ਪੱਟੀ 15 ਜੁਲਾਈ (ਜਗਜੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਸ਼ਤਾਬਦੀ ਨੂੰ ਸਮਰਪਿਤ 89ਵਾਂ ਦਸਤਾਰ ਦੁਮਾਲਾ, ਸੁੰਦਰ ਲਿਖਾਈ ਮੁਕਾਬਲੇ ਗੁਰਦੁਆਰਾ ਗੋਬਿੰਦਪੁਰੀ ਸਾਹਿਬ ਡੇਰਾ ਫਲਾਈ ਵਾਲਾ ਪਿੰਡ ਰਾਏ ਕੇ ਬੁਰਜ ਵਿਖੇ ਮੁੱਖ ਸੇਵਾਦਾਰ ਬਾਬਾ ਗੁਰਦਾਸ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ , ਜਿਸ ਵਿੱਚ ਸਰਕਾਰੀ ਹਾਈ ਸਕੂਲ ਰਾਜ ਕੀ ਬੁਰਜ, ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਬੂਹ, ਸ਼ਹੀਦ ਅਕੈਡਮੀ ਭੱਗੂਪੁਰ, ਕੋਹਿਨੂਰ ਅਕੈਡਮੀ ਸਭਰਾ, ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੈਂਡਰੀ ਸਕੂਲ ਪੱਟੀ ਦੇ 180 ਬੱਚਿਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਪੰਜਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਲੜਕੇ ਲੜਕੀਆਂ ਨੇ ਭਾਗ ਲਿਆ ਜਿਨਾਂ ਵਿੱਚੋਂ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਦਸਤਾਰਾਂ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਸੁਸਾਇਟੀ ਵੱਲੋਂ ਪਹੁੰਚੇ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਦਸਤਾਰ ਕੋਆਰਡੀਨੇਟਰ ਹਰਜੀਤ ਸਿੰਘ ਲਹਿਰੀ, ਵਾਈਸ ਕੋਆਰਡੀਨੇਟਰ ਆਕਾਸ਼ਦੀਪ ਸਿੰਘ ਪੱਟੀ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਪਹੁੰਚਣਾ ਕੀਤਾ। ਇਸ ਸਮੇਂ ਬੱਚਿਆਂ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਕਿ ਗੁਰੂ ਅਮਰਦਾਸ ਜੀ ਨੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ। ਇਹ ਉਪਰਾਲੇ ਤਾਂ ਸਾਰਥਕ ਹੋਏ ਕਿ ਸਮਾਜ ਦੇ ਲੋਕ ਉਹਨਾਂ ਕੁਰੀਤੀਆਂ ਤੋਂ ਤੰਗ ਆ ਕੇ ਜਾਗਰੂਕ ਹੋਣ ਲਈ ਸਹੀ ਸਮੇਂ ਅਤੇ ਸਹੀ ਲੀਡਰ ਦਾ ਇੰਤਜ਼ਾਰ ਕਰ ਰਹੇ ਸਨ। ।ਇਹ ਲੀਡਰ ਉਹਨਾਂ ਨੂੰ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਪ੍ਰਾਪਤ ਹੋਏ, ਜਿਨਾਂ ਨੇ ਸਮਾਜਿਕ ਧਾਰਮਿਕ ਰਾਜਨੀਤਿਕ ਕੁਰੀਤੀਆਂ ਤੋਂ ਲੁਕਾਈ ਨੂੰ ਜਾਣੂ ਕਰਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ। ਪਰ ਜਿਵੇਂ ਅਜੋਕੇ ਸੰਦਰਭ ਅੰਦਰ ਸਮਾਜ ਅੰਦਰ ਨਸ਼ਾ ,ਭਰੂਣ ਹੱਤਿਆ ਲੁੱਟਾਂ ਖੋਹਾਂ, ਡਾਕੇ ਰਿਸ਼ਵਤ ਖੋਰੀ ਕਤਲੋਗਾਰਤ ਦਾ ਦਿਨ ਬ ਦਿਨ ਬੋਲਬਾਲਾ ਹੋ ਰਿਹਾ ਹੈ, ਇਸ ਦਾ ਸਿੱਧਾ ਸਿੱਧਾ ਕਾਰਨ ਕਿ ਅਸੀਂ ਲੋਕ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਸਿਧਾਂਤਕ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਚੁੱਕੇ ਹਾਂ। ਸੋ ਇਹਨਾਂ ਬੁਰਾਈਆਂ ਨੂੰ ਸਮਾਜ ਵਿੱਚ ਕਿਸੇ ਸਰਕਾਰ ,ਕਿਸੇ ਸੰਸਥਾ , ਕਿਸੇ ਆਗੂ ਨੇ ਦੂਰ ਨਹੀਂ ਕਰਨਾ। ਉਹ ਸਿਰਫ ਸਾਨੂੰ ਜਾਗਰੂਕ ਕਰ ਸਕਦੇ ਹਨ। ਬਾਕੀ ਸਾਰੀ ਭੂਮਿਕਾ ਅਸੀਂ ਘਰਾਂ ਪਰਿਵਾਰਾਂ ਅੰਦਰ ਖੁਦ ਨਿਭਾਉਣੀ ਹੈ। ਜਦੋਂ ਅਸੀਂ ਆਪਣੇ ਪਰਿਵਾਰ ਬੱਚਿਆਂ ਪ੍ਰਤੀ ਬਣਦੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਤਹੱਈਆ ਕਰ ਲਿਆ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਰਾ ਸਮਾਜ ਸਵਰਗ ਬਣ ਜਾਏਗਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦਾਸ ਸਿੰਘ ਜੀ, ਨੌਜਵਾਨ ਆਗੂ ਗੁਰ ਪ੍ਰਤਾਪ ਸਿੰਘ ਲਾਡੀ, ਸਰਪੰਚ ਅਵਤਾਰ ਸਿੰਘ, ਮਾਸਟਰ ਅਵਤਾਰ ਸਿੰਘ ਨੇ ਸੁਸਾਇਟੀ ਵੱਲੋਂ ਸਮਾਜ ਦੀ ਤਕਦੀਰ ਨੂੰ ਬਦਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪੁਰਜੋਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਇਹਨਾਂ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਬੇਨਤੀ ਕੀਤੀ ਅਤੇ ਹਰ ਪ੍ਰਕਾਰ ਤੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਗੁਰਬੀਰ ਸਿੰਘ ਢਿੱਲੋਂ ਮੈਂਬਰ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਜੇਤੂ ਬੱਚਿਆਂ ਲਈ ਦਸਤਾਰਾਂ ਦੇ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਜਰਮਨ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆ ਕਲਾਂ, ਭਾਈ ਗੁਰਜੰਟ ਸਿੰਘ ਜੋਨਲ ਇਨਚਾਰਜ ਭਿੱਖੀਵਿੰਡ, ਭਾਈ ਸੁਖਵਿੰਦਰ ਸਿੰਘ ਖਾਲੜਾ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ , ਜਗਦੀਸ਼ ਸਿੰਘ ਸਾਜਨ ਪ੍ਰੀਤ ਸਿੰਘ ਨਿੰਦਰ ਪਾਲ ਸਿੰਘ ਜੋਨਲ ਇੰਚਾਰਜ ਮਾਲਵਾ ਨੇ ਇਸ ਪ੍ਰੋਗਰਾਮ ਵਿੱਚ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਵਾਲੇ ਪ੍ਰਬੰਧਕ, ਗ੍ਰੰਥੀ ਸਾਹਿਬਾਨ, ਨਗਰ ਨਿਵਾਸੀ, ਸਕੂਲਾਂ ਤੋਂ ਆਏ ਹੋਏ ਅਧਿਆਪਕ ਸਾਹਿਬਾਨ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਆਸਾਂ ਤੇ ਪਹੁੰਚਣ ਦਾ ਭਰੋਸਾ ਦਿਵਾਇਆ। ਅਖੀਰ ਸੰਗਤਾਂ ਨੇ ਠੰਡੇ ਮਿੱਠੇ ਜਲ ਅਤੇ ਗੁਰੂ ਕੇ ਲੰਗਰ ਦਾ ਭਰਪੂਰ ਅਨੰਦ ਮਾਣਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।