Home » ਜੀਵਨ ਸ਼ੈਲੀ » ਬਰਸੀ ਤੇ ਵਿਸੇਸ਼ ਗੁਰਦੁਆਰਾ ਸੁਧਾਰ ਲਹਿਰ ਦੇ ਨਿਧੜਕ ਆਗੂ- ਲੇਖਕ ਸੁਰਜੀਤ ਸਿੰਘ ਭੁੱਚਰ (ਪੋਤਰਾ)

ਬਰਸੀ ਤੇ ਵਿਸੇਸ਼ ਗੁਰਦੁਆਰਾ ਸੁਧਾਰ ਲਹਿਰ ਦੇ ਨਿਧੜਕ ਆਗੂ- ਲੇਖਕ ਸੁਰਜੀਤ ਸਿੰਘ ਭੁੱਚਰ (ਪੋਤਰਾ)

SHARE ARTICLE

22 Views

ਬਰਸੀ ਤੇ ਵਿਸੇਸ਼ ਗੁਰਦੁਆਰਾ ਸੁਧਾਰ ਲਹਿਰ ਦੇ ਨਿਧੜਕ ਆਗੂ। ਜਥੇਦਾਰ ਤੇਜਾ ਸਿੰਘ ਭੁੱਚਰ। ਜਥੇਦਾਰ ਤੇਜਾ ਸਿੰਘ ਭੁੱਚਰ ਦਾ ਜਨਮ 28 ਅਕਤੂਬਰ 1887 ਈ. ਨੂੰ ਨਾਨਕੇ ਪਿੰਡ ਫੇਰੂ ਜਿਲ੍ਹਾ ਲਾਹੌਰ ( ਹੁਣ ਪਾਕਿਸਤਾਨ ) ਵਿਖੇ ਹੋਇਆ। ਇਨ੍ਹਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ ਜਿਲ੍ਹਾ ਤਰਨਤਾਰਨ ਸੀ। ਇਨ੍ਹਾਂ ਦੇ ਪਿਤਾ ਸ਼ਾਹ ਮਈਆ ਸਿੰਘ ਹਕੀਮ ਅਤੇ ਮਾਤਾ ਮਹਿਤਾਬ ਕੌਰ ਸਨ। ਮੁੱਢਲੀ ਪੜ੍ਹਾਈ ਕਰਨ ਬਾਅਦ ਫੌਜ ਵਿੱਚ ਭਰਤੀ ਹੋ ਗਏ ਪਰ ਕੁਝ ਸਮੇਂ ਬਾਅਦ ਹੀ ਨੌਕਰੀ ਛੱਡ ਕੇ ਅੰਮ੍ਰਿਤਪਾਨ ਕਰਕੇ ਆਪਣੇ ਸਾਥੀਆਂ ਨਾਲ ਮਿਲ ਕੇ ਅਕਾਲੀ ਲਹਿਰ ਸ਼ੁਰੂ ਕੀਤੀ। ਇਹ ਲਹਿਰ ਗੁਰਮਤਿ ਸਿਧਾਂਤਾਂ, ਮਾਨਤਾਵਾਂ,ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਸਮਰਪਿਤ ਸੀ। ਪੰਜਾਬੀ ਰਵੀਦਾਸੀਏ,ਲੁਹਾਰ, ਚੁਮਾਰ, ਈਸਾਈਆਂ ਅਤੇ ਮੁਸਲਮਾਨਾਂ ਵਿੱਚੋਂ ਸਜੇ ਸਿੰਘਾਂ ਨੂੰ ਖੂਹਾਂ ਤੇ ਚੜ੍ਹਾ ਪਾਣੀ ਭਰਨ ਦੇ ਹੱਕ ਦਿਵਾਏ। ਗੁਰਦੁਆਰਾ ਸੁਧਾਰ ਲਹਿਰ ਵੀ ਦਲਿਤ ਸਿੰਘਾਂ ਨੂੰ ਉੱਚ ਮੰਨੇ ਜਾਂਦੇ ਸਿੱਖਾਂ ਦੇ ਬਰਾਬਰ ਹੱਕ ਦਿਵਾਉਣ ਲਈ ਹੀ ਸ਼ੁਰੂ ਹੋਣ ਦਾ ਇਕ ਬਹਾਨਾ ਬਣੀ। ਜਦੋਂ ਮਹੰਤਾਂ ਨੇ ਅੰਗਰੇਜ ਸਰਕਾਰ ਦੀ ਸ਼ਹਿ ਤੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਕਬਜੇ ਵਿੱਚ ਕਰ ਲਿਆ ਤਾਂ ਉਹ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਨੂੰ ਆਪਣੇ ਨਾਂਅ ਕਰਵਾਉਣ ਲੱਗ ਪਏ ਅਤੇ ਗੁਰੂਘਰਾਂ ਵਿੱਚ ਮਨਮਾਨੀਆਂ ਕਰਨ ਲੱਗ ਪਏ। ਇਸ ਦੌਰਾਨ ਪੱਛੜੀਆਂ ਜਾਤੀਆਂ ਦੇ ਕੁੱਝ ਨਵੇਂ ਸਜੇ ਸਿੰਘ ਕੜਾਹ ਪ੍ਰਸਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਅਰਦਾਸ ਕਰਵਾਉਣ ਲਈ ਗਏ ਤਾਂ ਪੁਜਾਰੀਆਂ ਨੇ ਦੇਗ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਇਸ ਬਾਰੇ ਜਥੇਦਾਰ ਤੇਜਾ ਸਿੰਘ ਭੁੱਚਰ ਅਤੇ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ ਤਾਂ ਪੁਜਾਰੀਆਂ ਨੇ ਪਹਿਲਾਂ ਤਾਂ ਇਨਕਾਰ ਕੀਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈਣ ਤੋਂ ਬਾਅਦ ਦੇਗ ਪ੍ਰਵਾਨ ਕਰ ਲਈ। ਜਦੋਂ ਇਹ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਨ ਲਈ ਪਹੁੰਚਿਆ ਤਾਂ ਪੁਜਾਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਚਲੇ ਗਏ। ਇਹ ਘਟਨਾਕ੍ਰਮ 12 ਅਕਤੂਬਰ 1920 ਨੂੰ ਵਾਪਰਿਆ। ਪੁਜਾਰੀਆਂ ਵੱਲੋਂ ਵਾਪਸ ਆਉਣ ਤੋਂ ਇਨਕਾਰ ਕਰਨ ਤੇ ਹਾਜ਼ਰ ਸੰਗਤਾਂ ਨੇ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਪ੍ਰਵਾਨਗੀ ਦਿੱਤੀ। ਇਸ ਤਰਾਂ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਬਣਨ ਦਾ ਮਾਣ ਪ੍ਰਾਪਤ ਹੋਇਆ। ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਪੰਥਕ ਸਰੂਪ ਦਿੱਤਾ ਅਤੇ ਬਿਪਰਵਾਦੀ ਰਹੁ-ਰੀਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਣ ਦੀ ਸ਼ੁਰੂਆਤ ਕੀਤੀ। ਉਹਨਾਂ ਦੇ ਯਤਨਾਂ ਸਦਕਾ ਹੀ ਨਵੰਬਰ, 1920 ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਅਤੇ ਦਸੰਬਰ 1920 ਵਿੱਚ ਸ੍ਰੋਮਣੀ ਅਕਾਲੀ ਦਲ ਬਣੇ। ਇਸ ਤਰਾਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਅਤੇ ਜਥੇਦਾਰ ਨੇ ਆਪਣੇ ਜਥੇ ਦੀ ਅਗਵਾਈ ਕਰਦਿਆਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ, ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਸਮੇਤ ਬਹੁਤ ਸਾਰੇ ਗੁਰਦੁਆਰਾਂ ਸਾਹਿਬ ਨੂੰ ਸਰਕਾਰੀ ਪਿੱਠੂਆਂ ਅਤੇ ਪੁਜਾਰੀਆਂ ਤੋਂ ਅਜ਼ਾਦ ਕਰਵਾਇਆ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਹਰ ਮੋਰਚੇ ਵਿੱਚ ਯੋਗਦਾਨ ਪਾਇਆ। ਅੰਗਰੇਜ ਸਰਕਾਰ ਵਿਰੁੱਧ ਦੋ ਵਾਰ ਅਖ਼ਬਾਰ ਵੀ ਛਾਪੇ। ਇਸ ਸੰਘਰਸ਼ ਦੌਰਾਨ ਜਥੇਦਾਰ ਜੀ ਨੂੰ ਕਈ ਵਾਰ ਜੇਲ੍ਹ ਵਿੱਚ ਜਾਣਾ ਜਿੱਥੇ ਉਹਨਾਂ ਨੂੰ ਅੰਗਰੇਜ ਸਰਕਾਰ ਦਾ ਤਸੱਦਦ ਵੀ ਝੱਲਣਾ ਪਿਆ। ਆਪਣੇ ਜੀਵਨ ਦੇ ਲਗਭਗ 15 ਸਾਲ ਉਨ੍ਹਾਂ ਨੇ ਜੇਲ੍ਹਾਂ ਵਿੱਚ ਬਿਤਾਏ। ਮੁਕੱਦਮੇ ਲੜਦਿਆਂ ਉਨ੍ਹਾਂ ਦੀ ਸਾਰੀ ਉਮਰ ਹੀ ਕੋਰਟ ਕਚਿਹਰੀ ਆਂ ਵਿੱਚ ਲੰਗ ਗਈ। ਬੱਬਰ ਅਕਾਲੀ ਲਹਿਰ ਵਿੱਚ ਵੀ ਉਨ੍ਹਾਂ ਅਹਿਮ ਯੋਗਦਾਨ ਪਾਇਆ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸਾਰੀ ਜਿੰਦਗੀ ਕਾਲੇ ਵਸਤਰ ਪਹਿਨੇ। 13 ਅਪ੍ਰੈਲ 1923 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਹਿੰਦੂ-ਮੁਸਲਿਮ ਫਸਾਦ ਸ਼ੁਰੂ ਹੋ ਗਏ। ਬਹੁਤ ਜਿਆਦਾ ਨੁਕਸਾਨ ਹੋਇਆ। ਜਥੇਦਾਰ ਭੁੱਚਰ ਨੇ 200 ਸਿੰਘਾਂ ਸਮੇਤ ਭਾਈਚਾਰਕ ਸਾਂਝ ਲਈ ਸ਼ਾਂਤਮਈ ਜਲੂਸ ਕੱਢਿਆ। ਘਰ-ਘਰ ਤਕ ਪਹੁੰਚ ਕੀਤੀ। ਜਿਸ ਨਾਲ ਮਾਹੌਲ ਸਾਂਤ ਹੋਇਆ। ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਜੁਰਮਾਨੇ, ਕੁਰਕੀਆਂ ਵੀ ਹੋਈਆਂ ਅਤੇ ਜਾਇਦਾਦ ਜਬਤ ਵੀ ਹੋਈ। ਜਥੇਦਾਰ ਤੇਜਾ ਸਿੰਘ ਭੁੱਚਰ 2 ਅਕਤੂਬਰ 1939 ਈ. ਨੂੰ ਦੁਪਹਿਰ ਵੇਲੇ ਆਪਣੇ ਪਿੰਡ ਤੋਂ ਗੱਗੋਬੂਆ ਵੱਲ ਆ ਰਹੇ ਸਨ ਕਿ ਅੰਗਰੇਜ ਸਰਕਾਰ ਦੀ ਸ਼ਹਿ ਤੇ ਆਪ ਦੇ ਵਿਰੋਧੀਆਂ ਨੇ ਅਚਾਨਕ ਹਮਲਾ ਕਰ ਦਿੱਤਾ ਜਿਸ ਵਿਚ ਇਨ੍ਹਾਂ ਦੀ ਲੱਤ ਤੇ ਵੱਡੀ ਸੱਟ ਵੱਜ ਗਈ। ਅੰਮ੍ਰਿਤਸਰ ਹਸਪਤਾਲ ਵਿੱਚ ਇਹ ਸੂਰਮਾ, ਗੜਗੱਜ, ਬੱਬਰ ਸ਼ੇਰ, ਹਠੀਲੇ ਸੁਭਾਅ ਵਾਲਾ ਪ੍ਰਭਾਵਸ਼ਾਲੀ ਆਗੂ 3 ਅਕਤੂਬਰ 1939 ਈ. ਨੂੰ ਸਵੇਰੇ ਤੜਕਸਾਰ ਅਕਾਲ ਪੁਰਖ ਦੇ ਚਰਨਾਂ ਵਿੱਚ ਅਭੇਦ ਹੋ ਗਿਆ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ 2 ਅਕਤੂਬਰ ਨੂੰ ਉਹਨਾਂ ਦੇ ਜੱਦੀ ਘਰ ਵਿੱਚ ਪਿੰਡ ਨਿੱਕੇ ਭੁੱਚਰ ਵਿਖੇ ਮਨਾਉਂਦੀ ਹੈ।                                                             ਲੇਖਕ ਸੁਰਜੀਤ ਸਿੰਘ ਭੁੱਚਰ ( ਪੋਤਰਾ) 9872318929

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News