ਜਰਮਨੀ 18 ਅਕਤੂਬਰ (ਖਿੜਿਆ ਪੰਜਾਬ) 13 ਅਕਤੂਬਰ ਨੂੰ ਸ੍ਰੀ ਗੁਰੂ ਅਰਜੁਨ ਦੇਵ ਗੁਰਦੁਆਰਾ ਸਾਹਿਬ ਡਰਬੀ ( ਯੂ ਕੇ) ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ ।ਇਸ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਵਿਸ਼ੇਸ਼ ਅਵਸਰ ਤੇ ਸਿੱਖ ਫੈਡਰੇਸ਼ਨ ਨੇ ਸੰਸਾਰ ਭਰ ਚ ਖਾਲਿਸਤਾਨ ਲਈ ਸੰਘਰਸ਼ ਕਰਦੀਆਂ ਸਾਰੀਆਂ ਇਕਾਈਆ ਨੇ ਸੰਸਾਰ ਪੱਧਰ ਦਾ ਢਾਚਾਂ ਸਿੱਖ ਫੈਡਰੇਸ਼ਨ ਇਟਰਨੈਸਨਲ ਨਾਮ ਹੇਠ ਕੰਮ ਕਰਨ ਦਾ ਇੱਕ ਅਹਿਮ ਐਲਾਨ ਕੀਤਾ ਹੈ। ਫੈਡਰੇਸ਼ਨਾ ਆਪੋ ਆਪਣੇ ਦੇਸ਼ ਚ ਪਹਿਲਾਂ ਵਾਂਗ ਹੀ ਕੰਮ ਕਰਨਗੀਆਂ ਪਰ ਸੰਸਾਰ ਪੱਧਰ ਤੇ ਵਿਚਰਨ ਲਈ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਡੁਕਵਾ ਕਦਮ ਚੁੱਕਿਆ ਹੈ। ਇਸ ਫੈਸਲੇ ਦੀ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਹਿਮਤੀ ਜਤਾਈ । ਇਹ ਇਟਰਨੈਸਨਲ ਗਠਨ ਯੂ ਕੇ, ਯੂਰਪ, ਕਨੇਡਾ, ਅਮਰੀਕਾ ਅਤੇ ਅਸਟਰੇਲੀਆ ਪੰਜ ਜੌਨਾਂ ਚ ਵੰਡਿਆ ਗਿਆ ਹੈ। ਭਾਵੇਂ ਇਸ ਗਠਨ ਦੇ ਪਹਿਲੀ ਕਤਾਰ ਦੇ ਉਹ ਸਾਰੇ ਆਗੂ ਹਨ ਜਿਹੜੇ ਪਿੱਛਲੇ 40 ਸਾਲ ਤੋਂ ਖਾਲਿਸਤਾਨ ਦੇ ਚੱਲਦੇ ਸੰਘਰਸ਼ ਚ ਅਹਿਮ ਸੇਵਾਵਾਂ ਨਿਭਾਅ ਰਹੇ ਹਨ ਪਰ ਨੌਜਵਾਨ ਜੋ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੇ ਹਨ ਉਹਨਾਂ ਨੂੰ ਭਵਿੱਖ ਚ ਸੰਘਰਸ਼ ਅੱਗੇ ਤੋਰਨ ਲਈ ਨੌਜਵਾਨੀ ਨੂੰ ਸੰਘਰਸ਼ ਲਈ ਲਾਮਬੰਦ ਕਰਨਾ ਅਤੇ ਸਰਕਾਰਾਂ ਨਾਲ ਗੱਲਬਾਤ ਕਰਨ ਦੀਆਂ ਵਿਸੇਸ ਜਿੰਮੇਵਾਰੀਆ ਦਿੱਤੀਆਂ ਗਈਆਂ ਹਨ।
ਸਿੱਖ ਫੈਡਰੇਸ਼ਨ ਯੂਕੇ ਦੀ ਡਰਬੀ ਬ੍ਰਾਂਚ ਵੱਲੋ ਕੀਤੇ ਸਮਾਗਮ ਚ ਯੂਕੇ ਭਰ ਦੇ ਸਾਰੇ ਸ਼ਹਿਰਾਂ ਦੀਆਂ ਬ੍ਰਾਂਚਾਂ ਵੱਲੋਂ ਸਹਿਯੋਗ ਕੀਤਾ ਗਿਆ। ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਜਿੱਥੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਫੈਡਰੇਸ਼ਨ ਦੇ ਨਵੇਂ ਬਣੇ ਪੰਚ ਪ੍ਰਧਾਨੀ ਢਾਂਚੇ ਵਾਰੇ ਵੀ ਚਾਨਣਾ ਪਾਇਆ। ਪੰਚ ਪ੍ਰਧਾਨੀ ਅਗਵਾਈ ਵਾਲੇ ਫੈਡਰੇਸ਼ਨ ਦੇ ਕੀਤੇ ਸਲਾਘਾਂ ਯੋਗ ਫੈਸਲੇ ਦੀ ਹਰ ਪਾਸਿਓਂ ਪ੍ਰਸੰਸਾ ਹੋ ਰਹੀ ਹੈ। ਸਮਾਗਮ ਦੌਰਾਨ ਕੈਨੇਡਾ ,ਯੂਰਪ ,ਅਸਟਰੇਲੀਆ, ਪੰਜਾਬ ਅਤੇ ਯੂਕੇ ਵੱਖ-ਵੱਖ ਸ਼ਹਿਰਾਂ ਤੋਂ ਪਹੁੱਚੇ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਯੂ ਕੇ ਫੈਡਰੇਸ਼ਨ ਆਗੂ ਭਾਈ ਅਮਰੀਕ ਸਿੰਘ ਗਿੱਲ ਹੋਰਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਯੂ ਕੇ ਸਿੱਖਾਂ ਦੀਆਂ ਦਰਪੇਸ ਮੁਸਕਲਾ ਦੇ ਹੱਲ ਕਰਾਉਣ ਲਈ ਫੈਡਰੇਸ਼ਨ ਵੱਲੋ ਯੂ ਕੇ ਸਰਕਾਰ ਨਾਲ ਗੱਲਬਾਰ ਕਰ ਕੀਤੇ ਕੰਮਾਂ ਦਾ ਵੀ ਵਿਸਥਾਰ ਨਾਲ ਦੱਸਿਆ।
ਸਿੱਖ ਫੈਡਰੇਸ਼ਨ ਕੈਨੇਡਾ ਤੋਂ ਪਹੁੰਚੇ ਭਾਈ ਮਨਿੰਦਰ ਸਿੰਘ ਅਤੇ ਭਾਈ ਪ੍ਰਭਜੋਤ ਸਿੰਘ ਨੇ ਬੋਲਦਿਆਂ ਕਿਹਾ ਕਿ ਭਾਵੇਂ ਅਸੀਂ ਵਿਦੇਸ਼ਾਂ ਵਿੱਚ ਜਨਮੇ ਹਾਂ ਪਰ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਸਿੱਖਾਂ ਦੀ ਅਜ਼ਾਦ ਹਸਤੀ ਪਸੰਦ ਨਹੀਂ । ਜਿਸਦੀ ਮਿਸਾਲ 1984 ਵਿੱਚ ਦਰਬਾਰ ਦੇ ਹਮਲੇ ਵਿੱਚ ਇਹਨਾਂ ਸਰਕਾਰਾਂ ਦੀ ਸ਼ਮੂਲੀਅਤ ਹੈ । ਤਾਜ਼ਾ ਹਾਲਾਤ ਵਿੱਚ ਇਹ ਮਿਸਾਲ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੇ ਕੈਨੇਡਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਮੌਜੂਦਾ ਸਿੱਖ ਕਾਰਕੁਨਾਂ ਪ੍ਰਤੀ ਸਰਕਾਰ ਦੇ ਰਵੱਈਏ ਤੋਂ ਸਪੱਸ਼ਟ ਹੋ ਜਾਂਦੀ ਹੈ ।ਭਾਈ ਗੁਰਮੀਤ ਸਿੰਘ ਖਨਿਆਣ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਭਾਈ ਜਿੰਦੇ, ਸੁੱਖੇ ਦੀ ਸ਼ਹਾਦਤ ਖਾਲਿਸਤਾਨ ਦੀ ਪ੍ਰਾਪਤੀ ਲਈ ਸੀ ਜਿਸ ਲਈ ਸਾਡਾ ਸੰਗਰਸ ਜਾਰੀ ਰਹੇਗਾ। ਇਹ ਸ਼ਹਾਦਤਾਂ ਸਾਡੇ ਲਈ ਪ੍ਰੇਰਨਾ ਸਰੋਤ ਹਨ।
ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਭਾਈ ਮਨਧੀਰ ਸਿੰਘ ਨੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵਿਦੇਸ਼ਾਂ ਚ ਜਲਾਵਤਨੀ ਕੱਟਦੇ ਹੋਏ ਚੱਲਦੇ ਖਾਲਿਸਤਾਨ ਦੇ ਇਸ ਸੰਘਰਸ਼ ਦੌਰਾਨ ਪਰਿਵਾਰਕ ਮੁਸ਼ਕਲਾਂ ਅਤੇ ਸਰਕਾਰੀ ਦਬਾਅ ਦੀ ਵੀ ਕਿਸੇ ਕਿਸਮ ਦਾ ਪ੍ਰਵਾਹ ਨਾਂ ਕਰਦਿਆਂ ਅਡੋਲ ਸੇਵਾਵਾਂ ਦੀ ਸਲਾਘਾਂ ਕੀਤੀ। ਭਾਈ ਮਨਧੀਰ ਸਿੰਘ ਜੀ ਨੇ ਖਾਲਿਸਤਾਨੀ ਸੰਘਰਸ਼ ਦੇ ਸ਼ਹੀਦਾਂ ਦੁਆਰਾ ਇਤਿਹਾਸ ਦੀ ਪੁਨਰਸੁਰਜੀਤੀ ਦੱਸਦਿਆਂ ਹੋਰ ਵੀ ਬਹੁਤ ਨੁਕਤਿਆਂ ਤੋਂ ਜਾਣੂ ਕਰਵਾਉਂਦਿਆ ਕਿਹਾ ਕਿ ਸਿੱਖ ਨੂੰ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਕੀਤੀ ਗਈ ਸੁਤੰਤਰ ਹਸਤੀ ਨੂੰ ਕੋਈ ਨੀ ਸਰਕਾਰੀ ਨਿਜ਼ਾਮ ਨਿਗਲਣ ਦੇ ਸਮਰੱਥ ਨਹੀ। ਭਾਈ ਅਜੀਤ ਸਿੰਘ ਜੀ ਸਿੱਖ ਫੈਡਰੇਸ਼ਨ ਅਸਟਰੇਲੀਆ ਨੇ ਵੀ ਸੰਗਤ ਨੂੰ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਸਾਨੂੰ ਇਹਨਾਂ ਸ਼ਹੀਦਾਂ ਤੋਂ ਸੇਧ ਲੈ ਕੇ ਆਪਣੀ ਮੰਜ਼ਿਲ ਵੱਲ ਵਧਣਾ ਚਾਹੀਦਾ ਹੈ ।
ਭਾਈ ਦਬਿੰਦਰਜੀਤ ਸਿੰਘ ਜੀ ਨੇ ਯੂਕੇ ਸਰਕਾਰ ਦੇ ਸਿੱਖਾਂ ਪ੍ਰਤੀ ਰਵੱਈਏ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਇਸ ਮੁਲਕ ਦੀ ਸਰਕਾਰ ਨੂੰ ਦਰਬਾਰ ਸਾਹਿਬ ਦੇ ਹਮਲੇ ਦੀ ਬਹੁਤ ਅਗਾਊਂ ਜਾਣਕਾਰੀ ਸੀ । ਹੁਣ ਡਰਬੀ ਸ਼ਹਿਰ ਦੀ ਕੌਂਸਲ ਨੇ 1984 ਦੀ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਕਰ ਦਿੱਤਾ ਹੈ ਜੋ ਕਿ ਸਿੱਖਾਂ ਲਈ ਇਕ ਬਹੁਤ ਹੀ ਮਹੱਤਵਪੂਰਨ ਫੈਸਲਾ ਹੈ ਤੇ ਡਰਬੀ ਸ਼ਹਿਰ ਦੀ ਕੌਂਸਲ ਦੇ ਮੁੱਖੀ ਨੇ ਡਿਪਟੀ ਪ੍ਰਧਾਨ ਮੰਤਰੀ ਨੂੰ ਖ਼ਤ ਲਿਖਿਆ ਹੈ ਜਿਸ ਵਿੱਚ ਇੱਕ ਜੱਜ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਯੂਕੇ ਸਰਕਾਰ ਦੀ ਸ਼ਮੂਲੀਅਤ ਨੂੰ ਜਨਤਕ ਕਰਨ ਬਾਰੇ ਸਮੇਂ ਦੀ ਸੀਮਾਂ ਦੀ ਮੰਗ ਕੀਤੀ ਗਈ ਹੈ । ਭਾਈ ਦਬਿੰਦਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਭਾਵੇਂ ਜਥੇਬੰਦੀ ਦੇ ਪੁਰਾਣੇ ਸਿੰਘਾਂ ਨੇ ਪੰਜ ਪ੍ਰਧਾਨੀ ਨੂੰ ਜਥੇਬੰਦੀ ਦੀਆਂ ਜ਼ੁੰਮੇਵਾਰੀਆਂ ਸੌਂਪ ਦਿੱਤੀਆਂ ਹਨ ਪਰ ਉਨ੍ਹਾਂ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਵੇਗਾ ਤੇ ਜਥੇਬੰਦੀ ਦੇ ਮਹੱਤਵਪੂਰਨ ਫ਼ੈਸਲਿਆਂ ਵਿੱਚ ਉਨ੍ਹਾਂ ਦੀ ਰਾਏ ਹਮੇਸ਼ਾ ਲਈ ਜਾਵੇਗੀ ।
ਸਰਦਾਰ ਕੁਲਦੀਪ ਸਿੰਘ ਦਿਉਲ ਮੁੱਖ ਸੇਵਾਦਾਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਨੇ ਕਿਹਾ ਕਿ ਸਾਨੂੰ ਹਰ ਹੀਲੇ ਸਿੱਖ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਮੌਜੂਦਾ ਹਾਲਾਤਾਂ ਦੀ ਸਹੀ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਸਮਾਗਮ ਦੌਰਾਨ ਭਾਈ ਹਰਦੀਸ ਸਿੰਘ , ਭਾਈ ਕੇਸਰ ਸਿੰਘ ਧਾਰੀਵਾਲ, ਭਾਈ ਬਲਵਿੰਦਰ ਸਿੰਘ ਡੱਲੇਵਾਲ, ਭਾਈ ਗੁਰਜੀਤ ਸਿੰਘ , ਭਾਈ ਕਲਬੰਤ ਸਿੰਘ ਮਠੱਡਾ ਸਮੇਤ ਹੋਰ ਸਿੰਘ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।