ਨਵੀਂ ਦਿੱਲੀ, 10 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਸਿੱਖ ਕੌਮ ਦਾ ਹਿੰਦੂਤਵ ਖੇਡ ਯੋਗੇ ਨਾਲ ਕਦੀ ਵੀ ਪੁਰਾਤਨ ਇਤਿਹਾਸ ਵਿਚ ਕੋਈ ਸੰਬੰਧ ਨਹੀਂ ਰਿਹਾ ਅਤੇ ਨਾ ਹੀ ਸਿੱਖਾਂ ਨੇ ਕਦੇ ਯੋਗਾ ਕੀਤਾ ਹੈ । ਸਾਡੇ ਗੁਰੂ ਸਾਹਿਬਾਨ ਵੱਲੋਂ ਬਹੁਤ ਪਹਿਲੇ ਗੱਤਕਾ, ਕੁਸਤੀ, ਰੱਸਾਕਸੀ, ਕਬੱਡੀ, ਮੂਗਲੀਆ ਫੇਰਨਾਂ, ਨੇਜਾਬਾਜੀ, ਤਲਵਾਰਬਾਜੀ, ਘੋੜਸਵਾਰੀ ਆਦਿ ਖੇਡਾਂ ਨਾਲ ਸਿੱਖ ਕੌਮ ਨੂੰ ਜੋੜਕੇ ਨੌਜਵਾਨੀ ਨੂੰ ਸਰੀਰਕ ਪੱਖੋ ਅਤੇ ਮਾਨਸਿਕ ਪੱਖੋ ਮਜਬੂਤੀ ਦੇਣ ਹਿੱਤ ਇਨ੍ਹਾਂ ਖੇਡਾਂ ਦੀ ਸੁਰੂਆਤ ਕੀਤੀ ਸੀ । ਇਹ ਦਿਨ ਸਾਨੂੰ ਮਹੱਤਵਪੂਰਨ ਸੰਦੇਸ਼ ਦਿੰਦਾ ਹੈ ਕਿ ਅਸੀ ਆਪਣੇ ਗੁਰੂ ਸਾਹਿਬਾਨ ਦੇ ਹੁਕਮਾਂ ਨੂੰ ਮੰਨਦੇ ਹੋਏ ਜਿਥੇ ਵਿਚਾਰਧਾਰਕ ਤੌਰ ਤੇ ਮਜਬੂਰ ਹੋਈਏ, ਉਥੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਹਿੱਤ ਸਿੱਖ ਕੌਮ ਦੀ ਪਨੀਰੀ ਜੋ ਸਾਡਾ ਕੌਮੀ ਸਰਮਾਇਆ ਹੈ, ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਤੋਰਨ, ਸਾਂਭਣ ਅਤੇ ਸਰੀਰਕ ਤੌਰ ਤੇ ਮਜਬੂਤ ਬਣਾਉਣ ਦਾ ਵੀ ਸੰਦੇਸ ਦਿੰਦਾ ਹੈ । ਇਹੀ ਵਜਹ ਹੈ ਕਿ ਗੁਰੂ ਅੰਗਦ ਸਾਹਿਬ ਜੀ ਨੇ ਸਾਨੂੰ ਸਰੀਰਕ ਤੌਰ ਤੇ ਮਜਬੂਤੀ ਬਖਸਣ ਹਿੱਤ ਉਪਰੋਕਤ ਖੇਡਾਂ ਦੀ ਸੁਰੂਆਤ ਕਰਵਾਈ । ਦੂਸਰਾ ਅੱਜ ਜਦੋਂ ਹਿੰਦੂਤਵ ਹੁਕਮਰਾਨ ਹਰ ਖੇਤਰ ਵਿਚ ਸਿੱਖ ਕੌਮ ਦੇ ਮਾਣ ਸਨਮਾਨ, ਸੰਸਥਾਵਾਂ, ਰਵਾਇਤਾ ਨੂੰ ਠੇਸ ਪਹੁੰਚਾਉਣ ਦੇ ਦੁੱਖਦਾਇਕ ਅਮਲ ਕਰ ਰਹੇ ਹਨ ਤਾਂ ਉਸ ਸਮੇ ਸਾਨੂੰ ਆਪਣੀ ਵਿਲੱਖਣਤਾ ਤੇ ਮਨੁੱਖਤਾ ਪੱਖੀ ਸੋਚ ਨੂੰ ਕਾਇਮ ਰੱਖਦੇ ਹੋਏ ਅਜਿਹੇ ਸਮੂਹਿਕ ਤੌਰ ਤੇ ਉਦਮ ਕਰਨੇ ਬਣਦੇ ਹਨ ਜਿਸ ਨਾਲ ਸੰਸਾਰ ਪੱਧਰ ਤੇ ਸਾਡੀ ਵਿਲੱਖਣਤਾ ਦੇ ਨਾਲ-ਨਾਲ ਸਾਡੀ ਸਾਨੋ ਸੌਂਕਤ ਸਤਿਕਾਰ ਮਾਣ ਵਿਚ ਵੀ ਵਾਧਾ ਹੋਵੇਗਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮੀ ਤਖਤਾਂ ਦੇ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ ਦੇ ਪ੍ਰਧਾਨ, ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆ, ਸਿੱਖ ਕੌਮ ਨਾਲ ਸੰਬੰਧਤ ਸਭ ਸਮਾਜਿਕ, ਰਾਜਨੀਤਿਕ, ਧਾਰਮਿਕ ਸੰਗਠਨਾਂ ਨੂੰ ਇਹ ਗੰਭੀਰਤਾ ਭਰੀ ਅਪੀਲ ਕਰਦਾ ਹੈ ਕਿ 21 ਜੂਨ ਦੇ ਦਿਹਾੜੇ ਨੂੰ ਉਹ ਆਪਣੀ ਕੌਮੀ ਜਿੰਮੇਵਾਰੀ ਸਮਝਦੇ ਹੋਏ ਆਪੋ ਆਪਣੇ ਇਲਾਕਿਆ, ਖੇਤਰਾਂ ਵਿਚ ਮਨਾਉਦੇ ਹੋਏ ਅਜਿਹਾ ਮਾਹੌਲ ਸਿਰਜਣ ਜਿਸ ਨਾਲ ਹੁਕਮਰਾਨ ਜੋ ਘੱਟ ਗਿਣਤੀ ਸਿੱਖ ਕੌਮ ਉਤੇ ਦਹਿਸਤ ਪਾਉਣ ਦੇ ਅਮਲ ਕਰ ਰਿਹਾ ਹੈ, ਉਸਨੂੰ ਮਹਿਸੂਸ ਹੋ ਜਾਵੇ ਕਿ ਗੁਰੂ ਸਾਹਿਬਾਨ ਦੁਆਰਾ ਸਾਜੀ ਸਿੱਖ ਕੌਮ ਕਦੀ ਵੀ ਕਿਸੇ ਦੀ ਗੁਲਾਮੀਅਤ ਨੂੰ ਨਾ ਤਾਂ ਪ੍ਰਵਾਨ ਕਰਦੀ ਹੈ ਅਤੇ ਨਾ ਹੀ ਕਦੀ ਆਪਣੀ ਹਾਰ ਨੂੰ ਮੰਨਦੀ ਹੈ । ਬਲਕਿ ਪਹਿਲੇ ਨਾਲੋ ਵੀ ਵਧੇਰੇ ਤਾਕਤ ਤੇ ਇਕਜੁਟਤਾ ਨਾਲ ਆਪਣੇ ਮਿੱਥੇ ਨਿਸ਼ਾਨੇ ਵੱਲ ਵੱਧਕੇ ਫਤਹਿ ਪ੍ਰਾਪਤ ਕਰਨ ਵਿਚ ਯਕੀਨ ਰੱਖਦੀ ਹੈ ।” ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਤਖਤ ਸਾਹਿਬਾਨਾਂ ਦੇ ਜਥੇਦਾਰ, ਐਸ.ਜੀ.ਪੀ.ਸੀ, ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆ, ਬਾਹਰਲੇ ਮੁਲਕਾਂ ਅਮਰੀਕਾ, ਕੈਨੇਡਾ, ਜਰਮਨ, ਆਸਟ੍ਰੇਲੀਆ, ਬਰਤਾਨੀਆ ਆਦਿ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਅਤੇ ਪਾਰਟੀ ਅਹੁਦੇਦਾਰਾਂ, ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਨੂੰ ਕੌਮੀ ਜਿ਼ੰਮੇਵਾਰੀ ਪੂਰੀ ਕਰਨ ਦੀ ਗੱਲ ਕਰਦੇ ਹੋਏ ਕੀਤੀ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਲੰਮੇ ਸਮੇ ਤੋ ਸਾਡੇ ਸਿੱਖ ਕੌਮ ਦੇ ਮਹਾਨ ਵਿਰਸੇ-ਵਿਰਾਸਤ, ਯਾਦਗਰਾਂ ਨੂੰ ਖ਼ਤਮ ਕਰਨ ਅਤੇ ਉਨ੍ਹਾਂ ਵਿਚ ਆਪਣੇ ਢੰਗ ਨਾਲ ਸੂਖਮ ਤਰੀਕਿਆ ਰਾਹੀ ਤਬਦੀਲੀਆਂ ਕਰਕੇ ਸਿੱਖ ਕੌਮ ਨੂੰ ਆਪਣੀ ਜੜ੍ਹ ਵਿਰਸੇ-ਵਿਰਾਸਤ ਤੋ ਦੂਰ ਕਰਨ ਦੀਆਂ ਸਾਜਿਸਾਂ ਰਚਦੇ ਆ ਰਹੇ ਹਨ । ਲੇਕਿਨ ਸਿੱਖ ਕੌਮ ਆਪਣੇ ਵਿਰਸੇ-ਵਿਰਾਸਤ ਉਤੇ ਪਹਿਰਾ ਦਿੰਦੀ ਆ ਰਹੀ ਹੈ । ਹਕੂਮਤੀ ਅਜਿਹੀਆ ਸਾਜਿਸਾਂ ਨੂੰ ਅਸਫਲ ਬਣਾਉਣ ਲਈ ਅਤੇ ਆਪਣੇ ਗੁਰੂ ਸਾਹਿਬਾਨ ਵੱਲੋ ਸਾਨੂੰ ਆਤਮਿਕ ਤੌਰ ਤੇ ਗੁਰਬਾਣੀ ਨਾਲ ਜੁੜਨ, ਸਰੀਰਕ ਤੌਰ ਤੇ ਰਿਸਟ-ਪੁਸਟ ਰਹਿਣ ਹਿੱਤ ਉਪਰੋਕਤ ਖੇਡਾਂ ਗੱਤਕਾਬਾਜੀ ਆਦਿ ਨਾਲ ਜੁੜੇ ਰਹਿਣ ਦੇ ਆਦੇਸ਼ ਦਿੱਤੇ ਹਨ । ਬੀਤੇ ਸਮੇ ਵਿਚ ਰਾਜੀਵ ਗਾਂਧੀ ਸਰਕਾਰ ਸਮੇ ਹੁਕਮਰਾਨਾਂ ਨੇ ਸਿੱਖਾਂ ਉਤੇ ਜੋ ਕਤਲੇਆਮ ਕੀਤਾ, ਇਸ ਉਪਰੰਤ ਕਿਸੇ ਵੀ ਖੇਤਰ ਵਿਚ ਸਿੱਖ ਕੌਮ ਨੂੰ ਇਨਸਾਫ ਨਹੀ ਦਿੱਤਾ ਗਿਆ । ਅੱਜ ਵੀ ਭਾਵੇ ਜਮਾਤਾਂ ਤੇ ਪਾਰਟੀਆਂ ਦੇ ਨਾਮ ਬਦਲ ਗਏ ਹਨ, ਪਰ ਇਹ ਹਿੰਦੂਤਵ ਹੁਕਮਰਾਨ ਨਿਰੰਤਰ ਜ਼ਬਰ ਜੁਲਮ ਢਾਹੁੰਦੇ ਆ ਰਹੇ ਹਨ । ਉਸਦਾ ਮੁਕਾਬਲਾ ਕਰਨ ਲਈ ਅਤੇ ਫਤਹਿ ਪ੍ਰਾਪਤ ਕਰਨ ਲਈ ਸਾਨੂੰ ਗੁਰੂ ਸਿਧਾਤਾਂ ਤੇ ਸੋਚ ਤੇ ਹਰ ਕੀਮਤ ਤੇ ਪਹਿਰਾ ਦਿੰਦੇ ਹੋਏ ਜਿਥੇ ਅੱਗੇ ਵੱਧਣਾ ਪਵੇਗਾ, ਉਥੇ ਹਕੂਮਤੀ ਗੁੰਮਰਾਹਕੁੰਨ ਪ੍ਰਚਾਰ ਤੋ ਸੁਚੇਤ ਵੀ ਰਹਿਣਾ ਪਵੇਗਾ । ਇਸ ਲਈ ਅਸੀਂ ਹਿੰਦੂਤਵ ਹੁਕਮਰਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ, ਪ੍ਰਸਾਰ ਵਿਚ ਨਾ ਉਲਝਕੇ ਆਪਣੇ ਸਿੱਖੀ ਨਿਯਮਾਂ, ਸੋਚ, ਅਸੂਲਾਂ ਨਾਲ ਜੁੜਕੇ ਰਹਿਣ ਤੇ ਆਪਣੀਆ ਰਵਾਇਤਾ ਅਨੁਸਾਰ ਆਪਣੇ ਦਿਨ ਮਨਾਉਣ ਦੀ ਜਿੰਮੇਵਾਰੀ ਸਿੱਦਤ ਨਾਲ ਨਿਭਾਉਣੀ ਪਵੇਗੀ । ਤਦ ਹੀ ਅਸੀ ਆਪਣੇ ਮਹਾਨ ਵਿਰਸੇ- ਵਿਰਾਸਤ ਨੂੰ ਸਥਾਈ ਤੌਰ ਤੇ ਕਾਇਮ ਰੱਖ ਸਕਾਂਗੇ । ਸ. ਮਾਨ ਨੇ ਪਾਰਟੀ ਦੇ ਜਿ਼ਲ੍ਹਾ ਪ੍ਰਧਾਨਾਂ ਤੇ ਅਹੁਦੇਦਾਰਾਂ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਜਿਵੇ ਬੀਤੇ ਕਈ ਸਾਲਾਂ ਤੋ ਇਹ ਕੌਮੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ, ਇਸ ਸੰਬੰਧੀ ਅਖ਼ਬਾਰਾਂ, ਮੀਡੀਏ ਅਤੇ ਸੋ਼ਸ਼ਲ ਮੀਡੀਏ ਵਿਚ ਸੰਦੇਸ਼ ਦਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੀ ਮਹਾਨ ਖੇਡ ਗੱਤਕੇਬਾਜੀ ਨਾਲ ਜੁੜਨ ਹਿੱਤ 21 ਜੂਨ ਨੂੰ ਮੁਕਾਬਲੇ ਕਰਵਾਉਣ ਅਤੇ ਜੋ ਟੀਮਾਂ ਪਹਿਲੇ ਅਤੇ ਦੂਜੇ ਦਰਜੇ ਵਿਚ ਗੱਤਕੇਬਾਜੀ ‘ਚ ਜਿੱਤ ਪ੍ਰਾਪਤ ਕਰਨ ਉਨ੍ਹਾਂ ਨੂੰ ਅੱਛੇ ਢੰਗ ਨਾਲ ਸਨਮਾਨਿਤ ਕਰਦੇ ਹੋਏ ਅਤੇ ਸਾਮਿਲ ਟੀਮਾਂ ਨੂੰ ਸਿਰਪਾਓ ਆਦਿ ਬਖਸਿ਼ਸ਼ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ਦੀ ਜਿੰਮੇਵਾਰੀ ਵੀ ਨਿਭਾਉਣ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।