Home » ਜੀਵਨ ਸ਼ੈਲੀ » ਬਾਬਾ ਨਾਨਕ ਜੀ! ਮੈਂ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਕਿੰਝ ਦੇਵਾਂ? ਪ੍ਰਕਾਸ਼ ਦਿਹਾੜੇ ਤੋਂ ਆਤਮ-ਪੜਚੋਲ ਅਤੇ ਸਚਿਆਰ ਜੀਵਨ ਵੱਲ – ਗੁਰਚਰਨ ਸਿੰਘ ਗੁਰਾਇਆ ਜਰਮਨੀ

ਬਾਬਾ ਨਾਨਕ ਜੀ! ਮੈਂ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਕਿੰਝ ਦੇਵਾਂ? ਪ੍ਰਕਾਸ਼ ਦਿਹਾੜੇ ਤੋਂ ਆਤਮ-ਪੜਚੋਲ ਅਤੇ ਸਚਿਆਰ ਜੀਵਨ ਵੱਲ – ਗੁਰਚਰਨ ਸਿੰਘ ਗੁਰਾਇਆ ਜਰਮਨੀ

SHARE ARTICLE

9 Views

 

ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ 557ਵੇਂ ਪ੍ਰਕਾਸ਼ ਦਿਹਾੜੇ ’ਤੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸਤਿ ਸਤਿ ਕਰਕੇ ਮੰਨਣ ਅਤੇ ਉਨ੍ਹਾਂ ਉੱਤੇ ਅਮਲ ਕਰਦਿਆਂ ਆਪਣਾ ਜੀਵਨ ਸਚਿਆਰ ਬਣਾਉਣ ਵਾਲੇ ਗੁਰਸਿੱਖਾਂ ਨੂੰ ਕੋਟਿਨ ਕੋਟਿ ਵਧਾਈਆਂ!

ਅੱਜ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਬਿਕ੍ਰਮੀ ਕੈਲੰਡਰ ਅਨੁਸਾਰ 24 ਨਵੰਬਰ 2026 ਨੂੰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 557ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੇ ਹਾਂ, ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਵਿਦਵਾਨ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 1 ਵੈਸਾਖ ਨੂੰ ਮੰਨਦੇ ਹਨ।

ਪਰ ਅੱਜ ਤਾਰੀਖ਼ਾਂ ਦੇ ਵਾਦ-ਵਿਵਾਦ ਵਿੱਚ ਨਾ ਪੈਂਦੇ ਹੋਏ ਆਪਣੇ ਅੰਦਰ ਝਾਤ ਮਾਰਨੀ ਹੈ । ਕਿ ਜਿਸ ਸਤਿਗੁਰੂ ਦਾ ਪ੍ਰਕਾਸ਼ ਦਿਹਾੜਾ ਅਸੀਂ ਇੰਨੀ ਸ਼ਰਧਾ ਨਾਲ ਮਨਾ ਰਹੇ ਹਾਂ, ਕੀ ਉਸ ਸਤਿਗੁਰੂ ਦੇ ਗਿਆਨ ਦਾ ਪ੍ਰਕਾਸ਼ ਸਾਡੇ ਆਪਣੇ ਜੀਵਨ ਵਿੱਚ ਵੀ ਹੋਇਆ ਹੈ?

ਬਾਬਾ ਨਾਨਕ ਜੀ! ਅਸੀਂ ਆਪ ਜੀ ਦਾ ਦਿਹਾੜਾ ਤਾਂ ਮਨਾਉਂਦੇ ਹਾਂ, ਪਰ ਕੀ ਆਪ ਜੀ ਦੇ ਉਪਦੇਸ਼ ਵੀ ਮੰਨਦੇ ਹਾਂ?

ਸਤਿਗੁਰੂ ਨਾਨਕ ਪਾਤਸ਼ਾਹ ਜੀ! ਅਸੀਂ ਆਪ ਜੀ ਦੇ ਸਿੱਖ ਅਖਵਾਉਣ ਵਾਲੇ ਇੱਕ-ਦੂਜੇ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਣ ਅਤੇ ਲੈਣ, ਪ੍ਰਭਾਤ ਫੇਰੀਆਂ ਕੱਢਣ, ਨਗਰ ਕੀਰਤਨ ਸਜਾਉਣ, ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ, ਭਾਂਤ-ਭਾਂਤ ਦੇ ਪਕਵਾਨਾਂ ਦੇ ਲੰਗਰ ਲਾਉਣ ਅਤੇ ਸਟੇਜਾਂ ਤੋਂ ਵੱਡੇ-ਵੱਡੇ ਪ੍ਰਵਚਨ ਕਰਨ ਰਾਹੀਂ ਆਪ ਜੀ ਦੀਆਂ ਖ਼ੁਸ਼ੀਆਂ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਹਾਂ।

ਬਿਨਾਂ ਸ਼ੱਕ, ਇਹ ਸਾਰੇ ਉਪਰਾਲੇ ਸਾਰਥਕ ਹਨ, ਜੇਕਰ ਇਹ ਸਾਨੂੰ ਗੁਰੂ ਦੇ ਉਪਦੇਸ਼ਾਂ ਨਾਲ ਜੋੜਦੇ ਅਤੇ ਸਾਡੇ ਜੀਵਨ ਵਿੱਚ ਸਿਧਾਂਤਕ ਤਬਦੀਲੀ ਲਿਆਉਂਦੇ ਹਨ। ਪਰ ਜੇਕਰ ਇਨ੍ਹਾਂ ਸਮਾਗਮਾਂ ਤੋਂ ਬਾਅਦ ਵੀ ਸਾਡੇ ਸੁਭਾਅ, ਚਰਿੱਤਰ, ਸੋਚ ਅਤੇ ਵਿਹਾਰ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਤਾਂ ਸਾਨੂੰ ਆਪਣੇ ਆਪ ਤੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਅਸੀਂ ਗੁਰਪੁਰਬ ਦੇ ਅਸਲ ਮਨੋਰਥ ਨੂੰ ਕਿੰਨਾ ਕੁ ਸਮਝਿਆ ਹੈ?

ਆਪ ਜੀ ਨੇ ਤਾਂ ਬਹੁਤ ਪਹਿਲਾਂ ਹੀ ਸਾਡੇ ਇਸ ਕਿਰਦਾਰ ਨੂੰ ਬਿਆਨ ਕਰ ਦਿੱਤਾ ਸੀ:

ਅਵਰ ਉਪਦੇਸੈ ਆਪਿ ਨ ਕਰੈ ॥
ਆਵਤ ਜਾਵਤ ਜਨਮੈ ਮਰੈ ॥

ਬਾਬਾ ਜੀ! ਦੂਜਿਆਂ ਨੂੰ ਆਪ ਜੀ ਦੇ ਉਪਦੇਸ਼ ਸੁਣਾਉਣ ਵਿੱਚ ਤਾਂ ਅਸੀਂ ਬਹੁਤ ਨਿਪੁੰਨ ਹੋ ਗਏ ਹਾਂ, ਪਰ ਜਦੋਂ ਉਨ੍ਹਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਵਾਰੀ ਆਉਂਦੀ ਹੈ ਤਾਂ ਅਸੀਂ ਆਪਣੇ ਮਨ ਦੀਆਂ ਇੱਛਾਵਾਂ ਅੱਗੇ ਹਾਰ ਜਾਂਦੇ ਹਾਂ।

ਬਾਬਾ ਜੀ! ਕੀ ਮੈਂ ੴ ਦੇ ਅਸਲ ਸੰਦੇਸ਼ ਨੂੰ ਸਮਝਿਆ ਹੈ?

ਆਪ ਜੀ ਨੇ ਮੂਲ ਮੰਤਰ ਰਾਹੀਂ ਸਮੁੱਚੀ ਮਨੁੱਖਤਾ ਨੂੰ ਜੀਵਨ ਦਾ ਬੁਨਿਆਦੀ ਫ਼ਲਸਫ਼ਾ ਬਖ਼ਸ਼ਿਆ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਆਪ ਜੀ ਨੇ ਸਮਝਾਇਆ ਕਿ ਅਕਾਲ ਪੁਰਖ ਇੱਕ ਹੈ। ਉਸ ਦੀ ਹੋਂਦ ਸਦੀਵੀ ਹੈ। ਉਹ ਸਮੁੱਚੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਆਪਣੀ ਰਚਨਾ ਵਿੱਚ ਵਿਆਪਕ ਹੈ। ਉਹ ਭੈ ਅਤੇ ਵੈਰ ਤੋਂ ਰਹਿਤ ਹੈ। ਉਹ ਸਮੇਂ, ਜਨਮ ਅਤੇ ਮਰਨ ਦੀਆਂ ਸੀਮਾਵਾਂ ਤੋਂ ਪਰੇ ਹੈ। ਉਸ ਦੀ ਹੋਂਦ ਆਪਣੇ ਆਪ ਤੋਂ ਹੈ ਅਤੇ ਉਸ ਦੀ ਸੋਝੀ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ।

ਬਾਬਾ ਜੀ! ਮੈਂ ਮੂਲ ਮੰਤਰ ਦਾ ਉਚਾਰਨ ਤਾਂ ਦਿਨ ਵਿੱਚ ਕਈ ਵਾਰ ਕਰਦਾ ਹਾਂ, ਪਰ ਕੀ ਮੈਂ ਇਸ ਦੇ ਅਰਥਾਂ ਅਤੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੈ?

ਜੇਕਰ ਮੈਂ ਸੱਚਮੁੱਚ ਇੱਕ ਅਕਾਲ ਪੁਰਖ ਨੂੰ ਮੰਨਦਾ ਹੁੰਦਾ ਤਾਂ ਮੈਨੂੰ ਉਸ ਦੀ ਰਚੀ ਸ੍ਰਿਸ਼ਟੀ ਦੇ ਹਰ ਜੀਵ ਅੰਦਰ ਉਸੇ ਦੀ ਜੋਤ ਨਜ਼ਰ ਆਉਣੀ ਸੀ।

ਪਰ ਬਾਬਾ ਜੀ! ਮੈਨੂੰ ਤਾਂ ਆਪਣੇ ਪਰਿਵਾਰ, ਭਾਈਚਾਰੇ ਅਤੇ ਆਪਣੇ ਆਲੇ-ਦੁਆਲੇ ਦੇ ਮਨੁੱਖਾਂ ਵਿੱਚ ਵੀ ਤੇਰੀ ਜੋਤ ਨਜ਼ਰ ਨਹੀਂ ਆਉਂਦੀ, ਫਿਰ ਸਮੁੱਚੀ ਮਨੁੱਖਤਾ ਵਿੱਚ ਕਿਵੇਂ ਨਜ਼ਰ ਆਵੇਗੀ?

ਮੇਰੀ ਸੋਚ ਅਜੇ ਵੀ ਮੇਰ-ਤੇਰ, ਆਪਣਾ-ਪਰਾਇਆ, ਜਾਤ-ਪਾਤ, ਧੜੇਬੰਦੀ ਅਤੇ ਨਿੱਜੀ ਸਵਾਰਥਾਂ ਦੀਆਂ ਵਲਗਣਾਂ ਵਿੱਚ ਕੈਦ ਹੈ।

ਨਿਰਭਉ ਤੇ ਨਿਰਵੈਰ ਦਾ ਜਾਪ ਕਰਨ ਵਾਲਾ ਮੈਂ ਕਿੰਨਾ ਕੁ ਨਿਰਭਉ ਤੇ ਨਿਰਵੈਰ ਹਾਂ?

ਬਾਬਾ ਜੀ! ਨਿਰਭਉ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰਕੇ ਮੈਂ ਦੁਨਿਆਵੀ ਡਰਾਂ ਤੋਂ ਮੁਕਤ ਹੋਣਾ ਸੀ। ਸੱਚ ਬੋਲਣ, ਹੱਕ ਲਈ ਖੜ੍ਹਨ ਅਤੇ ਅਨਿਆਂ ਦਾ ਵਿਰੋਧ ਕਰਨ ਦਾ ਨੈਤਿਕ ਸਾਹਸ ਮੇਰੇ ਅੰਦਰ ਪੈਦਾ ਹੋਣਾ ਸੀ।

ਪਰ ਮੇਰੀ ਹਾਲਤ ਤਾਂ ਇਸ ਤੋਂ ਬਿਲਕੁਲ ਉਲਟ ਹੈ।

ਮੈਂ ਅਕਾਲ ਪੁਰਖ ਦੇ ਨਿਰਮਲ ਭਉ ਅਤੇ ਆਪਣੀ ਜ਼ਮੀਰ ਦੀ ਆਵਾਜ਼ ਤੋਂ ਬੇਪਰਵਾਹ ਹੋ ਗਿਆ ਹਾਂ, ਪਰ ਦੁਨਿਆਵੀ ਮਨੁੱਖਾਂ ਤੋਂ ਡਰਦਾ ਹਾਂ। ਗ਼ਲਤ ਕੰਮ ਕਰਨ ਲੱਗਿਆਂ ਮੈਨੂੰ ਆਪਣੀ ਜ਼ਮੀਰ ਦਾ ਡਰ ਨਹੀਂ ਹੁੰਦਾ, ਸਗੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਆ ਜਾਣ ਦਾ ਡਰ ਹੁੰਦਾ ਹੈ।

ਨਿਰਵੈਰ ਅਕਾਲ ਪੁਰਖ ਦਾ ਜਾਪ ਕਰਦਿਆਂ ਮੈਂ ਵੈਰ, ਵਿਰੋਧ, ਈਰਖਾ ਅਤੇ ਨਫ਼ਰਤ ਤੋਂ ਮੁਕਤ ਹੋਣਾ ਸੀ। ਪਰ ਬਾਬਾ ਜੀ! ਮੈਂ ਤਾਂ ਗੁਰਦੁਆਰਾ ਸਾਹਿਬ ਵਿੱਚ ਵੀ ਆਪਣੇ ਭਰਾਵਾਂ ਨੂੰ ਵੈਰ-ਵਿਰੋਧ ਦੀਆਂ ਨਜ਼ਰਾਂ ਨਾਲ ਦੇਖਦਾ ਹਾਂ।

ਜਿਸ ਅਸਥਾਨ ’ਤੇ ਮੈਂ ਆਪਣੇ ਮਨ ਦੀ ਮੈਲ ਧੋਣ ਲਈ ਆਉਣਾ ਸੀ, ਉਸੇ ਅਸਥਾਨ ’ਤੇ ਕਈ ਵਾਰ ਮੈਂ ਆਪਣੀ ਹਉਮੈ, ਈਰਖਾ, ਚੌਧਰ ਅਤੇ ਧੜੇਬੰਦੀ ਦਾ ਪ੍ਰਗਟਾਵਾ ਕਰਦਾ ਹਾਂ।

ਮੇਰੇ ਮੂੰਹ ਵਿੱਚ ਨਿਰਵੈਰ ਦਾ ਜਾਪ ਹੈ, ਪਰ ਮੇਰੇ ਮਨ ਵਿੱਚ ਵੈਰ ਹੈ।
ਮੇਰੇ ਮੂੰਹ ਵਿੱਚ ਸੱਚ ਹੈ, ਪਰ ਮੇਰੇ ਅਮਲਾਂ ਵਿੱਚ ਕੂੜ ਹੈ।
ਮੇਰੇ ਬੋਲਾਂ ਵਿੱਚ ਗੁਰਮਤਿ ਹੈ, ਪਰ ਮੇਰੇ ਵਿਹਾਰ ਵਿੱਚ ਮਨਮਤਿ ਹੈ।

ਫਿਰ ਬਾਬਾ ਜੀ! ਮੈਂ ਕਿਸ ਆਧਾਰ ’ਤੇ ਆਪਣੇ ਆਪ ਨੂੰ ਆਪ ਜੀ ਦਾ ਸਿੱਖ ਅਖਵਾਵਾਂ?

ਬਾਬਾ ਜੀ! ਮੈਂ ਕਿੰਨਾ ਕੁ ਸਚਿਆਰ ਬਣਿਆ ਹਾਂ?

ਆਪ ਜੀ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਹੀ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਸਵਾਲ ਅਤੇ ਉਸ ਦਾ ਉੱਤਰ ਦਿੱਤਾ ਹੈ:

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

ਮਨੁੱਖ ਅਤੇ ਅਕਾਲ ਪੁਰਖ ਵਿਚਕਾਰ ਪਈ ਹਉਮੈ ਤੇ ਕੂੜ ਦੀ ਕੰਧ ਨੂੰ ਢਾਹੁਣ ਲਈ ਉਸ ਦੇ ਹੁਕਮ ਵਿੱਚ ਚੱਲਣਾ ਅਤੇ ਉਸ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਜ਼ਰੂਰੀ ਹੈ।

ਆਪ ਜੀ ਨੇ ਸਚਿਆਰ ਬਣਨ ਲਈ ਜੀਵਨ ਘੜਨ ਦੀ ਜਾਚ ਵੀ ਸਮਝਾਈ:

ਜਤੁ ਪਾਹਾਰਾ ਧੀਰਜੁ ਸੁਨਿਆਰੁ ॥
ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ ॥

ਪਵਿੱਤਰ ਆਚਰਨ, ਧੀਰਜ, ਬਿਬੇਕ ਬੁੱਧੀ, ਗਿਆਨ, ਨਿਰਮਲ ਭਉ, ਘਾਲਣਾ ਅਤੇ ਪ੍ਰੇਮ ਦੀ ਟਕਸਾਲ ਵਿੱਚ ਮੈਂ ਆਪਣਾ ਜੀਵਨ ਘੜਨਾ ਸੀ।

ਪਰ ਬਾਬਾ ਜੀ! ਜਦੋਂ ਮੈਂ ਇਮਾਨਦਾਰੀ ਨਾਲ ਆਪਣੇ ਅੰਦਰ ਝਾਤ ਮਾਰਦਾ ਹਾਂ ਤਾਂ ਮੈਨੂੰ ਇਨ੍ਹਾਂ ਗੁਣਾਂ ਨਾਲੋਂ ਆਪਣੀ ਹਉਮੈ, ਕ੍ਰੋਧ, ਲੋਭ, ਮੋਹ, ਈਰਖਾ ਅਤੇ ਨਿੱਜੀ ਸਵਾਰਥਾਂ ਦੀ ਭਰਮਾਰ ਵਧੇਰੇ ਨਜ਼ਰ ਆਉਂਦੀ ਹੈ।

ਬਾਹਰੀ ਸਰੂਪ ਦੇ ਨਾਲ ਅੰਦਰਲੀ ਸਿੱਖੀ ਵੀ ਕਮਾਉਣੀ ਹੈ

ਬਾਬਾ ਜੀ! ਸਿੱਖੀ ਸਰੂਪ ਧਾਰਨ ਕਰਨਾ ਗੁਰੂ ਦੀ ਬਖ਼ਸ਼ੀ ਪਛਾਣ ਨੂੰ ਗ੍ਰਹਿਣ ਕਰਨਾ ਹੈ, ਪਰ ਇਸ ਸਰੂਪ ਦੀ ਮਹਾਨਤਾ ਨੂੰ ਆਪਣੇ ਉੱਚੇ-ਸੁੱਚੇ ਕਿਰਦਾਰ ਰਾਹੀਂ ਪ੍ਰਗਟ ਕਰਨਾ ਸਾਡਾ ਫ਼ਰਜ਼ ਹੈ।

ਬਾਹਰੀ ਸਰੂਪ ਅਤੇ ਅੰਦਰਲਾ ਕਿਰਦਾਰ ਇੱਕ-ਦੂਜੇ ਦੇ ਪੂਰਕ ਹੋਣੇ ਚਾਹੀਦੇ ਹਨ।

ਆਪ ਜੀ ਦਾ ਫ਼ੁਰਮਾਨ ਹੈ:

ਮਨਿ ਜੀਤੈ ਜਗੁ ਜੀਤੁ ॥

ਮਨੁੱਖ ਨੇ ਵਿਗਿਆਨ ਦੀਆਂ ਬੁਲੰਦੀਆਂ ਛੂਹ ਲਈਆਂ ਹਨ। ਉਹ ਚੰਦ ਤੱਕ ਪਹੁੰਚ ਗਿਆ ਹੈ, ਪੁਲਾੜ ਦੀਆਂ ਅਥਾਹ ਦੂਰੀਆਂ ਨੂੰ ਮਾਪ ਰਿਹਾ ਹੈ, ਪਰ ਆਪਣੇ ਹੀ ਮਨ ਦੀਆਂ ਡੂੰਘਾਈਆਂ ਤੱਕ ਪਹੁੰਚਣਾ ਅਤੇ ਆਪਣੇ ਅੰਦਰਲੇ ਵਿਕਾਰਾਂ ਨੂੰ ਜਿੱਤਣਾ ਅਜੇ ਵੀ ਉਸ ਲਈ ਬਹੁਤ ਵੱਡੀ ਚੁਣੌਤੀ ਹੈ।

ਦੁਨੀਆ ਨੂੰ ਜਿੱਤਣ ਦੀ ਲਾਲਸਾ ਰੱਖਣ ਵਾਲਾ ਮਨੁੱਖ ਅਕਸਰ ਆਪਣੇ ਮਨ ਤੋਂ ਹੀ ਹਾਰਿਆ ਬੈਠਾ ਹੈ।

ਬਾਬਾ ਜੀ! ਮੈਂ ਦੂਜਿਆਂ ਦੀਆਂ ਕਮਜ਼ੋਰੀਆਂ ਨੂੰ ਤਾਂ ਬੜੀ ਸੌਖ ਨਾਲ ਪਛਾਣ ਲੈਂਦਾ ਹਾਂ, ਪਰ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ। ਦੂਜਿਆਂ ਦੇ ਦੋਸ਼ਾਂ ਦੀ ਸੂਚੀ ਮੇਰੇ ਕੋਲ ਬਹੁਤ ਲੰਮੀ ਹੈ, ਪਰ ਆਪਣੀ ਆਤਮ-ਪੜਚੋਲ ਕਰਨ ਤੋਂ ਮੈਂ ਕੰਨੀ ਕਤਰਾਉਂਦਾ ਹਾਂ।

ਗੁਰਪੁਰਬ ਮਨਾਉਣ ਦੀ ਅਸਲ ਸਾਰਥਕਤਾ

ਬਾਬਾ ਜੀ! ਆਪ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਅਸਲ ਸਾਰਥਕਤਾ ਤਾਂ ਉਸ ਦਿਨ ਹੋਵੇਗੀ, ਜਦੋਂ:

* ਸਾਡੇ ਮਨਾਂ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ।
* ਸਾਡੀ ਹਉਮੈ ਦੀ ਥਾਂ ਨਿਮਰਤਾ ਲਵੇਗੀ।
* ਸਾਡੀ ਈਰਖਾ ਅਤੇ ਵੈਰ ਦੀ ਥਾਂ ਪ੍ਰੇਮ ਤੇ ਭਾਈਚਾਰਾ ਪੈਦਾ ਹੋਵੇਗਾ।
* ਸਾਡੀ ਕਹਿਣੀ ਅਤੇ ਕਰਨੀ ਵਿੱਚ ਏਕਤਾ ਆਵੇਗੀ।
* ਸਾਡੀ ਕਿਰਤ ਇਮਾਨਦਾਰੀ ਵਾਲੀ ਅਤੇ ਸਾਡੀ ਸੋਚ ਸਰਬੱਤ ਦੇ ਭਲੇ ਵਾਲੀ ਹੋਵੇਗੀ।
* ਸਾਡੀ ਜ਼ਿੰਦਗੀ ਸੱਚ, ਨਿਆਂ, ਨਿਰਭਉਤਾ ਅਤੇ ਨਿਰਵੈਰਤਾ ਦਾ ਪ੍ਰਗਟਾਵਾ ਬਣੇਗੀ।

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਪ੍ਰਕਾਸ਼ਮਾਨ ਕਰਨ ਵਿਚਕਾਰਲਾ ਫ਼ਾਸਲਾ ਤੈਅ ਕਰਨਾ ਹੀ ਸਾਡੀ ਅਸਲ ਸਿੱਖੀ ਦੀ ਕਮਾਈ ਹੈ।

ਬਾਬਾ ਨਾਨਕ ਜੀ! ਆਪ ਜੀ ਦੇ ਚਰਨਾਂ ਵਿੱਚ ਮੇਰੀ ਅਰਦਾਸ

ਬਾਬਾ ਜੀ! ਮੈਂ ਸਿਰ ਤੋਂ ਪੈਰਾਂ ਤੱਕ ਅਨੇਕਾਂ ਔਗੁਣਾਂ ਨਾਲ ਭਰਿਆ ਹੋਇਆ ਹਾਂ। ਮੇਰੇ ਅੰਦਰ ਬੇਅੰਤ ਕਮਜ਼ੋਰੀਆਂ ਹਨ, ਪਰ ਤੂੰ ਬਖ਼ਸ਼ਣਹਾਰ ਦਾਤਾਰ ਹੈਂ।

ਆਪ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਮੇਰੀ ਅਰਦਾਸ ਹੈ ਕਿ ਹੇ ਦਾਤਾਰ! ਮੇਰੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਿਓ। ਮੈਨੂੰ ਸੁਮੱਤ, ਬਿਬੇਕ, ਬਲ ਅਤੇ ਆਤਮਿਕ ਦ੍ਰਿੜ੍ਹਤਾ ਬਖ਼ਸ਼ਿਓ ਕਿ ਮੈਂ ਆਪ ਜੀ ਦੇ ਉਪਦੇਸ਼ਾਂ ਨੂੰ ਕੇਵਲ ਪੜ੍ਹਾਂ, ਸੁਣਾਂ ਅਤੇ ਦੂਜਿਆਂ ਨੂੰ ਸੁਣਾਵਾਂ ਹੀ ਨਾ, ਸਗੋਂ ਉਨ੍ਹਾਂ ਨੂੰ ਸਤਿ ਸਤਿ ਕਰਕੇ ਮੰਨਾਂ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਕਮਾਵਾਂ।

ਮੇਰੀ ਜੀਭ ਉੱਤੇ ਹੀ ਨਹੀਂ, ਮੇਰੇ ਕਿਰਦਾਰ ਵਿੱਚ ਵੀ ਗੁਰਬਾਣੀ ਹੋਵੇ। ਮੇਰੇ ਬੋਲਾਂ ਵਿੱਚ ਹੀ ਨਹੀਂ, ਮੇਰੇ ਅਮਲਾਂ ਵਿੱਚ ਵੀ ਗੁਰਮਤਿ ਹੋਵੇ।

ਮੈਂ ਗੁਰੂ ਦਾ ਸਿੱਖ ਕੇਵਲ ਅਖਵਾਵਾਂ ਹੀ ਨਾ, ਸਗੋਂ ਗੁਰੂ ਦਾ ਸਿੱਖ ਬਣਨ ਦੇ ਯੋਗ ਵੀ ਹੋ ਸਕਾਂ।

ਤਾਂ ਜੋ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਣ ਅਤੇ ਲੈਣ ਸਮੇਂ ਮੇਰੀ ਆਪਣੀ ਜ਼ਮੀਰ ਮੇਰੇ ਸਾਹਮਣੇ ਸਵਾਲ ਬਣ ਕੇ ਖੜ੍ਹੀ ਨਾ ਹੋਵੇ।

ਗੁਰਪੁਰਬ ਦੀ ਸਭ ਤੋਂ ਵੱਡੀ ਭੇਟ ਫੁੱਲਾਂ ਦੇ ਹਾਰ, ਮਹਿੰਗੇ ਪਕਵਾਨ ਜਾਂ ਵੱਡੇ ਸਮਾਗਮ ਹੀ ਨਹੀਂ, ਸਗੋਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਘੜਿਆ ਹੋਇਆ ਸਾਡਾ ਆਪਣਾ ਸਚਿਆਰ ਜੀਵਨ ਹੈ।

ਇੱਕ ਵਾਰ ਫਿਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ 557ਵੇਂ ਪ੍ਰਕਾਸ਼ ਦਿਹਾੜੇ ’ਤੇ ਆਪ ਜੀ ਦੇ ਉਪਦੇਸ਼ਾਂ ਨੂੰ ਸਤਿ ਸਤਿ ਕਰਕੇ ਮੰਨਣ, ਉਨ੍ਹਾਂ ਦੀ ਕਮਾਈ ਕਰਨ ਅਤੇ ਉਨ੍ਹਾਂ ਅਨੁਸਾਰ ਆਪਣਾ ਜੀਵਨ ਜਿਊਣ ਵਾਲੇ ਸਮੂਹ ਗੁਰਸਿੱਖਾਂ ਨੂੰ ਕੋਟਿਨ ਕੋਟਿ ਵਧਾਈਆਂ!

ਭੁੱਲਾਂ-ਚੁੱਕਾਂ ਲਈ ਖਿਮਾ ਦਾ ਜਾਚਕ,

 

khireyapunjab
Author: khireyapunjab

Leave a Reply

Your email address will not be published. Required fields are marked *

Latest News