Home » ਨਵੀਂ ਦਿੱਲੀ » ਸੱਜਣ ਕੁਮਾਰ ਦੀ ਮੌਤ ‘ਤੇ ਸਰਨਾ ਦਾ ਤਿੱਖਾ ਹਮਲਾ: ਦੋਸ਼ੀ ਤਾਂ ਮਰ ਗਿਆ, ਪਰ ਹਾਈ ਕੋਰਟ ਦਾ ‘ਨਸਲਕੁਸ਼ੀ ਵਿਰੋਧੀ ਕਾਨੂੰਨ’ ਵਾਲਾ ਸਵਾਲ ਅਜੇ ਵੀ ਜ਼ਿੰਦਾ

ਸੱਜਣ ਕੁਮਾਰ ਦੀ ਮੌਤ ‘ਤੇ ਸਰਨਾ ਦਾ ਤਿੱਖਾ ਹਮਲਾ: ਦੋਸ਼ੀ ਤਾਂ ਮਰ ਗਿਆ, ਪਰ ਹਾਈ ਕੋਰਟ ਦਾ ‘ਨਸਲਕੁਸ਼ੀ ਵਿਰੋਧੀ ਕਾਨੂੰਨ’ ਵਾਲਾ ਸਵਾਲ ਅਜੇ ਵੀ ਜ਼ਿੰਦਾ

SHARE ARTICLE

10 Views

​ਨਵੀਂ ਦਿੱਲੀ 20 ਅਗਸਤ (ਮਨਪ੍ਰੀਤ ਸਿੰਘ ਖਾਲਸਾ):- 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਅਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜੇਲ੍ਹ ਵਿੱਚ ਹੋਈ ਮੌਤ ਤੋਂ ਬਾਅਦ ਦਿੱਲੀ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੇਂਦਰ ਸਰਕਾਰ ਅਤੇ ਦੇਸ਼ ਦੀ ਨਿਆਂ ਪ੍ਰਣਾਲੀ ਵਿਰੁੱਧ ਬੇਹੱਦ ਤਿੱਖਾ ਤੇ ਹਮਲਾਵਰ ਰੁੱਖ ਅਪਣਾਉਂਦਿਆਂ ਸਵਾਲ ਦਾਗਿਆ ਹੈ ਕਿ ਕੀ ਦੋਸ਼ੀ ਦੀ ਮੌਤ ਦੇ ਨਾਲ ਹੀ ਦਿੱਲੀ ਹਾਈ ਕੋਰਟ ਵੱਲੋਂ ਦਿੱਤੀ ਗਈ ਵੱਡੀ ਚੇਤਾਵਨੀ ਵੀ ਦਫ਼ਨ ਕਰ ਦਿੱਤੀ ਗਈ ਹੈ? ਸ. ​ਸਰਨਾ ਨੇ ਸਖ਼ਤ ਸ਼ਬਦਾਂ ਵਿੱਚ ਯਾਦ ਦਿਵਾਇਆ ਕਿ 2018 ਵਿੱਚ ਦਿੱਲੀ ਹਾਈ ਕੋਰਟ ਦੇ ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੇ ਬੈਂਚ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸੁਣਾਉਂਦੇ ਹੋਏ ਸਪੱਸ਼ਟ ਲਿਖਿਆ ਸੀ ਕਿ ਭਾਰਤੀ ਫੌਜਦਾਰੀ ਕਾਨੂੰਨ ਵਿੱਚ ‘ਨਸਲਕੁਸ਼ੀ’ (ਜੀਨੋਸਾਈਡ) ਅਤੇ ‘ਮਨੁੱਖਤਾ ਵਿਰੁੱਧ ਅਪਰਾਧ’ ਨਾਲ ਨਜਿੱਠਣ ਲਈ ਕੋਈ ਠੋਸ ਕਾਨੂੰਨੀ ਢਾਂਚਾ ਨਹੀਂ ਹੈ। ਅਦਾਲਤ ਨੇ ਇਸ ਵੱਡੀ ਕਾਨੂੰਨੀ ਖਾਮੀ (ਲੂਫੋਲੇ) ਨੂੰ ‘ਤੁਰੰਤ’ ਭਰਨ ਦੀ ਹਦਾਇਤ ਕੀਤੀ ਸੀ। ​ਸ. ਸਰਨਾ ਨੇ ਸਰਕਾਰ ਦੀ ਨੀਅਤ ‘ਤੇ ਤਿੱਖੇ ਤੀਰ ਚਲਾਉਂਦਿਆਂ ਪੁੱਛਿਆ, “ਅੱਠ ਸਾਲ ਬੀਤ ਜਾਣ ਦੇ ਬਾਵਜੂਦ ਕਾਨੂੰਨ ਨਾ ਬਣਨਾ ਸਾਬਤ ਕਰਦਾ ਹੈ ਕਿ ਸਰਕਾਰਾਂ ਲਈ ‘ਤੁਰੰਤ’ (ਅਰਜੇਂਟ) ਸ਼ਬਦ ਦੇ ਕੋਈ ਮਾਇਨੇ ਨਹੀਂ ਹਨ। ਅੱਜ ਦੋਸ਼ੀ ਮਰ ਚੁੱਕਾ ਹੈ, ਪਰ ਕੀ 84 ਦੇ ਪੀੜਤਾਂ ਨੂੰ ਨਿਆਂ ਦੇਣ ਵਾਲਾ ਉਹ ਕਾਨੂੰਨ ਵੀ ਮਰ ਗਿਆ?” ​ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਦੇ ਮਰਨ ਨਾਲ 1984 ਦੇ ਖੂਨੀ ਕਤਲੇਆਮ ਦੇ ਦਾਗ ਮਿਟ ਨਹੀਂ ਸਕਦੇ। ਦੇਸ਼ ਵਿੱਚ ਘੱਟ ਗਿਣਤੀਆਂ ‘ਤੇ ਹੁੰਦੇ ਸਮੂਹਿਕ ਜ਼ੁਲਮਾਂ ਨੂੰ ਰੋਕਣ ਲਈ ਨਸਲਕੁਸ਼ੀ ਵਿਰੋਧੀ ਵਿਸ਼ੇਸ਼ ਕਾਨੂੰਨ ਦਾ ਨਾ ਹੋਣਾ ਭਾਰਤੀ ਡੈਮੋਕ੍ਰੇਸੀ ਅਤੇ ਨਿਆਂ ਪ੍ਰਣਾਲੀ ‘ਤੇ ਇੱਕ ਗੰਭੀਰ ਤੇ ਕਾਲਾ ਧੱਬਾ ਹੈ। ​ਸ. ਸਰਨਾ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ— “ਸੱਜਣ ਕੁਮਾਰ ਮਰ ਗਿਆ, ਪਰ ਅੱਠ ਸਾਲ ਪਹਿਲਾਂ ਹਾਈ ਕੋਰਟ ਵੱਲੋਂ ਦਾਗਿਆ ਗਿਆ ਸਵਾਲ ਅੱਜ ਵੀ ਸਰਕਾਰ ਦੇ ਸਾਹਮਣੇ ਜਿਉਂ ਦਾ ਤਿਉਂ ਖੜ੍ਹਾ ਹੈ—’ਆਖਿਰ ਨਸਲਕੁਸ਼ੀ ਵਿਰੋਧੀ ਕਾਨੂੰਨ ਕਿੱਥੇ ਹੈ?'”

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News