Home » ਸੰਸਾਰ » ਜਰਮਨੀ » ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸਿੱਖ ਰਾਜ ਨੂੰ ਸਮਰਪਿਤ ਸ਼ੇਰੇ ਪੰਜਾਬ ਪੰਜਾਬੀ ਸਭਾ ਦਾ ਸਲਾਨਾ ਸਮਾਗਮ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸਿੱਖ ਰਾਜ ਨੂੰ ਸਮਰਪਿਤ ਸ਼ੇਰੇ ਪੰਜਾਬ ਪੰਜਾਬੀ ਸਭਾ ਦਾ ਸਲਾਨਾ ਸਮਾਗਮ

SHARE ARTICLE

167 Views

ਫਰੈਂਕਫਰਟ, (ਜਰਮਨੀ) 10 ਅਗਸਤ (ਖਿੜਿਆ ਪੰਜਾਬ)
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ( ਜਰਮਨੀ) ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ ਅਤੇ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਸਮਰਪਿਤ ਸਲਾਨਾ ਸਮਾਗਮ ਬੜੀ ਸ਼ਰਧਾ, ਉਤਸ਼ਾਹ ਅਤੇ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ। ਇਸ ਮੌਕੇ
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੁਖਦੇਵ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਜੀ ਸਿਰਸਾ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਬੱਚੀ ਜਸਕੀਰਤਨ ਕੌਰ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਨਾਲ ਸਬੰਧਤ ਕਵਿਤਾ ਸੰਗਤਾਂ ਨਾਲ ਸਾਂਝੀ ਕੀਤੀ।

ਇਸ ਮੌਕੇ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਢਾਡੀ ਜਥਾ ਭਾਈ ਗੁਰਪ੍ਰਤਾਪ ਸਿੰਘ ਪਦਮ ਵੱਲੋਂ ਜੋਸ਼ੀਲੀਆਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸਿੱਖ ਰਾਜ ਦੇ ਗੌਰਵਮਈ ਇਤਿਹਾਸ ਨਾਲ ਜੋੜਿਆ ਗਿਆ। ਢਾਡੀ ਜਥੇ ਵੱਲੋਂ ਸੰਗਤਾਂ ਨਾਲ ਇਹ ਵੀ ਸਾਂਝਾ ਕੀਤਾ ਗਿਆ ਕਿ ਸਿੱਖ ਰਾਜ ਕਿਹੋ ਜਿਹਾ ਸੀ ਅਤੇ ਸਿੱਖ ਇਤਿਹਾਸ ਵਿੱਚ ਉਸ ਦੀ ਕੀ ਮਹੱਤਤਾ ਰਹੀ ਹੈ। ਇਸ ਦੇ ਨਾਲ ਹੀ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਗਿਆ।
ਇਸ ਮੌਕੇ ਸੰਗਤਾਂ ਦਾ ਭਾਰੀ ਇਕੱਠ ਹੋਇਆ। ਸੰਗਤਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਸਰਵਣ ਕੀਤਾ।

ਇਸ ਦੌਰਾਨ ਕੌਮੀ ਸੰਘਰਸ਼ ਅਤੇ ਖਾਲਸਾ ਰਾਜ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਉਨ੍ਹਾਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਤਿਕਾਰ ਭੇਟ ਕੀਤਾ ਗਿਆ, ਜਿਨ੍ਹਾਂ ਨੇ ਕੌਮੀ ਘਰ ਖਾਲਿਸਤਾਨ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਸ਼ਹਾਦਤਾਂ ਅਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ।

ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਗਤਾਂ ਨਾਲ ਸਿੱਖ ਰਾਜ, ਸਿੱਖ ਇਤਿਹਾਸ, ਕੌਮੀ ਸੰਘਰਸ਼ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਬੰਧੀ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਵਿੱਚ ਭਾਈ ਹਰਮੀਤ ਸਿੰਘ ਲੇਹਲ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਜਗਤਾਰ ਸਿੰਘ ਮਾਹਲ, ਭਾਈ ਅਵਤਾਰ ਸਿੰਘ ਬੱਬਰ, ਭਾਈ ਦਵਿੰਦਰ ਸਿੰਘ ਘਲੋਟੀ ਅਤੇ ਭਾਈ ਹੀਰਾ ਸਿੰਘ ਮੱਤੇਵਾਲ ਸ਼ਾਮਲ ਸਨ।

ਭਾਈ ਗੁਰਮੀਤ ਸਿੰਘ ਖਨਿਆਣ ਅਤੇ ਭਾਈ ਜਗਤਾਰ ਸਿੰਘ ਮਾਹਲ ਨੇ ਸਿੱਖ ਰਾਜ ਅਤੇ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਭਾਈ ਅਵਤਾਰ ਸਿੰਘ ਬੱਬਰ ਨੇ ਵੀ ਸੰਗਤਾਂ ਨੂੰ ਸੰਬੋਧਨ ਹੁੰਦਿਆ ਕੌਮੀ ਮਸਲਿਆਂ ਅਤੇ ਸਿੱਖ ਇਤਿਹਾਸ ਸਬੰਧੀ ਵਿਚਾਰ ਰੱਖੇ।

ਇਸੇ ਤਰ੍ਹਾਂ ਦਲ ਖਾਲਸਾ ਦੇ ਆਗੂ ਭਾਈ ਨਿਰਮਲ ਸਿੰਘ ਹੰਸਪਾਲ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਈ ਲਖਵਿੰਦਰ ਸਿੰਘ ਮੱਲੀ ਨੇ ਵੀ ਸਿੱਖ ਰਾਜ ਦੇ ਇਤਿਹਾਸ ਅਤੇ ਉਸ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਸੰਬੋਧਨ ਕੀਤਾ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸ ਤਰ੍ਹਾਂ ਸੰਘਰਸ਼ ਕਰਕੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਮੌਕੇ ਬਾਬਾ ਦੀਪ ਸਿੰਘ ਸੰਸਥਾ ਦੇ ਮੁਖੀ ਬਾਬਾ ਕਿਰਪਾਲ ਸਿੰਘ ਜੀ ਦਾ ਸੁਨੇਹਾ ਵੀ ਸੰਗਤਾਂ ਨਾਲ ਸਾਂਝਾ ਕੀਤਾ ਗਿਆ।

ਭਾਈ ਦਵਿੰਦਰ ਸਿੰਘ ਘਲੋਟੀ ਨੇ ਸੰਗਤਾਂ ਨਾਲ ਸਿੱਖ ਰਾਜ ਸਬੰਧੀ ਵਿਚਾਰ ਸਾਂਝੇ ਕਰਨ ਦੇ ਨਾਲ-ਨਾਲ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਭਾਈ ਦਵਿੰਦਰ ਸਿੰਘ ਘਲੋਟੀ ਦੀ ਅਹਿਮ ਭੂਮਿਕਾ ਰਹੀ।

ਭਾਈ ਹਰਮੀਤ ਸਿੰਘ ਲੇਹਲ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 15 ਅਗਸਤ ਸਾਡੇ ਲਈ ਆਜ਼ਾਦੀ ਦਾ ਦਿਨ ਨਹੀਂ, ਸਗੋਂ ਕਾਲਾ ਦਿਨ ਹੈ। ਉਨ੍ਹਾਂ ਵੱਲੋਂ ਸੰਗਤਾਂ ਨੂੰ 15 ਅਗਸਤ 2026 ਨੂੰ ਭਾਰਤੀ ਕੌਂਸਲੇਟ ਦੇ ਸਾਹਮਣੇ ਹੋਣ ਵਾਲੇ ਰੋਸ ਮੁਜ਼ਾਹਰੇ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ।

ਸਮਾਗਮ ਦੌਰਾਨ ਸਟੇਜ ਦੀ ਸੇਵਾ ਭਾਈ ਗੁਰਦਿਆਲ ਸਿੰਘ ਲਾਲੀ ਜੀ ਵੱਲੋਂ ਨਿਭਾਈ ਗਈ। ਉਨ੍ਹਾਂ ਨੇ ਸਮਾਗਮ ਦੀ ਸਮੁੱਚੀ ਸਟੇਜ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਂਦਿਆਂ ਵੱਖ-ਵੱਖ ਬੁਲਾਰਿਆਂ ਅਤੇ ਜਥਿਆਂ ਨੂੰ ਸੰਗਤਾਂ ਦੇ ਰੂਬਰੂ ਕੀਤਾ।

ਸਮਾਗਮ ਨੂੰ ਸਫਲ ਬਣਾਉਣ ਵਿੱਚ ਸ਼ੇਰੇ ਪੰਜਾਬ ਪੰਜਾਬੀ ਸਭਾ ਦੇ ਸਹਿਯੋਗੀ ਸੱਜਣਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਇਨ੍ਹਾ ਵਿੱਚ ਵੀਰ ਗੁਰਦੇਵ ਸਿੰਘ ਦੇਬਾ, ਦੋਆਬਾ ਸਵੀਟ ਸ਼ੌਪ ਫਰੈਂਕਫਰਟ, ਭਾਜੀ ਗਿੱਲ, ਸ਼ਹੀਦ ਭਗਤ ਸਿੰਘ ਕਲੱਬ, ਭਾਈ ਘਨਈਆ ਸੰਸਥਾ, ਹਰਪ੍ਰੀਤ ਸਿੰਘ ਸ਼ੰਮੀ ਅਤੇ ਭਾਈ ਸਮਸ਼ੇਰ ਸਿੰਘ ਵੱਲੋਂ ਸਮਾਗਮ ਲਈ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸਮਾਗਮ ਦੀ ਸਮਾਪਤੀ ਮੌਕੇ ਸ਼ੇਰੇ ਪੰਜਾਬ ਪੰਜਾਬੀ ਸਭਾ ਦੇ ਸਮੁੱਚੇ ਕਮੇਟੀ ਮੈਂਬਰਾਂ ਭਾਈ ਬਲਵਿੰਦਰ ਸਿੰਘ ਪੰਮਾ ਵਿਰਕ, ਭਾਈ ਹਰਿੰਦਰ ਸਿੰਘ ਢਿੱਲੋਂ, ਭਾਈ ਸੁੱਖਾ ਸਿੰਘ ਲਾਡੀ ਵਿਰਕ, ਭਾਈ ਸੋਹਣ ਸਿੰਘ ਧਾਰੀਵਾਲ, ਭਾਈ ਮਨਜਿੰਦਰ ਸਿੰਘ ਰੰਧਾਵਾ, ਭਾਈ ਰਾਜਾ ਸਿੰਘ ਗਿੱਲ ਅਤੇ ਭਾਈ ਹਰਮੀਤ ਸਿੰਘ ਲੇਹਲ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸਾਧ ਸੰਗਤਾਂ, ਢਾਡੀ ਜਥੇ, ਗ੍ਰੰਥੀ ਸਿੰਘਾਂ, ਬੁਲਾਰਿਆਂ, ਸ਼ਹੀਦ ਪਰਿਵਾਰਾਂ, ਸਹਿਯੋਗੀ ਸੱਜਣਾਂ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਸੇਵਾ ਤੇ ਸਹਿਯੋਗ ਦੇਣ ਵਾਲੇ ਸਮੂਹ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਨਿਭਾਉਣ ਵਾਲੇ ਭਾਈ ਸਤਨਾਮ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਵੀ ਸਮੁੱਚੀ ਕਮੇਟੀ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸਮੁੱਚਾ ਸਮਾਗਮ ਗੁਰਬਾਣੀ, ਸਿੱਖ ਰਾਜ ਦੇ ਮਾਣਮੱਤੇ ਇਤਿਹਾਸ, ਕੌਮੀ ਸ਼ਹੀਦਾਂ ਦੀ ਯਾਦ, ਸ਼ਹੀਦ ਪਰਿਵਾਰਾਂ ਦੇ ਸਨਮਾਨ, ਕੌਮੀ ਚੇਤਨਾ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਰਿਹਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਸਾਹਿਬ ਨੇ ਸਮਾਜ ਵਿੱਚੋਂ ਵੰਡਾਂ ਮਿਟਾਈਆਂ, ਪਰ ਅੱਜ ਕੁਝ ਡੇਰੇਦਾਰੀ ਪ੍ਰਥਾ ਨੇ ਖੰਡੇ ਦੀ ਪਾਹੁਲ ਵਿੱਚ ਵੀ ਵੰਡ ਪਾ ਦਿੱਤੀ: ਭਾਈ ਸਰਬਜੀਤ ਸਿੰਘ ਧੂੰਦਾ। ਮੋਇਤਾ ਪੁਰਤਗਾਲ ਦੀ ਸੰਗਤ ਵੱਲੋਂ ਭਾਈ ਸਰਬਜੀਤ ਸਿੰਘ ਧੁੰਦਾ ਦਾ ਵਿਸ਼ੇਸ਼ ਸਨਮਾਨ।