ਨਵੀਂ ਦਿੱਲੀ 19 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਜਨਰਲ ਦੇ ਬਾਹਰ ਖਾਲਿਸਤਾਨ-ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਇੱਕ ਵਿਸ਼ਾਲ ਅਤੇ ਤਿੱਖੀ ਖਾਲਿਸਤਾਨ ਜਿੰਦਾਬਾਦ ਰੈਲੀ ਕੱਢੀ ਗਈ ਜਿਸ ਵਿੱਚ ਵੈਨਕੂਵਰ ਸਰੀ ਐਬਟਸਫੋਰਡ ਕੈਲਗਰੀ ਅਤੇ ਐਡਮੰਟਨ ਤੋਂ ਪਹੁੰਚੀ ਸਿੱਖ ਸੰਗਤ ਨੇ ਭਾਰਤ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅੰਤਰਰਾਸ਼ਟਰੀ ਪੱਧਰ ਉੱਤੇ ਇਨਸਾਫ਼ ਅਤੇ ਜਵਾਬਦੇਹੀ ਦੀ ਮੰਗ ਦੁਹਰਾਈ ਹੈ। ਜਿਕਰਯੋਗ ਹੈ ਕਿ 18 ਸਤੰਬਰ 2023 ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਊਸ ਆਫ਼ ਕਾਮਨਜ਼ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਸੰਨ੍ਹਮਾਰੀ ਬਾਰੇ ਦਿੱਤੇ ਇਤਿਹਾਸਕ ਬਿਆਨ ਅਤੇ ਅਕਤੂਬਰ 2024 ਵਿੱਚ ਆਰਸੀਐਮਪੀ ਵੱਲੋਂ ਛੇ ਭਾਰਤੀ ਡਿਪਲੋਮੈਟਾਂ ਨੂੰ ਸ਼ੱਕੀ ਘੇਰੇ ਵਿੱਚ ਲਿਆਉਣ ਦੇ ਘਟਨਾਕ੍ਰਮ ਨੂੰ ਯਾਦ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਕੂਮਤ ਉੱਤੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਵਿਦੇਸ਼ੀ ਧਰਤੀ ਉੱਤੇ ਗੈਰ-ਕਾਨੂੰਨੀ ਕਾਰਵਾਈਆਂ ਦੇ ਗੰਭੀਰ ਦੋਸ਼ ਲਗਾਏ ਹਨ। ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਉਦੋਂ ਹੋਰ ਭੜਕ ਗਿਆ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ ਨੂੰ ਮਰਨ ਦਿਵਸ ਵਜੋਂ ਮਨਾਉਂਦਿਆਂ ਇੱਕ ਬੇਹੱਦ ਵਿਵਾਦਤ ਡੈੱਥ-ਥੀਮ ਵਾਲਾ ਬੈਨਰ ਅਤੇ ਭਾਰਤੀ ਡਿਪਲੋਮੈਟਾਂ ਦੇ ਪੋਸਟਰ ਸ਼ਰੇਆਮ ਪ੍ਰਦਰਸ਼ਿਤ ਕੀਤੇ ਗਏ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਆਗੂਆਂ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ ਅਤੇ ਟੀਮ ਸ਼ਹੀਦ ਨਿੱਝਰ ਦੇ ਭਾਈ ਮਨਜਿੰਦਰ ਸਿੰਘ ਖਾਲਸਾ, ਜੈਕ ਸਿੰਘ ਸਿੱਧੂ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦਿਆਂ ਦੀ ਅਗਵਾਈ ਹੇਠ ਇਕੱਤਰ ਹੋਏ ਪ੍ਰਬੰਧਕਾਂ ਨੇ ਆਉਣ ਵਾਲੀ 18 ਅਕਤੂਬਰ 2026 ਨੂੰ ਐਡਮੰਟਨ ਅਲਬਰਟਾ ਵਿੱਚ ਹੋਣ ਵਾਲੀ ਖਾਲਿਸਤਾਨ ਰੈਫਰੈਂਡਮ ਵੋਟਿੰਗ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਐਲਾਨ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਨਿੱਝਰ ਦੇ ਕਤਲ ਦਾ ਇਨਸਾਫ਼ ਮਿਲਣ ਤੱਕ ਭਾਰਤੀ ਹਕੂਮਤ ਵਿਰੁੱਧ ਇਹ ਸੰਘਰਸ਼ ਅਤੇ ਵਿਰੋਧ ਪ੍ਰਦਰਸ਼ਨ ਪੂਰੀ ਤਿੱਖਤ ਨਾਲ ਜਾਰੀ ਰਹਿਣਗੇ। ਇਸ ਦੌਰਾਨ ਪ੍ਰਬੰਧਕਾਂ ਨੇ ਭਾਰਤੀ ਹਕੂਮਤ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਆਖਿਆ ਕਿ ਸਿੱਖ ਕੌਮ ਉੱਤੇ ਜ਼ੁਲਮ ਕਰਨ ਵਾਲੇ ਅਤੇ ਵਿਦੇਸ਼ੀ ਧਰਤੀ ਉੱਤੇ ਸਰਕਾਰੀ ਦਹਿਸ਼ਤਗਰਦੀ ਫੈਲਾਉਣ ਵਾਲੇ ਇਸ ਭੁਲੇਖੇ ਵਿੱਚ ਨਾ ਰਹਿਣ ਕਿ ਉਹ ਬਚ ਨਿਕਲਣਗੇ। ਉਨ੍ਹਾਂ ਨੇ ਸਾਫ਼ ਕੀਤਾ ਕਿ ਭਾਰਤ ਸਰਕਾਰ ਦੀਆਂ ਅਜਿਹੀਆਂ ਗੈਰ-ਕਾਨੂੰਨੀ ਚਾਲਾਂ ਨਾਲ ਖਾਲਿਸਤਾਨੀ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ ਬਲਕਿ ਇਹ ਇਨਸਾਫ਼ ਦੀ ਆਵਾਜ਼ ਵਿਸ਼ਵ ਪੱਧਰ ਉੱਤੇ ਭਾਰਤੀ ਰਾਜਨੀਤਿਕ ਢਾਂਚੇ ਨੂੰ ਹੋਰ ਬੇਨਕਾਬ ਕਰੇਗੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








