ਨਵੀਂ ਦਿੱਲੀ 11 ਜੂਨ (ਮਨਪ੍ਰੀਤ ਸਿੰਘ ਖਾਲਸਾ):- ਕੁਲਵੰਤ ਸਿੰਘ ਅਤੇ ਅਮਰਜੀਤ ਕੌਰ ਜੋ ਕਿ ਲੁੱਧਿਆਣੇ ਦੇ ਦਿਆਨੰਦ ਅਸਪਤਾਲ ਵਿਚ ਕੰਮ ਕਰਦੇ ਸਨ, ਇਕ ਈਸਾਈ ਪਾਸਟਰ ਦੇ ਸੰਪਰਕ ਵਿਚ ਆਣ ਕਰਕੇ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ ਆਪਣਾ ਲਿਆ ਹੈ । ਉਨ੍ਹਾਂ ਵਲੋਂ ਚੁੱਕੇ ਗਏ ਇਸ ਕਦਮ ਨਾਲ ਪਰਿਵਾਰ ਅਤੇ ਰਿਸ਼ਤੇਦਾਰੀ ਵਿਚ ਵੱਡਾ ਰੋਸ ਫੈਲ ਗਿਆ ਸੀ ਤੇ ਕੁਲਵੰਤ ਸਿੰਘ ਦੇ ਪਿਤਾ ਜੀ ਜੋ ਕਿ ਨਿਹੰਗ ਸਿੰਘ ਹਨ, ਵਲੋਂ ਉਨ੍ਹਾਂ ਨੂੰ ਬਹੁਤਾ ਸਮਝਾਣ ਦੇ ਬਾਵਜੂਦ ਜਦ ਓਹ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਪੀੜਿਤ ਕੀਤਾ ਜਾਣ ਲਗ ਪਿਆ । ਰੋਜ ਦਿਨ ਦੇ ਵੱਧ ਰਹੇ ਕਲੇਸ਼ ਤੋਂ ਦੁੱਖੀ ਹੋਕੇ ਇਹ ਪਰਿਵਾਰ ਆਪਣੇ ਬੱਚਿਆਂ ਸਮੇਤ ਭਾਰਤ ਛੱਡ ਕੇ ਕੈਨੇਡਾ ਚਲਾ ਗਿਆ । ਪਰਿਵਾਰ ਵਲੋਂ ਦਸੀ ਗਈ ਜਾਣਕਾਰੀ ਮੁਤਾਬਿਕ ਜ਼ੇਕਰ ਇਹ ਭਾਰਤ ਵਾਪਿਸ ਪਰਤਦੇ ਹਨ ਤਦ ਇੰਨ੍ਹਾ ਨੂੰ ਮੁੜ ਮਾਨਸਿਕ ਦੇ ਨਾਲ ਸ਼ਰੀਰਕ ਤੌਰ ਤੇ ਤਸ਼ੱਦਦ ਸਹਿਣ ਕਰਣਾ ਪਵੇਗਾ ਜੋ ਕਿ ਇੰਨ੍ਹਾ ਦੇ ਬੱਚਿਆਂ ਉਪਰ ਗਲਤ ਅਸਰ ਪਵੇਗਾ । ਉਨ੍ਹਾਂ ਦਸਿਆ ਕਿ ਪਾਸਟਰ ਦੇ ਸੰਪਰਕ ਚ ਆਣ ਤੋਂ ਬਾਅਦ ਉਨ੍ਹਾਂ ਨੇ ਫਿਲੌਰ ਦੇ ਇਕ ਚਰਚ ਵਿਚ ਜਾਣਾ ਸ਼ੁਰੂ ਕਰ ਦਿੱਤਾ ਤੇ ਗੱਲ ਫੈਲਣ ਤੇ ਉਨ੍ਹਾਂ ਨੂੰ ਰਾਹ ਚਲਦਿਆਂ ਵੀਂ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਰਹਿੰਦਿਆਂ ਸਨ । ਉਨ੍ਹਾਂ ਦਸਿਆ ਕਿ ਜਦੋ ਗੱਲ ਹੱਦ ਤੋਂ ਪਾਰ ਹੋ ਗਈ ਤਦ ਸਾਨੂੰ ਦੇਸ਼ ਛੱਡਣਾ ਪੈ ਗਿਆ ਤੇ ਹੁਣ ਜ਼ੇਕਰ ਵਾਪਿਸ ਪਰਤਦੇ ਹਾਂ ਤਾਂ ਮੁੜ ਉਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਣਾ ਪਵੇਗਾ ਤੇ ਭਾਰਤ ਅੰਦਰ ਈਸਾਈ ਲੋਕਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਕਰਕੇ ਓਹ ਵੀਂ ਸੁਰੱਖਿਅਤ ਨਹੀਂ ਹਨ ਤਾਂ ਸਾਡੀ ਸੁਰੱਖਿਆ ਕਿਦਾਂ ਹੋਵੇਗੀ ਇਹ ਸੋਚ ਕੇ ਵਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਣਾ ਪੈ ਰਿਹਾ ਹੈ । ਜਿਕਰਯੋਗ ਹੈ ਕਿ ਦ ਵਾਇਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਮੁਤਾਬਿਕ ਸਿਵਲ ਸੋਸਾਇਟੀ ਸਮੂਹਾਂ ਨੇ ਇੱਕ ਵਾਰ ਫਿਰ ਭਾਰਤ ਵਿੱਚ ਈਸਾਈਆਂ ਵਿਰੁੱਧ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਯੂਨਾਈਟਿਡ ਕ੍ਰਿਸ਼ਚੀਅਨ ਫੋਰਮ (ਯੂਸੀਐਫ) ਦੁਆਰਾ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਅੰਦਰ 2024 ਵਿੱਚ 834 ਅਜਿਹੀਆਂ ਘਟਨਾਵਾਂ ਵਾਪਰੀਆਂ, ਜੋ ਕਿ 2023 ਵਿੱਚ 734 ਤੋਂ 100 ਘਟਨਾਵਾਂ ਵੱਧ ਹਨ। ਹਮਲਿਆਂ ਦੀ ਚਿੰਤਾਜਨਕ ਬਾਰੰਬਾਰਤਾ ਇਸ ਗੱਲ ਦਾ ਅਨੁਵਾਦ ਕਰਦੀ ਹੈ ਕਿ ਭਾਰਤ ਵਿੱਚ ਹਰ ਰੋਜ਼ ਦੋ ਤੋਂ ਵੱਧ ਈਸਾਈਆਂ ਨੂੰ ਸਿਰਫ਼ ਆਪਣੇ ਧਰਮ ਦਾ ਅਭਿਆਸ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਦ ਵਾਇਰ ਨੇ ਪਹਿਲਾਂ ਵੀਂ ਰਿਪੋਰਟ ਕੀਤੀ ਹੈ ਕਿ 2014 ਤੋਂ ਬਾਅਦ, ਜਦੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੇ ਪਹਿਲੀ ਵਾਰ ਕੇਂਦਰ ਸਰਕਾਰ ਬਣਾਈ ਸੀ, ਅਜਿਹੀਆਂ ਘਟਨਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।