‘ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਸਮਰਪਿਤ’ ਸਿੱਖੀ ਦੀ ਪ੍ਰਫੁੱਲਤਾ ਲਈ ਉਪਰਾਲਾ,
ਲਖਣਾ ਤਪਾ ਚ ਨੌਜਵਾਨਾਂ ਨੂੰ ਕੇਸ ਰੱਖਣ ਲਈ 1000 ਤੇ ਅਮ੍ਰਿਤ ਛਕਣ ਵਾਲੇ ਲਈ 2000 ਮਹੀਨਾ ਤੇ ਨਸ਼ੇ ਦਾ ਤਿਆਗ ਕਰਕੇ ਸਿੰਘ ਸਜਣ ਵਾਲੇ ਲਈ 11000 ਰੁਪੈ ਸਨਮਾਣ ਦੇਣ ਦਾ ਐਲਾਨ
ਸਾਹਿਬਜ਼ਾਦਿਆਂ ਦੇ ਦਰਸਾਏ ਮਾਰਗ ਤੇ ਚੱਲਣ ਬੱਚੇ ਤੇ ਨੌਜਵਾਨ/ਜਸਵਿੰਦਰ ਸਿੰਘ ਲਖਣਾ, ਸੁਖਵਿੰਦਰ ਸਿੰਘ ਲਖਣਾ
ਖਾਲੜਾ,ਭਿੱਖੀਵਿੰਡ 29 ਦਸੰਬਰ (ਨੀਟੂ ਅਰੋੜਾ/ਜਗਤਾਰ ਸਿੰਘ)ਸਿੱਖੀ ਤੋਂ ਮੂੰਹ ਮੋੜਨ ਵਾਲੇ ਲਖਣਾ ਤਪਾ (ਤਰਨਤਾਰਨ) ਦੇ ਪਿੰਡ ਵਾਸੀ ਨੌਜਵਾਨਾਂ ਲਈ ਸਿੱਖੀ ਦੀ ਚੜਦੀ ਕਲ੍ਹਾ ਲਈ ਚਿੰਤਤ ਸਮਾਜਸੇਵੀ ਵੀਰਾਂ ਜਸਵਿੰਦਰ ਸਿੰਘ ਫੌਜੀ ਤੇ ਸੁਖਵਿੰਦਰ ਸਿੰਘ ਫੌਜੀ ਨੇ ਲਾਸਾਨੀ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਵੱਡਾ ਐਲਾਨ ਕਰ ਦਿੱਤਾ ਹੈ। ਉਕਤ ਵੀਰਾਂ ਵੱਲੋਂ ਸਾਰੇ ਨਗਰ ਲੱਖਣਾ ਤਪਾ ਦੀ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਪਿੰਡ ਲਖਣਾ ਦਾ ਕੋਈ ਵੀ ਕਲੀਨ ਸੇਵ ਵੀਰ ਕੇਸ ਦਾੜੀ ਰੱਖੇਗਾ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਏਗਾ, ਉਸਨੂੰ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਦੇ ਵੱਡਮੁੱਲੇ ਸਹਿਯੋਗ ਨਾਲ 1000 ਰੁਪਏ ਮਹੀਨਾ ਸਨਮਾਣ ਤੇ ਜੋ ਵੀਰ ਕੇਸ ਰੱਖ ਕੇ ਅਮ੍ਰਿਤ ਪਾਨ ਕਰੇਗਾ, ਉਸਨੂੰ 2000 ਰੁਪਏ ਮਹੀਨਾ ਸਨਮਾਣ ਵਜੋਂ ਦੇਣਾ ਲਾਗੂ ਕੀਤਾ ਜਾਵੇਗਾ । ਉਕਤ ਸਿੱਖ ਚਿੰਤਕ ਸਮਾਜਸੇਵੀ ਵੀਰਾਂ ਨੇ ਦੱਸਿਆ ਕਿ ਸਾਥ ਹੀ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਣ ਲਈ ਵੀ ਸਮੂਹ ਵੀਰਾਂ ਦੇ ਸਹਿਯੋਗ ਨਾਲ ਉਪਰਾਲੇ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇ ਕੋਈ ਪਿੰਡ ਦਾ ਨੌਜਵਾਨ ਜੋ ਮਾਰੂ ਨਸ਼ੇ ਸਮੈਕ ਹੈਰੋਇਨ ਦਾ ਆਦੀ ਹੋ ਚੁੱਕਾ ਹੈ ਤਾਂ ਉਸਨੂੰ ਨਸ਼ਿਆਂ ਦਾ ਤਿਆਗ ਕਰਕੇ ਅਮ੍ਰਿਤ ਧਾਰੀ ਸਿੰਘ ਸੱਜਣ ਤੇ ਅਤੇ ਸਿੱਖੀ ਰਹਿਤ ਮਰਯਾਦਾ ਚ ਪ੍ਰਪੱਕ ਹੋਣ ਤੇ ਉਕਤ ਸਨਮਾਣ ਤੋਂ ਇਲਾਵਾ 11000 ਰੁਪੈ ਨਕਦੀ ਨਾਲ ਸਪੈਸ਼ਲ ਸਨਮਾਣਤ ਕੀਤਾ ਜਾਵੇਗਾ । ਉਕਤ ਵੀਰਾਂ ਨੇ ਅੱਗੇ ਕਿਹਾ ਕਿ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਾਂਝੇ ਸਹਿਯੋਗ ਨਾਲ ਪਿੰਡ ਚ ਧਾਰਮਿਕ ਪ੍ਰੋਗ੍ਰਾਮ ਜਿਵੇਂ ਗੁਰਮਤਿ ਕੈਂਪ, ਦਸਤਾਰ ਮੁਕਾਬਲੇ, ਨੈਤਿਕ ਸਿੱਖਿਆ ਮੁਕਾਬਲੇ ਤੇ ਕੈਂਪ ਆਯੋਜਿਤ ਕਰਨ ਦੇ ਉਪਰਾਲੇ ਵੀ ਕੀਤੇ ਜਾਣਗੇ । ਉਹਨਾਂ ਅੱਗੇ ਕਿਹਾ ਕਿ ਉਕਤ ਸਨਮਾਣ ਪ੍ਰਾਪਤ ਕਰਨ ਲਈ ਅੱਗੇ ਆਉਣ ਵਾਲੇ ਵੀਰਾਂ ਨੂੰ ਨਗਰ ਚ ਗੁਰਦੁਆਰਾ ਭਾਈ ਝਾੜੂ ਸਾਹਿਬ ਜੀ ਵਿਖੇ 6-7 ਜਨਵਰੀ 2024 ਨੂੰ ਮਨਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਨਮਾਨਿਤ ਕੀਤਾ ਜਾਵੇਗਾ। ਇਸ ਪੂਰੇ ਉਪਰਾਲੇ ਲਈ ਉਕਤ ਵੀਰਾਂ ਨੇ ਸਹਿਯੋਗ ਕਰਨ ਲਈ ਭਰੋਸਾ ਦੇਣ ਵਾਲੇ ਵੀਰਾਂ ਦਾ ਵੀ ਧੰਨਵਾਦ ਕੀਤਾ।
ਉਕਤ ਸਮਾਜਸੇਵੀ ਵੀਰਾਂ ਨੇ ਕਿਹਾ ਕਿ ਸਾਡੇ ਵੱਲੋਂ ਵੀਰਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਲਾਲਚ ਨਹੀਂ ਸਗੋਂ ਸਨਮਾਣ ਵਜੋਂ ਹੀ ਵਰਜਿਤ ਵੇਖਿਆ ਜਾਣ ਦੀ ਅਪੀਲ ਵੀ ਕੀਤੀ । ਉਹਨਾਂ ਸਿੱਖ ਬੱਚਿਆਂ ਤੇ ਨੌਜਵਾਨਾਂ ਚ ਵਧ ਪਤਿਤਪੁਣੇ ਤੇ ਨਿਘਾਰ ਵੱਲ ਜਾ ਰਿਹਾ ਲਈ ਚਿੰਤਤ ਹੁੰਦਿਆਂ ਕਿਹਾ ਕਿ ਸਾਨੂੰ ਸਾਡੇ ਸਿੱਖੀ ਤੋਂ ਮੁਨਕਰ ਵੀਰਾਂ ਨੂੰ ਸਮਝਾ ਬੁਝਾ ਕੇ ਤੇ ਜਾਗਰੂਕ ਕਰਦਿਆਂ ਘਰ ਵਾਪਸੀ ਲਈ ਯਤਨ ਤੇਜ਼ ਕਰਨ ਦੀ ਸਮੇਂ ਦੀ ਲੋੜ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।