ਨਵੀਂ ਦਿੱਲੀ 17 ਜੂਨ (ਮਨਪ੍ਰੀਤ ਸਿੰਘ ਖਾਲਸਾ):- ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ ਹੈ ਤਾਂ ਕਿ ਭਾਰਤ ਦੇ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਵਿੱਚ ਦਰਬਾਰ ਸਾਹਿਬ ਗੁਰਦੁਆਰੇ ਜਾ ਸਕਣ, ਜੋ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਪਾਕਿਸਤਾਨ ਨੇ ਲਾਂਘੇ ਦੇ ਆਪਣੇ ਹਿੱਸੇ ਨੂੰ ਖੁੱਲ੍ਹਾ ਰੱਖਿਆ ਹੈ। ਇਸ ਦੇ ਉਲਟ ਭਾਰਤ ਦੇ ਲਾਂਘੇ ਦਾ ਹਿੱਸਾ ਬੰਦ ਹੋਣ ਦੇ ਕਾਰਨ ਦੇਸ਼ ਦੇ ਲੱਖਾਂ ਸਿੱਖ ਨਿਰਾਸ਼ ਹਨ। ਇਹ ਪਵਿੱਤਰ ਸਥਾਨ ਸਿੱਖ ਪੰਥ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਕਿ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ। ਸਿੱਖ ਪੰਥ ਵਲੋਂ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰੇਆਂ ਲਈ ਲੰਮੇ ਸਮੇਂ ਤੋਂ ਗੁਰੂ ਸਾਹਿਬਾਨਾਂ ਅੱਗੇ ਕੀਤੀ ਜਾਂਦੀ ਅਰਦਾਸਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 2019 ਵਿਚ ਉਦਘਾਟਨ ਕੀਤਾ ਗਿਆ ਇਹ ਲਾਂਘਾ ਸ਼ਾਂਤੀ ਤੇ ਧਾਰਮਿਕ ਏਕਤਾ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ ਸੀ । ਇਸ ਦੇ ਬੰਦ ਹੋਣ ਨਾਲ ਸ਼ਰਧਾਲੂਆਂ ਨੂੰ ਇਸ ਪਵਿੱਤਰ ਸਥਾਨ ਨਾਲ ਸ਼ਰਧਾ ਭੇਟ ਕਰਨ ਤੇ ਅਧਿਆਤਮਿਕ ਸਬੰਧ ਬਣਾਈ ਰੱਖਣ ਦੇ ਉਨ੍ਹਾਂ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾਂਦਾ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਧਾਰਮਿਕ ਦਰਸ਼ਨਾਂ ਲਈ ਬਣਾਇਆ ਗਿਆ ਸੀ, ਜਿਸਦਾ ਪਾਕਿਸਤਾਨ ਨਾਲ ਹੋਏ ਤਣਾਅ ਨਾਲ ਕੋਈ ਸਬੰਧ ਨਹੀਂ ਹੈ, ਜਿਸ ਲਈ ਇਸ ਨੂੰ ਜਲਦ ਖੋਲ੍ਹਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਲਾਂਘਾ ਇੱਕ ਇਤਿਹਾਸਕ ਮੀਲ ਦਾ ਪੱਥਰ ਹੈ ਜੋ ਸ਼ਾਂਤੀ ਅਤੇ ਸਿੱਖਾਂ ਦੇ ਅਧਿਆਤਮਕ ਅਧਿਕਾਰਾਂ ਦਾ ਪ੍ਰਤੀਕ ਹੈ। ਜਿਕਰਯੋਗ ਹੈ ਕਿ ਇਹ ਲਾਂਘਾ ਮਈ 2025 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਝੜਪਾਂ ਕਾਰਨ ਬੰਦ ਹੋ ਗਿਆ ਸੀ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।