Home » ਨਵੀਂ ਦਿੱਲੀ » ਬੰਗਲਾ ਸਾਹਿਬ ’ਚ ਪੁਲਿਸ ਦਾਖ਼ਲੇ ਨੂੰ ਲੈ ਕੇ ਸਰਨਾ ਦਾ ਤਿੱਖਾ ਵਾਰ—ਕਾਲਕਾ ਦੀ ਦਲੀਲ ਨੂੰ ਦੱਸਿਆ ਮਰਿਆਦਾ ਤੋਂ ਭਟਕਿਆ ਬਚਾਅ

ਬੰਗਲਾ ਸਾਹਿਬ ’ਚ ਪੁਲਿਸ ਦਾਖ਼ਲੇ ਨੂੰ ਲੈ ਕੇ ਸਰਨਾ ਦਾ ਤਿੱਖਾ ਵਾਰ—ਕਾਲਕਾ ਦੀ ਦਲੀਲ ਨੂੰ ਦੱਸਿਆ ਮਰਿਆਦਾ ਤੋਂ ਭਟਕਿਆ ਬਚਾਅ

SHARE ARTICLE

10 Views

 

ਨਵੀਂ ਦਿੱਲੀ, 13 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਪੁਲਿਸ ਕਾਰਵਾਈ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕੇਂਦਰ ਸਰਕਾਰ ਅਤੇ ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ ਤੋਂ ਮੰਗ ਕੀਤੀ ਹੈ ਕਿ ਦੇਸ਼ ਭਰ ਵਿੱਚ ਸਪੱਸ਼ਟ ਪ੍ਰੋਟੋਕੋਲ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਪ੍ਰਦਰਸ਼ਨਕਾਰੀ ਜਾਂ ਵਿਅਕਤੀ ਦਾ ਪਿੱਛਾ ਕਰਦਿਆਂ ਪੁਲਿਸ ਗੁਰਦੁਆਰਾ ਸਾਹਿਬਾਨ ਦੇ ਪਵਿੱਤਰ ਕੰਪਲੈਕਸ ਵਿੱਚ ਦਾਖ਼ਲ ਨਾ ਹੋਵੇ। ਗੁਰਦੁਆਰਾ ਰਕਾਬ ਗੰਜ ਸਾਹਿਬ ਦਫਤਰ ਵਿਖ਼ੇ ਕੀਤੀ ਕਾਨਫਰੰਸ ਵਿਚ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਪੁਲਿਸ ਕਾਰਵਾਈ ਦੇ ਬਚਾਅ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਕਿਹਾ ਕਿ ਸਿੱਖ ਮਰਿਆਦਾ ਨੂੰ ਸਿਰਫ਼ ਦਰਬਾਰ ਹਾਲ ਦੀਆਂ ਪੌੜੀਆਂ ਤੱਕ ਸੀਮਤ ਕਰਨਾ ਗੰਭੀਰ ਭੁੱਲ ਹੈ। ਸਰਨਾ ਨੇ ਕਿਹਾ ਕਿ “ਮਰਿਆਦਾ ਦਰਬਾਰ ਹਾਲ ਦੀਆਂ ਪੌੜੀਆਂ ਤੋਂ ਸ਼ੁਰੂ ਨਹੀਂ ਹੁੰਦੀ, ਸਗੋਂ ਪੂਰਾ ਗੁਰਦੁਆਰਾ ਕੰਪਲੈਕਸ ਪਵਿੱਤਰ ਹੈ।” ਉਨ੍ਹਾਂ ਕਿਹਾ ਕਿ ਜੇ ਵਰਦੀਧਾਰੀ ਪੁਲਿਸ ਕਿਸੇ ਕਾਰਵਾਈ ਤਹਿਤ ਲੋਕਾਂ ਦਾ ਪਿੱਛਾ ਕਰਦਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੁੰਦੀ ਹੈ ਤਾਂ ਇਹ ਆਪਣੇ ਆਪ ਵਿੱਚ ਗੰਭੀਰ ਮਾਮਲਾ ਹੈ। ਪੁਲਿਸ ਦਰਬਾਰ ਹਾਲ ਵਿੱਚ ਨਹੀਂ ਗਈ, ਇਸ ਆਧਾਰ ’ਤੇ ਕਾਰਵਾਈ ਨੂੰ ਜਾਇਜ਼ ਠਹਿਰਾਉਣਾ ਸਿੱਖ ਮਰਿਆਦਾ ਦੀ ਅਸਲ ਭਾਵਨਾ ਨੂੰ ਨਜ਼ਰਅੰਦਾਜ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਸ਼ਰਨ, ਸੇਵਾ ਅਤੇ ਆਤਮਿਕ ਸਹਾਰੇ ਦੀ ਥਾਂ ਹੈ, ਇਸਨੂੰ ਪੁਲਿਸ ਕਾਰਵਾਈ ਦਾ ਮੈਦਾਨ ਨਹੀਂ ਬਣਨ ਦਿੱਤਾ ਜਾ ਸਕਦਾ। ਸਰਨਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਸਾਰੇ ਗੁਰਦੁਆਰਾ ਸਾਹਿਬਾਨ—ਭਾਵੇਂ ਇਤਿਹਾਸਕ ਅਸਥਾਨ ਹੋਣ ਜਾਂ ਮੁਹੱਲਿਆਂ ਦੇ ਸਿੰਘ ਸਭਾ ਗੁਰਦੁਆਰੇ—ਦੀ ਪਵਿੱਤਰਤਾ ਦਾ ਸਤਿਕਾਰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨਾਲ ਜੁੜੀ ਕਿਸੇ ਵੀ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਗੁਰਦੁਆਰਾ ਪ੍ਰਬੰਧਕਾਂ ਨਾਲ ਤਾਲਮੇਲ ਅਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਨਜਿੱਠਿਆ ਜਾਣਾ ਚਾਹੀਦਾ ਹੈ। “ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕਰਨ ਲਈ ਪੁਲਿਸ ਦਾ ਸ਼ਿਕਾਰ-ਮੈਦਾਨ ਨਹੀਂ ਬਣਨ ਦਿੱਤਾ ਜਾ ਸਕਦਾ। ਸਰਨਾ ਨੇ ਕਿਹਾ ਗੁਰਦੁਆਰਿਆਂ ਦੀ ਪਵਿੱਤਰਤਾ ਦੀ ਰਾਖੀ ਅਤੇ ਕਾਨੂੰਨ ਦੀ ਪਾਲਣਾ—ਦੋਵੇਂ ਇਕੱਠੇ ਚੱਲਣੇ ਚਾਹੀਦੇ ਹਨ। ਇਸ ਮੌਕੇ ਸਰਦਾਰ ਮਨਜੀਤ ਸਿੰਘ ਜੀਕੇ, ਤਜਿੰਦਰ ਸਿੰਘ ਗੋਪਾ, ਪਰਮਜੀਤ ਸਿੰਘ ਖੁਰਾਣਾ, ਪਰਮਜੀਤ ਸਿੰਘ ਰਾਣਾ, ਰਵਿੰਦਰ ਸਿੰਘ ਸਭਰਵਾਲ, ਕਰਤਾਰ ਸਿੰਘ ਵਿਕੀ ਚਾਵਲਾ ਸਮੇਤ ਵਡੀ ਗਿਣਤੀ ਵਿਚ ਮੈਂਬਰ ਅਤੇ ਪਾਰਟੀ ਕਾਰਕੁਨ ਹਾਜਿਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News