Home » ਨਵੀਂ ਦਿੱਲੀ » ਰਾਜਸਥਾਨ ਯੂਨੀਵਰਸਿਟੀ ਵੱਲੋਂ ਸਿੱਖ ਵਿਦਿਆਰਥਣ ਨਾਲ ਵਿਤਕਰੇ ਦੀ ਸਖ਼ਤ ਨਿਖੇਧੀ: ਪਰਮਜੀਤ ਸਿੰਘ ਵੀਰ ਜੀ

ਰਾਜਸਥਾਨ ਯੂਨੀਵਰਸਿਟੀ ਵੱਲੋਂ ਸਿੱਖ ਵਿਦਿਆਰਥਣ ਨਾਲ ਵਿਤਕਰੇ ਦੀ ਸਖ਼ਤ ਨਿਖੇਧੀ: ਪਰਮਜੀਤ ਸਿੰਘ ਵੀਰ ਜੀ

SHARE ARTICLE

36 Views

ਨਵੀਂ ਦਿੱਲੀ 27 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨਾਲ ਵੱਡੀ ਬੇਇਨਸਾਫੀ ਕਰਦਿਆਂ ਜੈਪੁਰ ਵਿਖੇ ਇਮਤਿਹਾਨ ਕੇਂਦਰ ਦੇ ਮੁਲਾਜ਼ਮਾਂ ਨੇ ਕਕਾਰ ਉਤਾਰ ਕੇ ਇਮਤਿਹਾਨ ਦੇਣ ਲਈ ਕਿਹਾ। ਜੋ ਕਿ ਬਹੁਤ ਹੀ ਮੰਦਭਾਗਾ ਅਤੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਣ ਵਾਲਾ ਹੈ। ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਗੁਰਪ੍ਰੀਤ ਕੌਰ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ ਅਤੇ ਗੁਰੂ ਘਰ ਨਾਲ ਜੁੜੀ ਹੋਈ ਹੈ। ਅਜਿਹੇ ਬੱਚਿਆਂ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਉਚ ਸਿੱਖਿਆ ਹਾਸਿਲ ਕਰਦਿਆਂ ਚੰਗੇ ਅਹੁਦਿਆਂ ‘ਤੇ ਪਹੁੰਚ ਕੇ ਨਵੀਂ ਪੀੜੀ ਨੂੰ ਪ੍ਰੇਰਿਤ ਕਰਨਾ ਹੁੰਦਾ ਹੈ। ਪਰ ਤਰਾਸਦੀ ਦੀ ਗੱਲ ਹੈ ਕਿ ਭਾਰਤੀ ਸਿਸਟਮ ਵਿੱਚ ਸਿੱਖਾਂ ਲਈ ਕੋਈ ਇਨਸਾਫ ਅਤੇ ਬਰਾਬਰ ਦੇ ਹੱਕ ਨਹੀਂ ਹਨ। ਉਕਤ ਵਿਦਿਆਰਥਣ ਪਿਛਲੇ ਲੰਬੇ ਸਮੇਂ ਤੋਂ ਜੱਜ ਦੀ ਪ੍ਰੀਖਿਆ ਵਾਸਤੇ ਸਖਤ ਮਿਹਨਤ ਕਰ ਰਹੀ ਸੀ। ਗੁਰਪ੍ਰੀਤ ਕੌਰ ਨਾਲ ਵਾਪਰੀ ਘਟਨਾ ਹੋਰਨਾ ਸਿੱਖ ਵਿਦਿਆਰਥੀਆਂ ਉੱਪਰ ਵੀ ਬੁਰਾ ਮਾਨਸਿਕ ਪ੍ਰਭਾਵ ਪਾਵੇਗੀ। ਸਿੱਖਾਂ ਦੀਆਂ ਜਿੰਮੇਵਾਰ ਅਤੇ ਨੁਮਾਇੰਦਾ ਸੰਸਥਾਵਾਂ ਨੂੰ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮਸਲੇ ਨੂੰ ਚੁੱਕਣਾ ਚਾਹੀਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਸਿੱਖ ਬੱਚਿਆਂ ਦੇ ਨਾਲ ਇਮਤਿਹਾਨ ਕੇਂਦਰਾਂ ਦੇ ਬਾਹਰ ਵਿਤਕਰਾ ਕੀਤਾ ਜਾਂਦਾ ਹੋਵੇ। ਸਿੱਖੀ ਪ੍ਰਤੀ ਨਫਰਤ ਵਿੱਚੋਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੁੰਦੇ ਵਿਦਿਆਰਥੀਆਂ ਨੂੰ ਦੁਬਾਰਾ ਇਮਤਿਹਾਨ ਦਾ ਸਪੈਸ਼ਲ ਮੌਕਾ ਦਵਾਉਣ ਲਈ ਸਿੱਖ ਸੰਸਥਾਵਾਂ ਨੂੰ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਅਸੀਂ ਰਾਜਸਥਾਨ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਜੋ ਅਧਿਕਾਰੀ ਇਸ ਵਿਤਕਰੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਗੁਰਪ੍ਰੀਤ ਕੌਰ ਲਈ ਵਿਕਲਪੀ ਪ੍ਰੀਖਿਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਸਦਾ ਸਿੱਖਿਆ ਅਧਿਕਾਰ ਪ੍ਰਭਾਵਤ ਨਾ ਹੋਵੇ। ਅਸੀਂ ਗੁਰਪ੍ਰੀਤ ਕੌਰ ਦੀ ਸਿੱਖੀ ਪ੍ਰਤੀ ਸਮਰਪਣ ਨੂੰ ਸਲਾਮ ਕਰਦੇ ਹਾਂ, ਜਿਸਨੇ ਆਪਣੇ ਕੈਰੀਅਰ ਤੋਂ ਉੱਤੇ ਧਰਮ ਨੂੰ ਤਰਜੀਹ ਦਿੱਤੀ ਅਤੇ ਕਕਾਰ ਲਾਹੁਣ ਤੋਂ ਇਨਕਾਰ ਕਰਕੇ ਸਿੱਖ ਪਹਿਚਾਣ ਦੀ ਰਾਖੀ ਕੀਤੀ। ਸਿੱਖ ਕੌਮ ਆਪਣੇ ਕਕਾਰਾਂ ‘ਤੇ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਅਜਿਹੇ ਵਿਤਕਰੇ ਖ਼ਿਲਾਫ਼ ਸਾਡਾ ਸੰਘਰਸ਼ ਜਾਰੀ ਰਹੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News