Home » ਪੰਜਾਬ » ਸਮੂਹ ਮਿਸ਼ਨਰੀ ਕਾਲਜਾਂ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਵਿਸ਼ੇਸ਼ ਸੈਮੀਨਾਰ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ।

ਸਮੂਹ ਮਿਸ਼ਨਰੀ ਕਾਲਜਾਂ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਵਿਸ਼ੇਸ਼ ਸੈਮੀਨਾਰ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ।

SHARE ARTICLE

213 Views

ਲੁਧਿਆਣਾ (20 ਅਗਸਤ): ਅੱਜ ਸਮੂਹ ਮਿਸ਼ਨਰੀ ਕਾਲਜਾਂ ਦੇ ਸਾਂਝੇ ਉੱਦਮ ਨਾਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਲੜੀਵਾਰ ਸਾਂਝੀ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਇਲਾਵਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਰੋਪੜ, ਭਾਈ ਤਖ਼ਤ ਸਿੰਘ ਕੰਨਿਆ ਮਹਾਂਵਿਦਿਆਲਾ (ਬੁੱਢੇਵਾਲ) ਅਤੇ ਭਗਤ ਪੂਰਨ ਸਿੰਘ ਗੁਰਮਤਿ ਸੰਗੀਤ ਕਾਲਜ (ਰੋਹਣੋ ਰਾਜੇਵਾਲ) ਦੇ ਵਿਦਿਆਰਥੀਆਂ, ਸਟਾਫ਼, ਪ੍ਰਬੰਧਕਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੀ ਆਰੰਭਤਾ ਅਤੇ ਗੁਰਮਤਿ ਵਿਚਾਰਾਂ ਦੀ ਆਰੰਭਤਾ ਭਾਈ ਬਲੇਸ਼ਵਰ ਸਿੰਘ ਜੀ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਨਾਲ ਹੋਈ । ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਨੇ ਭੂਮਕਾ ਦੇ ਸ਼ਬਦ ਬੋਲਦਿਆਂ ਸਭ ਨੂੰ ਜੀ ਆਇਆਂ ਕਿਹਾ। ਜਿਸ ਤੋਂ ਬਾਅਦ ਵਿਦਿਆਰਥੀ ਪ੍ਰਿਆਂਸ ਸਿੰਘ ਨੇ ‘ਸ਼ਬਦ ਗੁਰੂ ਦੀ ਮਹੱਤਤਾ’ ‘ਤੇ ਵਿਚਾਰ ਰੱਖੇ।
ਪਹਿਲਾ ਸੈਸ਼ਨ: ਭਾਈ ਸੁਖਵਿੰਦਰ ਸਿੰਘ ਦਦੇਹਰ ਨੇ “ਕਰਤੂਤਿ ਪਸੁ ਕੀ ਮਾਨਸ ਜਾਤਿ॥ — ਆਵਾਗਵਨ ਭਾਗ-2” ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਗੁਰਬਾਣੀ ਅਨੁਸਾਰ ਆਵਾਗਵਨ ਸਰੀਰਕ ਨਹੀਂ ਸਗੋਂ ਮਨੁੱਖ ਦੇ ਕਰਮਾਂ ਅਨੁਸਾਰ ਹੈ ਅਤੇ ਮੁਕਤੀ ਜਿਉਂਦੇ ਜੀ ਹੀ ਮਿਲਦੀ ਹੈ। ਇਸ ਉਪਰੰਤ ਭਾਈ ਹਰਭਜਨ ਸਿੰਘ (ਡਾਇਰੈਕਟਰ, ਚੌਂਤਾ ਕਲਾਂ) ਨੇ “ਕੁਲਹਾਂ ਦੇਂਦੇ ਬਾਵਲੇ” ਵਿਸ਼ੇ ਹੇਠ ਚਾਨਣਾ ਪਾਇਆ ਅਤੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਵਰਤਿਆ ਗਿਆ ਗਿਆਨ ਹੀ ਸਾਰਥਕ ਹੈ।
ਦੂਜਾ ਸੈਸ਼ਨ: ਭਾਈ ਇਕਵਾਕ ਸਿੰਘ ਪੱਟੀ ਨੇ “ਸਮਕਾਲੀ ਸਿੱਖ ਪ੍ਰਚਾਰ ਦੀਆਂ ਚੁਣੌਤੀਆਂ ਤੇ ਭਵਿੱਖ ਸੰਭਾਵਨਾਵਾਂ” ‘ਤੇ ਬੋਲਦਿਆਂ ਪ੍ਰਚਾਰਕਾਂ ਨੂੰ ਨਵੀਂ ਤਕਨਾਲੋਜੀ ਅਪਣਾਉਣ ਅਤੇ ਪ੍ਰਚਾਰ ਨੂੰ ਕਿੱਤੇ ਦੀ ਥਾਂ ਸੇਵਾ ਸਮਝਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨੇ “ਮੂਲ ਨਾਨਕਸ਼ਾਹੀ ਕੈਲੰਡਰ” ਦੀ ਲੋੜ ਅਤੇ ਮਹੱਤਤਾ ਬਾਰੇ ਸੰਗਤਾਂ ਨੂੰ ਜਾਗਰੂਕ ਕੀਤਾ।
ਹੋਰ ਪ੍ਰਮੁੱਖ ਸ਼ਖ਼ਸੀਅਤਾਂ: ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ, ਸ੍ਰੀ ਦਮਦਮਾ ਸਾਹਿਬ) ਨੇ ਬੋਲਦਿਆਂ ਕਰਦਿਆਂ ਕਿਹਾ ਕਿ ਪ੍ਰਚਾਰ ਵਿੱਚ “ਪੰਥ ਜੀਵੇ ਮੈਂ ਮਰਾਂ” ਵਾਲਾ ਸਮਰਪਣ ਹੋਣਾ ਲਾਜ਼ਮੀ ਹੈ। ਅੰਤ ਵਿੱਚ ਵਾਈਸ ਚੇਅਰਮੈਨ ਚੌਂਤਾ ਕਲਾਂ ਸ. ਅਮਰਜੀਤ ਸਿੰਘ, ਸ. ਪਰਮਜੀਤ ਸਿੰਘ ਪ੍ਰਬੰਧਕ ਸਿੱਖ ਮਿਸ਼ਨਰੀ ਕਾਲਜ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਾਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ ਨੇ ਨਿਭਾਈ।
ਮਿਸ਼ਨਰੀ ਕਾਲਜਾਂ ਨੇ ਸਾਂਝੇ ਰੂਪ ‘ਚ ਇੱਕ ਮਤਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੰਬੋਧਨ ਕਰਕੇ ਅਤੇ ਦੋ ਮਤੇ ਸਰਕਾਰ ਨੂੰ ਸੰਬੋਧਨ ਕਰਕੇ ਸਰਬਸੰਮਤੀ ਪਾਸ ਕੀਤੇ ਗਏ: –
1. ਮਰਿਆਦਾ ਦੇ ਪਹਿਰੇਦਾਰਾਂ ‘ਤੇ ਹਮਲਿਆਂ ਦੀ ਨਿੰਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਪੀਲ:
ਪਿਛਲੇ ਦਿਨੀਂ ਪ੍ਰਸਿੱਧ ਪੰਥਕ ਵਿਦਵਾਨ ਭਾਈ ਸਰਬਜੀਤ ਸਿੰਘ ਜੀ ਧੂੰਦਾ ਦੇ ਦੀਵਾਨਾਂ ਵਿੱਚ ਰੁਕਾਵਟ ਪਾਉਣ ਦੀ ਕੀਤੀ ਗਈ ਅਸਫਲ ਕੋਸ਼ਿਸ਼ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਜੋ ਅਨਸਰ ਸਿੱਖ ਰਹਿਤ ਮਰਿਯਾਦਾ ਤੋਂ ਭਗੌੜੇ ਹਨ ਅਤੇ ਡੇਰਿਆਂ ‘ਚ ਲੱਚਰਤਾ ਨੂੰ ਉਤਸ਼ਾਹਿਤ ਕਰਦੇ ਹਨ, ਉਹ ਮਿਸ਼ਨਰੀ ਪ੍ਰਚਾਰਕਾਂ ਦਾ ਵਿਰੋਧ ਕਰ ਰਹੇ ਹਨ। ਸਮੂਹ ਇਕੱਠ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਕਿ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਪ੍ਰਚਾਰ ਕਰਨ ਵਾਲਿਆਂ ਨੂੰ ਰੋਕਣ ਵਾਲੇ ਸ਼ਰਾਰਤੀ/ਗੁੰਡਾ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
2. ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਹਵਾਰਾ ਦੀ ਪੈਰੋਲ:
ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਲਦ ਤੋਂ ਜਲਦ (ਲੰਮੀ) ਪੈਰੋਲ ਦਿੱਤੀ ਜਾਵੇ, ਤਾਂ ਜੋ ਉਹ ਆਪਣੀ ਮਾਤਾ ਜੀ ਨੂੰ ਮਿਲ ਸਕਣ।
ਸਭ ਸੰਗਤਾਂ ਦਾ ਸਭ ਸੇਵਾਦਾਰਾਂ ਦਾ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News