ਨਵੀਂ ਦਿੱਲੀ 4 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦਾਂ ਦੇ ਪਾਵਨ-ਪਵਿੱਤਰ ਅਸਥਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ-ਡੇਲਟਾ) ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੂਰੇ ਜਾਹੋ-ਜਲਾਲ ਅਤੇ ਸ਼ਾਨ ਦੇ ਨਾਲ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਲਾਨਾ “ਮੀਰੀ-ਪੀਰੀ ਦਿਵਸ” ਨਗਰ ਕੀਰਤਨ ਸਜਾਏ ਗਏ ਜਿਸ ਦੇ ਵਿੱਚ ਹਜ਼ਾਰਾਂ ਹੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਲੰਗਰਾਂ ਦੇ ਸਟਾਲ, ਗਤਕੇ ਦੇ ਜੌਹਰ ਅਤੇ ਢਾਡੀ ਵਾਰਾਂ ਨਾਲ ਨਗਰ ਕੀਰਤਨ ਨੂੰ ਚਾਰ ਚੰਨ ਲੱਗੇ । ਨਗਰ ਕੀਰਤਨ ਸਵੇਰੇ 9 ਵਜੇ ਆਰੰਭ ਹੋਇਆ ਅਤੇ ਸ਼ਹੀਦੀ ਅਸਥਾਨ ਭਾਈ ਹਰਦੀਪ ਸਿੰਘ ਜੀ ਨਿੱਝਰ ਵਿਖੇ ਜੈਕਾਰਿਆਂ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀਆਂ ਗੂੰਜਾ ਪੈਂਦੀਆਂ ਰਹੀਆਂ । ਇਸ ਬਾਰੇ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਦੱਸਿਆ ਕਿ ਇਹ ਸਾਲਾਨਾ ਨਗਰ ਕੀਰਤਨ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੂਰੇ ਜਾਹੋ ਜਲਾਲ ਅਤੇ ਖ਼ਾਲਸਾਈ ਰੀਤੀ ਰਿਵਾਜ਼ ਨਾਲ ਸਜਾਇਆ ਗਿਆ ਸੀ ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਸੀ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਲੰਗਰਾਂ ਦੇ ਸਟਾਲ, ਗੱਤਕਾ ਅਤੇ ਹੋਰ ਸਭ ਤਿਆਰੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹੀ ਸੰਪੂਰਨ ਹੁੰਦੀਆਂ ਹਨ । ਇਹ ਸਮਾਗਮ ਤਕਰੀਬਨ ਦੋ ਹਫ਼ਤੇ ਚੱਲੇ ਸਨ ਜਿੰਨਾਂ ਦੇ ਵਿੱਚ ਢਾਡੀ ਦਰਬਾਰ, ਕਥਾ ਦਰਬਾਰ ਅਤੇ ਕੀਰਤਨ ਦਰਬਾਰ ਜਿਨ੍ਹਾਂ ਦੇ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੀਰਤਨੀ ਜਥੇ ਭਾਈ ਲਖਵਿੰਦਰ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਅਤੇ ਭਾਈ ਸੰਦੀਪ ਸਿੰਘ ਜੀ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਗੁਰਮਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਹਾਜ਼ਰੀ ਭਰੀ ਗਈ ਅਤੇ ਹਜ਼ਾਰਾਂ ਹੀ ਸੰਗਤਾਂ ਨੇ ਹਾਜ਼ਰੀ ਭਰ ਕੇ ਮਨੁੱਖੀ ਜੀਵਨ ਦਾ ਲਾਹਾ ਲਿਆ ਸੀ । ਗੱਲਬਾਤ ਦੌਰਾਨ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ, ਭਾਈ ਅਜੈਪਾਲ ਸਿੰਘ ਵੀਂ ਹਾਜਿਰ ਸਨ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।