24 Views
Mansa Murder Case: ਪੰਜ ਕੇਸਾਂ ਵਾਲੇ ਅਸ਼ਵਨੀ ਨੂੰ ਹੱਥੋਂ ਹੱਥ ਅਸਲਾ ਲਾਇਸੈਂਸ!
ਮੁਲਜ਼ਮ ਕੋਲ ਇੱਕ ਪਿਸਟਲ ਤੇ ਇੱਕ ਗੰਨ
ਚੰਡੀਗੜ੍ਹ
ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਹੱਥੋਂ ਹੱਥ ਅਸਲਾ ਲਾਇਸੈਂਸ ਜਾਰੀ ਕੀਤਾ ਸੀ ਤੇ ਮੁਲਜ਼ਮ ’ਤੇ ਦਰਜ ਪੰਜ ਪੁਲੀਸ ਕੇਸਾਂ ਦੀ ਵੀ ਅਣਦੇਖੀ ਕਰ ਦਿੱਤੀ ਗਈ। ਇਨ੍ਹਾਂ ਪੁਲੀਸ ਕੇਸਾਂ ’ਚ ਤਿੰਨ ਕੇਸ ਤਾਂ ਇਕੱਲੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦਰਜ ਸਨ ਪ੍ਰੰਤੂ ਇਸ ਦੇ ਬਾਵਜੂਦ ਮਾਨਸਾ ਪ੍ਰਸ਼ਾਸਨ ਨੇ ਅਸਲਾ ਲਾਇਸੈਂਸ ਜਾਰੀ ਕਰ ਦਿੱਤਾ। ਕੀ ਕਿਸੇ ਸਿਆਸੀ ਹਸਤੀ ਦੇ ਦਬਾਓ ਹੇਠ ਅਸਲਾ ਲਾਇਸੈਂਸ ਜਾਰੀ ਹੋਇਆ ਹੈ, ਇਹ ਤਾਂ ਜਾਂਚ ਦਾ ਵਿਸ਼ਾ ਹੈ ਪ੍ਰੰਤੂ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ 21 ਅਗਸਤ 2024 ਨੂੰ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕੀਤਾ ਸੀ।
ਇਸੇ ਅਸਲਾ ਲਾਇਸੈਂਸ ਦੇ ਅਧਾਰ ’ਤੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਵਾਲੇ ਅਸ਼ਵਨੀ ਕੁਮਾਰ ਨੇ ਦੋ ਲਾਇਸੈਂਸੀ ਹਥਿਆਰ ਰੱਖੇ ਹੋਏ ਹਨ। ਜ਼ਿਲ੍ਹਾ ਮੈਜਿਸਟਰੇਟ ਮਾਨਸਾ ਨੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਜ਼ਿਲ੍ਹਾ ਪੁਲੀਸ ਦੀ ਸਿਫ਼ਾਰਸ਼ ’ਤੇ ਅਸਲਾ ਲਾਇਸੈਂਸ ਜਾਰੀ ਕੀਤਾ। ਵੇਰਵਿਆਂ ਅਨੁਸਾਰ ਅਸ਼ਵਨੀ ਕੁਮਾਰ ਕੋਲ ਇੱਕ ਪਿਸਟਲ (7.62 ਐੱਮ ਐੱਮ) ਅਤੇ ਇੱਕ ਬਾਰਾਂ ਬੋਰ ਦੀ ਗੰਨ ਸੀ। ਮੁਲਜ਼ਮ ਅਸ਼ਵਨੀ ਕੁਮਾਰ ਦੇ ਲਾਇਸੈਂਸ ਦੀ ਵੈਧਤਾ 21 ਅਗਸਤ 2024 ਤੋਂ 20 ਅਗਸਤ 2029 ਤੱਕ ਦੀ ਸੀ।
ਮਾਨਸਾ ’ਚ ਆਪਣੀ ਦਵਾਈਆਂ ਦੀ ਦੁਕਾਨ ’ਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਲਈ ਅਸ਼ਵਨੀ ਕੁਮਾਰ ਨੇ ਇਹੋ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਸ਼ਵਨੀ ਕੁਮਾਰ ਨੂੰ ਇੱਕੋ ਸਮੇਂ 50 ਕਾਰਤੂਸ ਖ਼ਰੀਦਣ ਅਤੇ ਇੱਕ ਸਾਲ ’ਚ 100 ਕਾਰਤੂਸ ਖ਼ਰੀਦਣ ਦਾ ਅਧਿਕਾਰ ਵੀ ਦਿੱਤਾ ਹੋਇਆ ਸੀ। ਮਾਨਸਾ ਦੇ ਐੱਸ ਐੱਸ ਪੀ ਵੱਲੋਂ ਇਸ ਅਸਲਾ ਲਾਇਸੈਂਸ ਲਈ ਕੀਤੀ ਸਿਫ਼ਾਰਸ਼ ’ਚ ਅਸ਼ਵਨੀ ਕੁਮਾਰ ’ਤੇ ਦਰਜ ਪੰਜ ਪੁਲੀਸ ਕੇਸਾਂ ਦਾ ਜ਼ਿਕਰ ਵੀ ਕੀਤਾ ਹੈ ਅਤੇ ਇਸ ਤੋਂ ਇਲਾਵਾ ਅਸ਼ਵਨੀ ਕੁਮਾਰ ਲਈ ਖ਼ਤਰੇ ਦਾ ਅਧਾਰ ਮਾਨਸਾ ਦੇ ਸਿਟੀ-2 ’ਚ ਦਰਜ ਐੱਫ਼ ਆਈ ਆਰ 66 (ਮਿਤੀ 4 ਅਪਰੈਲ 2024) ਨੂੰ ਬਣਾਇਆ ਗਿਆ।
ਐੱਸ ਐੱਸ ਪੀ ਨੇ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਦੀ ਸਿਫ਼ਾਰਸ਼ 9 ਅਗਸਤ 2024 ਨੂੰ ਨੰਬਰ 91/ਐੱਨ ਏ ਐੱਲ ਤਹਿਤ ਕੀਤੀ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ 21 ਅਗਸਤ 2024 ਨੂੰ ਅਸਲਾ ਲਾਇਸੈਂਸ ਜਾਰੀ ਕਰ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਆਮ ਤੌਰ ’ਤੇ ਜ਼ਿਲ੍ਹਾ ਮੈਜਿਸਟਰੇਟ ਉਸ ਕਿਸੇ ਵਿਅਕਤੀ ਨੂੰ ਵੀ ਅਸਲਾ ਲਾਇਸੈਂਸ ਜਾਰੀ ਨਹੀਂ ਕਰਦੇ ਜਿਸ ’ਤੇ ਕੋਈ ਪੁਲੀਸ ਕੇਸ ਦਰਜ ਹੁੰਦਾ ਹੈ। ਇੱਥੋਂ ਤੱਕ ਕਿ ਜ਼ਿਲ੍ਹਾ ਮੈਜਿਸਟਰੇਟ ਪੁਲੀਸ ਕੇਸ ਦਰਜ ਹੋਣ ਕਰਕੇ ਲਾਇਸੈਂਸੀ ਦਾ ਕਈ ਵਾਰ ਅਸਲਾ ਲਾਇਸੈਂਸ ਰੀਨਿਊ ਵੀ ਨਹੀਂ ਕਰਦੇ ਪ੍ਰੰਤੂ ਅਸ਼ਵਨੀ ਕੁਮਾਰ ਨੂੰ ਲਾਇਸੈਂਸ ਜਾਰੀ ਕਰਨ ਸਮੇਂ ਪੰਜ ਪੁਲੀਸ ਕੇਸਾਂ ਨੂੰ ਨਜ਼ਰਅੰਦਾਜ਼ ਹੀ ਕਰ ਦਿੱਤਾ ਗਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।






