ਜਰਮਨੀ 24 ਅਕਤੂਬਰ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚੀਆਂ ਅਤੇ ਗੁਰੂ ਸਾਹਿਬ ਅੱਗੇ ਨਮਸਕਾਰ ਕੀਤੀ। ਸਮਾਗਮ ਦੁਪਹਿਰ 12 ਵਜੇ ਸ਼ੁਰੂ ਹੋਇਆ ਅਤੇ ਸ਼ਾਮ 10 ਵਜੇ ਤੱਕ ਚੱਲਦਾ ਰਿਹਾ। ਇਸ ਮੌਕੇ ਜਿੱਥੇ ਭਾਈ ਗੁਰਵਿੰਦਰ ਸਿੰਘ ਜੀ ਦੇ ਕੀਰਤਨੀ ਜਥੇ ਨੇ ਰਸ ਭਰੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਲਖਬੀਰ ਸਿੰਘ, ਭਾਈ ਚਮਕੌਰ ਸਿੰਘ ਸਭਰਾ, ਭਾਈ ਗੁਰਨਿਸ਼ਾਨ ਸਿੰਘ ਪੱਟੀ ਦੇ ਕੀਰਤਨੀ ਜੱਥੇ ਨੇ ਵੀ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏ , ਕਥਾ ਵਾਚਕ ਭਾਈ ਸਰਤਾਜ ਸਿੰਘ ਜੀ, ਜੋ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ, ਉਹਨਾਂ ਨੇ ਵੀ ਗੁਰਬਾਣੀ ਦੀ ਕਥਾ ਰਾਹੀਂ ਸੰਗਤਾਂ ਨੂੰ ਆਤਮਕ ਰਸ ਪ੍ਰਦਾਨ ਕੀਤਾ। ਇਸ ਤੋਂ ਬਾਅਦ ਕਵੀਸ਼ਰੀ ਜਥਾ ਭਾਈ ਪ੍ਰਤਾਪ ਸਿੰਘ ਜੀ ਨੇ ਕਵੀਸ਼ਰੀ ਵਾਰਾਂ ਰਾਹੀਂ ਸੰਗਤਾਂ ਨੂੰ ਰੂਹਾਨੀ ਪ੍ਰੇਰਣਾ ਨਾਲ ਜੋੜਿਆ।
ਬੱਚਿਆਂ ਵੱਲੋਂ ਗੁਰਬਾਣੀ ਗਾਇਨ ਕਰਕੇ ਸੰਗਤਾਂ ਦੇ ਮਨ ਮੋਹ ਲਏ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਨੂਪ ਸਿੰਘ ਜੀ, ਚੇਅਰਮੈਨ ਭਾਈ ਗੁਰਦਿਆਲ ਸਿੰਘ ਲਾਲੀ, ਖਜਾਨਚੀ ਭਾਈ ਕਰਨੈਲ ਸਿੰਘ ਪਰਦੇਸੀ ਅਤੇ ਲੰਗਰ ਇਨਚਾਰਜ ਭਾਈ ਸਤਨਾਮ ਸਿੰਘ ਜੀ ਨੇ ਆਪਣੇ ਸਾਥੀਆਂ ਸਮੇਤ ਬੜੀ ਸ਼ਰਧਾ ਨਾਲ ਗੁਰੂ ਦਾ ਲੰਗਰ ਤਿਆਰ ਕੀਤਾ ਅਤੇ ਸੇਵਾ ਨਿਭਾਈ।
ਸਮਾਗਮ ਦੌਰਾਨ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਇਹ ਦਰਸਾ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਨਾਲ ਵਧੇਰੇ ਜਗ੍ਹਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਗੁਰਦੁਆਰੇ ਦੇ ਨਾਲ ਲੱਗਦੀ ਜਗ੍ਹਾ ਜੋ ਇਸ ਸਮੇਂ ਵਿਕਾਊ ਹੈ, ਉਸਨੂੰ ਗੁਰਦੁਆਰੇ ਲਈ ਖਰੀਦ ਲੈਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਵਧ ਰਹੀ ਸੰਗਤ ਦੀ ਗਿਣਤੀ ਨੂੰ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ।
ਅੰਤ ਵਿੱਚ, ਗੁਰਦੁਆਰਾ ਸਿੱਖ ਸੈਂਟਰ ਦੇ ਜਰਨਲ ਸਕੱਤਰ ਭਾਈ ਹੀਰਾ ਸਿੰਘ ਜੀ ਨੇ ਸੇਵਾ ਨਿਭਾਉਂਦੇ ਹੋਏ ਸਭ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









