126 ਸਾਲਾ ਬਜ਼ੁਰਗ ਜੀਅ ਰਿਹਾ ਹੈ ਤੰਦਰੁਸਤੀ ਦੀ ਜ਼ਿੰਦਗੀ ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਮੁਲਾਕਾਤ ਕਰਨ ਦਾ ਦਾਅਵਾ ਕਰਦਾ ਹੈ
ਖਾਲੜਾ,05 ਫਰਵਰੀ (ਗੁਰਪ੍ਰੀਤ ਸਿੰਘ ਸੈਡੀ) ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਲਾਹੌਰ ਵਿਖੇ ਮੁਲਾਕਾਤ ਕਰਨ ਅਤੇ 126 ਸਾਲਾਂ ਦੇ ਹੋਣ ਦਾ ਦਾਅਵਾ ਕਰਨ ਵਾਲਾ ਬਜ਼ੁਰਗ ਤੰਦਰੁਸਤੀ ਦੀ ਜ਼ਿੰਦਗੀ ਹੰਢਾ ਰਿਹਾ ਹੈ। ਬੂੜ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਨੇ ਆਪਣੀ ਉਮਰ 126 ਸਾਲ ਦੱਸਦਿਆਂ ਕਿਹਾ ਕਿ ਉਹਨਾਂ ਵੱਲੋਂ ਲਾਹੌਰ ਜੇਲ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ। ਉਹਨਾਂ ਸ਼ਹੀਦ ਭਗਤ ਸਿੰਘ ਦਾ ਗੋਰਾ ਰੰਗ ਪਤਲਾ ਸਰੀਰ ਅਤੇ ਅੱਖ ਮੋਟੀ ਦੱਸਦਿਆਂ ਕਿਹਾ ਕਿ ਉਨਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਖਬਰ ਸੁਣ ਕੇ ਬੇਹੱਦ ਦੁੱਖ ਹੋਇਆ ਸੀ। ਉਹਨਾਂ ਆਪਣੀ ਲੰਬੀ ਉਮਰ ਦਾ ਰਾਜ ਦੇਸੀ ਘਿਓ ,ਦੁੱਧ ,ਮਲਾਈ ਤਿਲਾਂ ਦੇ ਬੀਜ, ਬਦਾਮ, ਕਸਤੂਰੀ ਆਦਿ ਦੱਸਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਦੀਆਂ ਛੇ ਪੀੜੀਆਂ ਵੇਖ ਚੁੱਕੇ ਹਨ। ਆਪਣੇ ਸਾਰੇ ਹਾਣੀ ਗਵਾ ਚੁੱਕੇ ਬੂੜ ਸਿੰਘ ਨੇ ਦੱਸਿਆ ਕਿ ਉਹ ਅਨੇਕਾਂ ਵਾਰ ਨਨਕਾਣਾ ਸਾਹਿਬ ਨਤਮਸਤਕ ਹੋਏ ਹਨ। ਉਹਨਾਂ ਦੱਸਿਆ ਕਿ ਉਹਨਾਂ ਸਾਹੀਵਾਲ, ਮੁਲਤਾਨ ,ਕਾਬਲ ਕੰਧਾਰ ਤੱਕ ਵੇਖਿਆ ਹੈ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਉਹਨਾਂ ਆਜ਼ਾਦੀ ਦੀ ਲੜਾਈ ਵਿੱਚ ਕੋਈ ਹਿੱਸਾ ਨਹੀਂ ਲਿਆ ਪਰੰਤੂ ਉਨਾਂ ਨੂੰ ਪੰਜਾਬ ਸਰਕਾਰ ਤੇ ਇੱਕ ਮਲਾਲ ਹੈ ਕਿ ਉਹਨਾਂ ਜਿੰਨੀ ਉਮਰ ਪੂਰੇ ਪੰਜਾਬ ਵਿੱਚ ਕੋਈ ਭੋਗਣ ਵਾਲਾ ਵਿਅਕਤੀ ਨਹੀਂ ਬਚਿਆ ਪ੍ਰੰਤੂ ਫਿਰ ਵੀ ਕਦੀ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਦੇ ਜ਼ਮਾਨੇ ਵਿੱਚ ਇੱਕ ਤੋਂ ਦੂਸਰੇ ਪਿੰਡ ਜਾਣ ਵਾਸਤੇ ਘੋੜੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਉਨਾਂ ਦੀ ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ ਉਹਨਾਂ ਦੇ ਪਤਿਓਰੇ ਚੰਨਣ ਸਿੰਘ ਰਾੜਾ ਨੇ ਕਰਵਾਈ ਸੀ। ਉਹਨਾਂ ਆਪਣੀ ਲੰਬੀ ਉਮਰ ਦਾ ਰਾਜ ਚੰਗੀ ਖੁਰਾਕ ਨੂੰ ਦੱਸਦਿਆਂ ਕਿਹਾ ਕਿ ਉਹ ਅੱਜ ਵੀ ਸਵੇਰੇ ਉੱਠ ਕੇ ਦੁੱਧ ਨਾਲ ਪੰਜੀਰੀ ਖਾਂਦੇ ਹਨ ਅਤੇ ਬਹੁਤ ਸਮਾਂ ਤਾਂ ਗੁਲਾਬੀ ਚਾਹ ਪੀਂਦੇ ਰਹੇ ਪਰੰਤੂ ਹੁਣ ਮਜਬੂਰੀ ਵਸ ਕਾਲੀ ਚਾਹ ਪੀਣੀ ਪੈ ਰਹੀ ਹੈ। ਉਹਨਾਂ ਦੇ ਲੜਕੇ ਦਰਬਾਰਾ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿਤਾ ਦੀ ਨਿਗ੍ਹਾ ਅੱਜ ਵੀ ਕਾਇਮ ਹੈ ਕੋਈ ਐਣਕ ਨਹੀਂ ਲੱਗੀ ਹੋਈ, ਦੰਦ ਬਿਲਕੁਲ ਠੀਕ ਹਨ ਉਹ ਬਦਾਮ ਖਾ ਲੈਂਦੇ ਹਨ ਅਤੇ ਗੋਡੇ ਬਿਲਕੁਲ ਠੀਕ ਠਾਕ ਹਨ। ਉਹਨਾਂ ਦੱਸਿਆ ਕਿ ਬਜ਼ੁਰਗਾਂ ਨੇ ਕਦੀ ਡਾਕਟਰ ਕੋਲੋਂ ਦਵਾਈ ਨਹੀਂ ਲਈ ਅਤੇ ਉਹਨਾਂ ਦੀ ਸੋਚ ਹੈ ਕਿ ਦਵਾਈ ਲੋਕਾਂ ਨੂੰ ਠੀਕ ਨਹੀਂ ਬਿਮਾਰ ਕਰਦੀ ਹੈ। ਉਹਨਾਂ 1947 ਵੇਲੇ ਦੋਹਾਂ ਦੇਸ਼ਾਂ ਦੀ ਹੋਈ ਵੰਡ ਨੂੰ ਯਾਦ ਕਰਦਿਆਂ ਮਨ ਭਰਦਿਆਂ ਕਿਹਾ ਕਿ ਇਸ ਬਟਵਾਰੇ ਨਾਲ ਬਹੁਤ ਪਰਿਵਾਰ ਵੰਡੇ ਗਏ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








