ਜਰਮਨੀ 24 ਜੁਲਾਈ (ਖਿੜਿਆ ਪੰਜਾਬ) ਸਵਿਟਜ਼ਰਲੈਂਡ ਦੇ ਸ਼ਹਿਰ ਲਾਂਗਨਥਾਲ ਦੇ ਗੁਰਦੁਆਰਾ ਸਾਹਿਬ ਵਿਖੇ ਦਲ ਖ਼ਾਲਸਾ ਦੇ ਬਾਨੀ ਜਲਾਵਤਨੀ ਯੋਧੇ, ਖ਼ਾਲਸਾ ਰਾਜ ਦੇ ਮੁਦਈ, ਪ੍ਰਸਿੱਧ ਲਿਖਾਰੀ ਭਾਈ ਗਜਿੰਦਰ ਸਿੰਘ ਜੋ ਪਿਛਲੇ ਦਿਨੀਂ ਪਾਕਿਸਤਾਨ ‘ਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਇਲਾਹੀ ਬਾਣੀ ਦਾ ਜਾਪ ਕੀਤਾ ਗਿਆ। ਸ਼ਬਦ ਕੀਰਤਨ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਆਰੰਭ ਹੋਇਆ, ਜਿਸ ਨੂੰ ਪੰਥਕ ਬੁਲਾਰਿਆਂ ਨੇ ਭਾਈ ਗਜਿੰਦਰ ਸਿੰਘ ਦੇ ਮਾਣਮੱਤੇ ਜੀਵਨ ਦੇ ਪਹਿਲੂਆਂ ਬਾਰੇ ਵਿਸਥਾਰ ਨਾਲ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਮਾਸਟਰ ਭਾਈ ਕਰਨ ਸਿੰਘ, ਭਾਈ ਹਰਮਿੰਦਰ ਸਿੰਘ ਖ਼ਾਲਸਾ, ਭਾਈ ਦਲੀਪ ਸਿੰਘ, ਭਾਈ ਜਸਵੀਰ ਸਿੰਘ ਖ਼ਾਲਸਾ (ਸਾਰੇ ਭਾਈ ਗਜਿੰਦਰ ਸਿੰਘ ਦੇ ਸਾਥੀਆਂ) ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਜਹਾਜ਼ ਅਗਵਾ ਕਰਨ ਲਈ ਸਾਡੇ ਕੋਲ ਕੁੱਝ ਵੀ ਨਹੀ ਸੀ। ਸਿਰਫ ਸ੍ਰੀ ਸਾਹਿਬ ਜਾਂ ਛੋਟੀ ਸੀਸੀ ਚ ਪਾਣੀ ਸੀ। ਸਤਿਗੁਰ ਦੀ ਕਿਰਪਾ ਨਾਲ ਅਸੀਂ ਸਿੱਖ ਪੰਥ ਦੇ ਸਾਰੇ ਸੰਵਿਧਾਨਾਕ , ਜਮਾਂਦਰੂ ਹੱਕਾਂ ਲਈ ਸਮੁੱਚੇ ਸੰਸਾਰ ‘ਚ ਆਪਣੀ ਗੱਲ ਕਹਿਣ ਲਈ ਸਫ਼ਲ ਹੋਏ। ਸਾਨੂੰ ਤਾਂ ਇੱਕ ਵਡਿਆਈ ਹੀ ਮਿਲਣੀ ਸੀ। ਭਾਈ ਗੁਰਦੇਵ ਸਿੰਘ , ਭਾਈ ਬਿਕਰਮਜੀਤ ਸਿੰਘ ਤੇ ਭਾਈ ਹਰਬਾਜ ਸਿੰਘ ਨੇ ਵੀ ਭਾਈ ਗਜਿੰਦਰ ਸਿੰਘ ਦੀ ਕੁਰਬਾਨੀ , ਸਿਰੜ, ਸਿਦਕ ਤੇ ਜਲਾਵਤਨੀ ਜੀਵਨ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸਿੱਖ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਪ੍ਰਧਾਨ ਸਿੱਖ ਫੈਡਰੇਸ਼ਨ ਜਰਮਨੀ ਨੇ ਭਾਈ ਗਜਿੰਦਰ ਸਿੰਘ ਨਾਲ ਹੋਈ ਗੱਲਬਾਤ ਦੇ ਕੁਝ ਪੱਖ ਸਾਂਝੇ ਕਰਦਿਆਂ ਕਿਹਾ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਚਲਦੇ ਸੰਘਰਸ਼ ‘ਚ ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ 04/07/24 ਨੂੰ 38 ਸਾਲ ਦੀ ਜਲਾਵਤਨੀ ਦਾ ਜੀਵਨ ਬਤੀਤ ਕਰਦੇ ਹੋਏ ਅਕਾਲ ਪੁਰਖ ਵੱਲੋ ਬਖਸ਼ੀ ਸਵਾਸਾਂ ਦੀ ਪੂੰਜੀ ਖ਼ਰਚ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਅਪਣੀ ਕੌਮ ਲਈ ਸੰਘਰਸਸ਼ੀਲ ਯੋਧਿਆ ਦਾ ਅਸਲੀ ਜੀਵਨ ਉਨ੍ਹਾਂ ਦੀ ਸਰੀਰਕ ਮੌਤ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਕਿਉਂਕਿ ਉਨ੍ਹਾਂ ਦੀ ਗ਼ੈਰਹਾਜ਼ਰੀ ‘ਚ ਉਨ੍ਹਾਂ ਵੱਲੋਂ ਕੀਤੀਆਂ ਸੇਵਾਵਾਂ ਸਮਾਜ , ਕੌਮ ਦੇ ਸੰਘਰਸ਼ਾਂ ਲਈ ਪ੍ਰੇਰਨਾ ਸਰੋਤ ਹੋ ਜਾਂਦੀਆਂ ਹਨ। ਸਵਰਗਵਾਸੀ ਭਾਈ ਗਜਿੰਦਰ ਸਿੰਘ ਜੀ ਦੇ ਜਲਾਵਤਨੀ ਜੀਵਨ ਦੌਰਾਨ ਉਨ੍ਹਾਂ ਨਾਲ ਬਿਤਾਏ ਪਲ ਹਮੇਸ਼ਾ ਹਮੇਸ਼ਾ ਲਈ ਦਿਲ ਤੇ ਅਮਿੱਟ ਛਾਪ ਛੱਡ ਗਏ ਹਨ। ਭਾਈ ਸਾਹਿਬ ਵੱਲੋ ਸਬਰ, ਸਿਦਕ , ਅਡੋਲਤਾ ਅਤੇ ਕਲਮ ਨਾਲ ਲਿਖੀਆਂ ਪੁਸਤਕਾਂ ਉਹਨਾਂ ਦੀ ਮਾਨਸਿਕਤਾ ਦੀ ਉੱਚੀ ਉਡਾਰੀ ਦੀ ਗਵਾਹੀ ਭਰਦੀਆਂ ਹਨ। ਭਾਈ ਗਜਿੰਦਰ ਸਿੰਘ ਜੀ ਨੂੰ ਕੌਮ ਦੇ ਗਲੋ ਗੁਲਾਮੀ ਲਾਹੁਣ ਦੀ ਪ੍ਰੇਰਨਾ ਸ੍ਰ: ਕਪੂਰ ਸਿੰਘ ਜੀ ਕੋਲੋ ਮਿਲੀ। ਉਹਨਾਂ ਡੇਰਾ ਬਸੀ ( ਚੰਡੀਗੜ੍ਹ) ਇੱਕ ਸਮਾਗਮ ਦੌਰਾਨ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮੂੰਹ ਤੇ ਸਿੱਖ ਰਾਜ ਅਤੇ ਨਹਿਰੂ ਗਾਂਧੀ ਵੱਲੋਂ ਸਿੱਖਾਂ ਨਾਲ ਕੀਤੇ ਵਾਅਦਿਆਂ ਦੇ ਦਸਤਾਵੇਜ਼ ਦਸੰਬਰ 1971 ਚ ਮਾਰੇ ਸਨ। ਉਸ ਕੇਸ ‘ਚ ਜੇਲ੍ਹ ਯਾਤਰਾ ਤੋਂ ਬਾਅਦ ਭਾਈ ਸਾਹਿਬ ਜੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸੰਪਰਕ ‘ਚ ਆਏ। ਭਾਈ ਸਾਹਿਬ ਜੀ ਸੰਤਾਂ ਨਾਲ ਨਜ਼ਦੀਕੀ ਸਿੰਘਾਂ ਵਿੱਚੋਂ ਇੱਕ ਸਨ। 1981 ‘ਚ ਸੰਤਾਂ ਦੀ ਲਾਲਾ ਜਗਤ ਨਰਾਇਣ ਕਤਲ ਚ ਸ਼ਮੂਲੀਅਤ ਹੋਣ ਦੇ ਸ਼ੱਕ ਕਾਰਨ ਪੁਲਿਸ ਵੱਲੋ ਗਿਰਫ਼ਤਾਰ ਕਰਨਾ ,ਦੇ ਵਿਰੋਧ ਚ ਅੰਮ੍ਰਿਤਸਰ ਤੋਂ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ। ਇਸ ਘਟਨਾਂ ਨੂੰ ਭਾਈ ਸਾਹਿਬ ਨੇ ਸਾਡੇ ਨਾਲ ਇੱਕ ਮੁਲਾਕਤ ਦੌਰਾਨ ਜ਼ਿਕਰ ਕਰਦਿਆਂ ਦੱਸਿਆ , ਕਿ ਸੰਤਾਂ ਦੀ ਗਿਰਫ਼ਤਾਰੀ ਤੋ ਪਹਿਲਾਂ ਮੈਂ ਸੰਤਾਂ ਨੂੰ ਮਿਲਣ ਵਾਸਤੇ ਗਿਆ ਤਾਂ ਸੰਤਾ ਨੇ ਕਿਹਾ ਕਿ ਮੈਂ ਤਾਂ ਗਿਰਫ਼ਤਾਰੀ ਦੇ ਦੇਣੀ ਹੈ, ਉਸ ਤੋਂ ਬਾਅਦ ਕੌਮ ਜਾਣੇ ਜਾਂ ਤੁਸੀ, ਕੀ ਕਰਨਾ ਹੈ ? ਭਾਈ ਸਾਹਿਬ ਕਹਿੰਦੇ ਕਿ ਮੈਂ ਉਸ ਸਮੇਂ ਹੀ ਸੰਤਾਂ ਨੂੰ ਕਿਹਾ ਕਿ ਕੌਮ ਦਾ ਅਪਣਾ ਫ਼ੈਸਲਾ ਹੈ, ਜੋ ਮੈਂ ਕਰ ਸਕਦਾ ਹਾਂ ਉਹ ਕਰਾਂਗਾ। 13 ਸਾਲ 4 ਮਹੀਨੇ ਕੋਟ ਲਖਪੱਤ ਲਾਹੌਰ ਜੇਲ੍ਹ ‘ਚ ਸਜ਼ਾ ਕੱਟਣ ਤੋਂ ਬਾਅਦ ਭਾਈ ਗਜਿੰਦਰ ਸਿੰਘ ਜੀ ਨੇ ਨਨਕਾਣਾ ਸਾਹਿਬ ( ਪਾਕਿਸਤਾਨ) ,38 ਸਾਲ ਜਲਾਵਤਨ ਰਹੇ। ਭਾਈ ਗਜਿੰਦਰ ਸਿੰਘ ਜੀ ਦੀ ਸਿੰਘਣੀ ਬੀਬੀ ਮਨਜੀਤ ਕੌਰ ਨੇ ਅਮਰੀਕਾ ਅਤੇ ਕੈਨੇਡਾ ਵਿੱਚ ਸਿਆਸੀ ਸ਼ਰਨ ਮੰਗੀ ਸੀ ਪਰ ਦੋਹਾਂ ਦੇਸ਼ਾਂ ਨੇ ਥੋੜੇ ਥੋੜੇ ਸਮੇਂ ਬਾਅਦ ਦੇਸ਼ ਛੱਡਣ ਦੇ ਅਦਾਲਤੀ ਹੁਕਮ ਜਾਰੀ ਕਰ ਦਿੱਤੇ ਸਨ। ਉਸ ਤੋਂ ਬਾਅਦ ਬੀਬੀ ਮਨਜੀਤ ਕੌਰ ਜੀ ਜਰਮਨੀ ਆ ਗਏ। ਜਰਮਨੀ ਸਰਕਾਰ ਨੇ ਉਨ੍ਹਾਂ ਨੂੰ ਰਹਿਣ ਦੀ ਇਜਾਜ਼ਤ ਤਾਂ ਦੇ ਦਿੱਤੀ ਸੀ ਪਰ “ਯਾਤਰਾ ਦਸਤਾਵੇਜ਼” ਨਹੀ ਸਨ ਦਿੱਤੇ। ਜਿਸ ਕਰਕੇ ਉਹ ਅਪਣੇ ਪਤੀ ਸ੍ਰ: ਗਜਿੰਦਰ ਸਿੰਘ ਜੀ ਨੂੰ ਮਿਲ ਨਾ ਸਕੇ। ਭਾਈ ਗਜਿੰਦਰ ਸਿੰਘ ਜੀ ਦੁਨਿਆਵੀ ਮੁਸ਼ਕਿਲਾਂ ਚੋ ਜਿਵੇਂ ਨਿਕਲੇ ਉਹ ਵਰਨਣ ਕਰਨਾ ਬਹੁਤ ਮੁਸ਼ਕਿਲ ਹੈ। ਬੀਬੀ ਮਨਜੀਤ ਕੌਰ ਲੰਮਾ ਸਮਾਂ ਬਿਮਾਰੀ ਨਾਲ ਜੂਝਦੇ ਹੋਏ ਜਰਮਨੀ ਵਿੱਚ ਹੀ ਸਵਾਸ ਤਿਆਗ ਗਏ ਸਨ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਭਾਈ ਗਜਿੰਦਰ ਸਿੰਘ ਜੀ ਅਪਣੇ ਨਿਸ਼ਾਨੇ ਤੋਂ ਨਹੀ ਥਿੜਕੇ। ਸ੍ਰੀ ਅਕਾਲ ਤਖ਼ਤ ਵੱਲੋ ਭਾਈ ਗਜਿੰਦਰ ਸਿੰਘ ਜੀ ਨੂੰ ਜਲਾਵਤਨੀ ਸਿੱਖ ਯੋਧੇ ਦੇ ਖ਼ਿਤਾਬ ਨਾਲ ਨਿਵਾਜ਼ਣਾ ਬਹੁਤ ਮਾਣ ਵਾਲੀ ਗੱਲ ਹੈ। ਅਕਾਲ ਪੁਰਖ ਭਾਈ ਗਜਿੰਦਰ ਸਿੰਘ ਜੀ ਦੀ ਵਿੱਛੜੀ ਆਤਮਾ ਨੂੰ ਅਪਣੇ ਚਰਨਾਂ ਚ ਨਿਵਾਸ ,ਪੰਥ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਸਮੁੱਚੀ ਕੌਮ ਵੱਲੋਂ ਉਨ੍ਹਾਂ ਦੇ ਸੁਪਨੇ ,ਅਧੂਰੇ ਕਾਰਜ਼ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਿਣ ਹੀ ਸੱਚੀਂ ਸ਼ਰਧਾਂਜਲੀ ਹੋਵੇਗੀ। ਜਰਮਨੀ ਤੋਂ ਸਿੱਖ ਆਗੂ ਭਾਈ ਸੁਖਦੇਵ ਸਿੰਘ ਹੇਰਾਂ ਤੇ ਸ, ਨਾਨਕ ਸਿੰਘ ਮੁਲਤਾਨੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮਾਸਟਰ ਭਾਈ ਕਰਨ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।