ਨਵੀਂ ਦਿੱਲੀ, 21 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਬੈਲਜੀਅਮ ਦੇ ਸਿੰਤ-ਟਰੂਡਿਨ ਵਿਖੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਸਮੇਤ ਵੱਖ-ਵੱਖ ਵਿਸ਼ਵ ਜੰਗਾਂ ਦੌਰਾਨ ਸ਼ਹੀਦ ਹੋਏ ਸਿੱਖ ਸਿਪਾਹੀਆਂ ਦੀ ਯਾਦ ਵਿੱਚ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸ਼ਹਿਰ ਸਥਿਤ ਸਿੱਖ ਸ਼ਹੀਦ ਯਾਦਗਾਰ ’ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਿੱਖ ਸੰਗਤ ਵੱਲੋਂ ਜੈਕਾਰਿਆਂ ਨਾਲ ਸ਼ਹੀਦ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਥਾਨਕ ਬੈਲਜੀਅਨ ਨਾਗਰਿਕਾਂ ਵੱਲੋਂ ਬੈਂਡ ਦੀਆਂ ਧੁਨਾਂ ਨਾਲ ਬੈਲਜੀਅਮ ਦਾ ਰਾਸ਼ਟਰੀ ਗੀਤ ਗਾ ਕੇ ਵੀ ਸ਼ਹੀਦਾਂ ਨੂੰ ਸਨਮਾਨ ਦਿੱਤਾ ਗਿਆ। ਸਮਾਗਮ ਵਿੱਚ ਸਿੰਤ-ਟਰੂਡਿਨ ਦੇ ਮੇਅਰ ਲੁਡਵਿਗ ਵੈਂਡਨਹੋਵ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤ ਗੁਰਦੁਆਰਾ ਸੰਗਤ ਸਾਹਿਬ ਵਿਖੇ ਪਹੁੰਚੀ, ਜਿੱਥੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਸਿਪਾਹੀਆਂ ਦੀਆਂ ਤਸਵੀਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਰਾਹੀਂ ਸਿੱਖ ਸਿਪਾਹੀਆਂ ਦੀ ਬਹਾਦਰੀ, ਕੁਰਬਾਨੀ ਅਤੇ ਵਿਸ਼ਵ ਜੰਗਾਂ ਦੌਰਾਨ ਨਿਭਾਈ ਭੂਮਿਕਾ ਨੂੰ ਯਾਦ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਮੇਅਰ ਸਮੇਤ ਪਤਵੰਤੇ ਸੱਜਣਾਂ ਅਤੇ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ। ਯੂਰਪੀਅਨ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਭਾਈ ਬਿੰਦਰ ਸਿੰਘ ਨੇ ਕਿਹਾ ਕਿ ਸਿੱਖ ਸਿਪਾਹੀਆਂ ਦੀਆਂ ਕੁਰਬਾਨੀਆਂ ਸਿਰਫ਼ ਸਿੱਖ ਇਤਿਹਾਸ ਦਾ ਹਿੱਸਾ ਨਹੀਂ, ਸਗੋਂ ਯੂਰਪ ਦੀ ਜੰਗੀ ਇਤਿਹਾਸਕ ਵਿਰਾਸਤ ਦਾ ਵੀ ਅਹਿਮ ਅਧਿਆਇ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਨ੍ਹਾਂ ਸ਼ਹੀਦਾਂ ਦੇ ਇਤਿਹਾਸ ਅਤੇ ਕੁਰਬਾਨੀਆਂ ਨਾਲ ਜੋੜਨਾ ਜ਼ਰੂਰੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣ ਸਕਣ ਕਿ ਸਿੱਖ ਸਿਪਾਹੀਆਂ ਨੇ ਵਿਸ਼ਵ ਜੰਗਾਂ ਦੌਰਾਨ ਕਿੰਨੀ ਬਹਾਦਰੀ ਨਾਲ ਆਪਣਾ ਫਰਜ਼ ਨਿਭਾਇਆ। ਜ਼ਿਕਰਯੋਗ ਹੈ ਕਿ ਬੈਲਜੀਅਮ ਦੀ ਧਰਤੀ ਨਾਲ ਸਿੱਖ ਸਿਪਾਹੀਆਂ ਦੀ ਕੁਰਬਾਨੀ ਦਾ ਡੂੰਘਾ ਇਤਿਹਾਸਕ ਨਾਤਾ ਹੈ। ਪਹਿਲੀ ਵਿਸ਼ਵ ਜੰਗ ਦੌਰਾਨ ਭਾਰਤੀ ਫੌਜ ਦੀਆਂ ਸਿੱਖ ਰੈਜੀਮੈਂਟਾਂ ਨੇ ਬੈਲਜੀਅਮ ਸਮੇਤ ਯੂਰਪ ਦੇ ਵੱਖ-ਵੱਖ ਮੋਰਚਿਆਂ ’ਤੇ ਲੜਦਿਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਸਿੰਤ-ਟਰੂਡਿਨ ਵਿੱਚ ਹਰ ਸਾਲ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤੇ ਜਾਂਦੇ ਇਹ ਉਪਰਾਲੇ ਉਸ ਇਤਿਹਾਸ ਨੂੰ ਸਾਂਭਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸਾਧਨ ਬਣ ਰਹੇ ਹਨ। ਇਸ ਮੌਕੇ ਗੁਰਦੁਆਰਾ ਸੰਗਤ ਸਾਹਿਬ ਦੇ ਪ੍ਰਧਾਨ ਭਾਈ ਸੁਰਜੀਤ ਸਿੰਘ, ਯੂਰਪੀਅਨ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਭਾਈ ਬਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਮੋਹਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ, ਭਾਈ ਸੁਖਵਿੰਦਰ ਸਿੰਘ ਮੁਲਤਾਨੀ, ਭਾਈ ਚਰਨਜੀਤ ਸਿੰਘ ਮੁਲਤਾਨੀ ਅਤੇ ਭਾਈ ਸੁਰਿੰਦਰ ਸਿੰਘ ਮਿਆਣੀ ਸਮੇਤ ਹੋਰ ਸੰਗਤਾਂ ਅਤੇ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੈਟ੍ਰਿਕ ਵੁਰਜਿਟਰ, ਜੋ ਸਿੰਤ-ਟਰੂਡਿਨ ਸ਼ਹਿਰ ਦੀਆਂ ਦੇਸ਼ਭਗਤ ਜਥੇਬੰਦੀਆਂ ਦੇ ਪ੍ਰਧਾਨ ਹਨ, ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








