ਨਵੀਂ ਦਿੱਲੀ 22 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਚੌਪਈ ਸਾਹਿਬ ਦੇ ਪਾਠ ਕਰਨ ਉਪਰੰਤ ਦਿੱਲੀ ਦੇ ਗੁਰੂ ਘਰਾਂ ਨੂੰ ਸਰਕਾਰੀ ਸਰਪ੍ਰਸਤੀ ਨਾਲ ਕਾਬਜ਼ ਹੋਏ ਧੜੇ ਤੋਂ ਮੁਕਤ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਬਲ ਬਖਸ਼ਣ ਲਈ ਅਰਦਾਸ ਕੀਤੀ ।
ਇਸ ਮੌਕੇ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅੱਜ ਨਰੈਣੂ ਮਹੰਤ ਤੇ ਵਾਰਸ ਬਣਕੇ ਕਾਲਕਾ ਤੇ ਕਾਹਲੋਂ ਵਰਗੇ ਭ੍ਰਿਸ਼ਟ ਬੰਦੇ ਸਾਡੇ ਇਤਿਹਾਸਿਕ ਅਸਥਾਨਾਂ ਤੇ ਸਰਕਾਰ ਦੀ ਮੱਦਦ ਦੇ ਨਾਲ ਕਬਜ਼ੇ ਕਰ ਰਹੇ ਹਨ ਤੇ ਗੁਰੂ ਦੀ ਗੋਲਕ ਲੁੱਟਣ ਦੇ ਨਾਲ – ਨਾਲ ਸਿੱਖ ਸਿਧਾਂਤਾਂ ਨਾਲ ਵੀ ਖਿਲਵਾੜ ਕਰ ਰਹੇ ਹਨ ਅਤੇ ਸਿੱਖਾਂ ਦੀਆਂ ਜਾਇਦਾਦਾਂ ਖੁਰਦ ਬੁਰਦ ਕਰ ਰਹੇ ਹਨ । ਇਹਨਾਂ ਲੋਕਾਂ ਨੇ ਕੁਝ ਦਿਨ ਪਹਿਲਾਂ ਦੋ ਮੈਂਬਰਾਂ ਦੀ ਮੈਂਬਰਸ਼ਿਪ ਸਰਕਾਰੀ ਦਖਲ ਨਾਲ ਰੱਦ ਕਰਵਾਏ ਤੇ ਪੈਸੇ ਤੇ ਸੱਤਾ ਦੇ ਜ਼ੋਰ ਨਾਲ ਮੈਂਬਰਾਂ ਨੂੰ ਖਰੀਦ ਕੇ ਕੌਮ ਦੀ ਮਾਣ ਮੱਤੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੀ ਲੁੱਟ ਜਾਰੀ ਰੱਖਣਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਸਰਕਾਰੀ ਸਰਪ੍ਰਸਤੀ ਦਾ ਮਾਣ ਹੈ ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਓਟ ਆਸਰਾ ਰੱਖਦਾ ਹੋਏ ਗੁਰੂ ਘਰਾਂ ਨੂੰ ਨਰੈਣੂ ਮਹੰਤ ਦੇ ਵਾਰਸਾਂ ਤੋਂ ਆਜ਼ਾਦ ਕਰਵਾਉਣ ਲਈ ਆਰ ਪਾਰ ਦੀ ਲੜਾਈ ਲੜਨਗੇ । ਉਹਨਾਂ ਦੱਸਿਆ ਕਿ ਸੋਮਵਾਰ ਨੂੰ ਅਕਾਲੀ ਵਰਕਰ ਪ੍ਰਧਾਨ ਮੰਤਰੀ ਦੇ ਨਾਮ ਇਸ ਸਬੰਧੀ ਮੰਗ ਪੱਤਰ ਦੇਣਗੇ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸ. ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਔਰੰਗਜ਼ੇਬੀ ਸੋਚ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਟਕਰਾਉਣ ਦਾ ਹਵਾਲਾ ਦਿੱਤਾ ਅਤੇ ਮੌਜੂਦਾ ਕਮੇਟੀ ਨਿਜ਼ਾਮ ਦੀ ਤੁਲਨਾ ਰਾਮਰਾਇ ਤੇ ਧੀਰਮੱਲ ਨਾਲ ਕੀਤੀ। ਇਸ ਮੌਕੇ ਸ. ਹਰਵਿੰਦਰ ਸਿੰਘ ਸਰਨਾ , ਸ. ਜਤਿੰਦਰ ਸਿੰਘ ਸਾਹਨੀ , ਸ. ਪਰਮਜੀਤ ਸਿੰਘ ਰਾਣਾ , ਸ. ਕਰਤਾਰ ਸਿੰਘ ਚਾਵਲਾ , ਸ. ਤਜਿੰਦਰ ਸਿੰਘ ਗੋਪਾ , ਸ. ਅਮਰੀਕ ਸਿੰਘ ਵਿਕਾਸਪੁਰੀ, ਸ. ਜਤਿੰਦਰ ਸਿੰਘ ਸੋਨੂੰ , ਸ. ਰਮਨਦੀਪ ਸਿੰਘ ਸੋਨੂੰ , ਸ. ਪਰਮਿੰਦਰਪਾਲ ਸਿੰਘ ਐਮ.ਐਨ, ਸ. ਪਰਮਜੀਤ ਸਿੰਘ ਖੁਰਾਣਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।