸਲਮਾਨ, ਈਸਾਈ ਤੇ ਪੱਛੜੇ ਵਰਗਾਂ ਨੂੰ ਚਾਣਕੀਆਂ ਨੀਤੀ ਸਾਮ, ਦਾਮ, ਭੇਦ ਤੇ ਦੰਡ ਰਾਹੀਂ ਉਹਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਹੈ । ਇਸ ਹਿੰਦੂਤਵੀ ਹਕੂਮਤ ਦੇ ਜ਼ੁਲਮਾਂ ਖਿਲਾਫ ਸੰਘਰਸ਼ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਆਖ ਕੇ ਉਹਨਾਂ ਵਾਸਤੇ ਕਾਲੇ ਕਾਨੂੰਨ ਬਣਾਕੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਦਹਾਕਿਆਂ ਤੋਂ ਬੰਦ ਕੀਤਾ ਹੋਇਆ ਹੈ ।ਵਿਦੇਸ਼ਾਂ ਵਿੱਚ ਸਿੱਖਾਂ ਵੱਲੋਂ ਇਹਨਾਂ ਕਾਲੇ ਕਾਨੂੰਨਾਂ ਦੇ ਜਬਰ ਜ਼ੁਲਮ ਖ਼ਿਲਾਫ਼ ਤੇ ਲੋਕਤੰਤਰ ਦੇ ਨਕਾਬ ਹੇਠ ਹਿੰਦੂਤਵੀ ਹਕੂਮਤ ਦਾ ਸੰਯੁਕਤ ਰਾਸ਼ਟਰ, ਯੂਰਪੀਅਨ ਪਾਰਲੀਮੈਂਟ ਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਦੇਸ਼ਾਂ ਅੱਗੇ ਮਨੁੱਖੀ ਅਧਿਕਾਰਾਂ ਦੇ ਚਾਰਟਰ ਅਨੁਸਾਰ ਅਵਾਜ਼ਾਂ ਉਠਾਈਆਂ ਜਾਂਦੀਆਂ ਹਨ । ਆਪਣੇ ਹੱਕ ਲਈ ਉੱਠ ਰਹੀਆਂ ਅਵਾਜ਼ਾਂ ਨੂੰ ਬੰਦ ਕਰਾਉਣ ਵਾਸਤੇ ਭਾਰਤ ਦੀ ਹਿੰਦੂਤਵੀ ਮੋਦੀ ਸਰਕਾਰ ਦੀਆਂ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਨੂੰ ਸ਼ਹੀਦ ਕਰਨਾ, ਪਰਿਵਾਰਾਂ ਦੇ ਪਾਸਪੋਰਟ ਰੋਕਣੇ, ਵੀਜ਼ੇ ਨਾ ਦੇਣੇ ਤੇ ਹਾਲ ਹੀ ਵਿੱਚ ਨਵੇਂ ਬਣਾਏ ਕਾਲੇ ਕਾਨੂੰਨ ਤਹਿਤ ਭਾਰਤੀ ਹਾਕਮਾਂ ਦੇ ਜ਼ੁਲਮਾਂ ਖ਼ਿਲਾਫ਼ ਤੇ ਆਪਣੇ ਹੱਕਾਂ ਹਿੱਤਾਂ ਤੇ ਦੇਸ਼ ਪੰਜਾਬ ਦੀ ਅਜ਼ਾਦੀ ਪ੍ਰਤੀ ਰੋਹ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਓ ਸੀ ਆਈ ਕਾਰਡ ਕੈਂਸਲ ਕਰਨ ਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਦੇ ਅਜ਼ਾਦ ਘਰ ਬਨਾਉਣ ਵਾਸਤੇ ਸੰਘਰਸ਼ਕਾਰੀਆਂ ਵਿੱਚ ਸਹਿਮ ਤੇ ਡਰ ਪੈਦਾ ਕਰਕੇ ਇਹਨਾਂ ਮੁਜ਼ਾਹਰਿਆਂ ਨੂੰ ਬੰਦ ਕਰਾਉਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ ਜਿਸਦਾ ਖ਼ੁਲਾਸਾ ਪਿੱਛਲੇ ਸਮੇਂ ਵਿੱਚ ਕਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਨੇ ਵੀ ਕੀਤਾ ਹੈ । ਸੋ ਆਓ ਭਾਰਤੀ ਹਕੂਮਤ ਦੇ ਇਸ ਭਰਮ ਨੂੰ ਤੋੜਨ ਤੇ ਅਜ਼ਾਦੀ ਵਾਸਤੇ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਉਹਨਾਂ ਦੇ ਪਵਿੱਤਰ ਸੁਪਨੇ ਨੂੰ ਸਾਕਾਰ ਕਰਨ ਦਾ ਪ੍ਰਣ ਦੁਰਹਾੳਣ ਵਾਸਤੇ 15 ਅਗਸਤ ਨੂੰ ਭਾਰਤ ਦੀ ਅਜ਼ਾਦੀ ਦੇ ਜਸ਼ਨਾਂ ਨੂੰ ਕਾਲੇ ਦਿਵਸ ਤੇ ਮਨਾਉਣ ਲਈ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਦਿਨ ਵੀਰਵਾਰ ਨੂੰ 14:00 ਵਜੇ ਤੋਂ 16:00 ਵਜੇ ਤੱਕ ਰੱਖੇ ਰੋਹ ਮੁਜ਼ਾਹਰੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਈਏ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।