Home » ਨਵੀਂ ਦਿੱਲੀ » 123 ਕਰੋੜ ਦੇ ਸਰਪਲੱਸ ਤੋਂ 600 ਕਰੋੜ ਦੀਆਂ ਦੇਣਦਾਰੀਆਂ ਤੱਕ: ਡੀਐਸਜੀਐਮਸੀ ਪ੍ਰਬੰਧਕਾਂ ਨੂੰ ਭਾਈ ਪਰਮਜੀਤ ਸਿੰਘ ਵੀਰਜੀ ਦੇ ਗੰਭੀਰ ਸਵਾਲ

123 ਕਰੋੜ ਦੇ ਸਰਪਲੱਸ ਤੋਂ 600 ਕਰੋੜ ਦੀਆਂ ਦੇਣਦਾਰੀਆਂ ਤੱਕ: ਡੀਐਸਜੀਐਮਸੀ ਪ੍ਰਬੰਧਕਾਂ ਨੂੰ ਭਾਈ ਪਰਮਜੀਤ ਸਿੰਘ ਵੀਰਜੀ ਦੇ ਗੰਭੀਰ ਸਵਾਲ

SHARE ARTICLE

11 Views

👉 ਗੁਰੂ ਘਰ ਦੀ ਅਮਾਨਤ ਨੂੰ ਜ਼ਮਾਨਤ ਕਿਉਂ ਬਣਾਇਆ ਗਿਆ

ਨਵੀਂ ਦਿੱਲੀ, 10 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਅਤੇ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਨੇ ਡੀਐਸਜੀਐਮਸੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਘੇਰਦਿਆਂ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਦੇ ਬਕਾਏ ਸਬੰਧੀ ਦਿੱਲੀ ਹਾਈ ਕੋਰਟ ਅੱਗੇ ਗੁਰਦੁਆਰਾ ਜਾਇਦਾਦਾਂ ਬਾਰੇ ਭਰੋਸਾ ਦੇਣਾ ਪਿਆ ਹੈ ਤਾਂ ਸੰਗਤ ਨੂੰ ਇਸ ਦੇ ਕਾਰਨਾਂ ਬਾਰੇ ਸਪੱਸ਼ਟ ਜਵਾਬ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਜਦੋਂ ਉਨ੍ਹਾਂ ਨੇ ਡੀਐਸਜੀਐਮਸੀ ਦਾ ਪ੍ਰਬੰਧ ਛੱਡਿਆ ਸੀ, ਉਸ ਸਮੇਂ ਕਮੇਟੀ ਕੋਲ 123 ਕਰੋੜ ਰੁਪਏ ਦਾ ਸਰਪਲੱਸ ਸੀ, ਜਦਕਿ ਅੱਜ ਕਥਿਤ ਤੌਰ ‘ਤੇ ਕਮੇਟੀ ‘ਤੇ ਕਰੀਬ 600 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫ਼ਰਕ ਆਪਣੇ ਆਪ ਵਿੱਚ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਭਾਈ ਪਰਮਜੀਤ ਸਿੰਘ ਵੀਰਜੀ ਨੇ ਸਵਾਲ ਕੀਤਾ ਕਿ ਜੇ ਹਾਈ ਕੋਰਟ ਅੱਗੇ ਕੋਈ ਭਰੋਸਾ ਦੇਣਾ ਹੀ ਸੀ ਤਾਂ ਡੀਐਸਜੀਐਮਸੀ ਦੀਆਂ ਗੁਰਦੁਆਰਾ ਜਾਇਦਾਦਾਂ ਦਾ ਹਵਾਲਾ ਕਿਉਂ ਦਿੱਤਾ ਗਿਆ? ਜੇ ਮੌਜੂਦਾ ਪ੍ਰਬੰਧਕਾਂ ਨੂੰ ਆਪਣੇ ਫ਼ੈਸਲਿਆਂ ਅਤੇ ਪ੍ਰਬੰਧ ‘ਤੇ ਇੰਨਾ ਹੀ ਭਰੋਸਾ ਹੈ ਤਾਂ ਉਨ੍ਹਾਂ ਨੇ ਆਪਣੀਆਂ ਨਿੱਜੀ ਜਾਇਦਾਦਾਂ ਨੂੰ ਸੁਰੱਖਿਆ ਵਜੋਂ ਪੇਸ਼ ਕਰਨ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ? ਉਨ੍ਹਾਂ ਇਹ ਵੀ ਪੁੱਛਿਆ ਕਿ ਗੁਰੂ ਕੀ ਗੋਲਕ ਦੀ ਕਰੋੜਾਂ ਰੁਪਏ ਦੀ ਆਮਦਨ ਕਿੱਥੇ ਖਰਚ ਹੋਈ, ਡੀਐਸਜੀਐਮਸੀ ਦੀ ਵਿੱਤੀ ਹਾਲਤ ਇਸ ਮੋੜ ਤੱਕ ਕਿਵੇਂ ਪਹੁੰਚੀ ਅਤੇ ਡਿਲੋਇਟ ਦੀ ਆਡਿਟ ਰਿਪੋਰਟ ਅਜੇ ਤੱਕ ਜਨਤਕ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਗੋਲਕ ਅਤੇ ਜਾਇਦਾਦਾਂ ਸਮੂਹ ਸੰਗਤ ਦੀ ਅਮਾਨਤ ਹਨ। ਇਸ ਲਈ ਮੌਜੂਦਾ ਪ੍ਰਬੰਧਕ ਤੁਰੰਤ ਡਿਲੋਇਟ ਦੀ ਆਡਿਟ ਰਿਪੋਰਟ, ਵਿੱਤੀ ਲੈਣ-ਦੇਣ ਦਾ ਪੂਰਾ ਵੇਰਵਾ ਅਤੇ ਅਦਾਲਤ ਵਿੱਚ ਦਾਇਰ ਸੰਬੰਧਿਤ ਦਸਤਾਵੇਜ਼ ਸੰਗਤ ਸਾਹਮਣੇ ਰੱਖਣ। ਸੰਗਤ ਨੂੰ ਹਰ ਪੈਸੇ ਦਾ ਹਿਸਾਬ ਜਾਣਨ ਦਾ ਪੂਰਾ ਹੱਕ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਇਸ ਮੰਗ ਨੂੰ ਲਗਾਤਾਰ ਉਠਾਉਂਦੀ ਰਹੇਗੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News