ਜਰਮਨੀ ਦੇ ਗੁਰਦੁਆਰਾ ਸਾਹਿਬਾਨ ਦੀ ਅਹਿਮ ਪੰਥਕ ਇਕੱਤਰਤਾ 21 ਸਤੰਬਰ ਨੂੰ ਸਟੁਟਗਾਰਟ ਵਿਖੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ, ਅਕਾਲ ਤਖ਼ਤ ਸਾਹਿਬ ਦੀ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਪੰਥਕ ਮਸਲਿਆਂ ’ਤੇ ਹੋਵੇਗਾ ਗੰਭੀਰ ਵਿਚਾਰ-ਵਟਾਂਦਰਾ
ਸਟੁਟਗਾਰਟ: 1 ਸਤੰਬਰ (ਖਿੜਿਆ ਪੰਜਾਬ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਜਰਮਨੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਅਤੇ ਗੁਰਮਤਿ ਨੂੰ ਸਮਰਪਿਤ ਸੁਹਿਰਦ ਗੁਰਸਿੱਖਾਂ ਦੀ ਇੱਕ ਅਹਿਮ ਪੰਥਕ ਇਕੱਤਰਤਾ 21 ਸਤੰਬਰ 2026, ਦਿਨ ਸੋਮਵਾਰ, ਦੁਪਹਿਰ 2:00 ਵਜੇ ਗੁਰਦੁਆਰਾ ਗੁਰੂ ਨਾਨਕ ਨਿਵਾਸ, ਸਟੁਟਗਾਰਟ ਵਿਖੇ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਅਨੂਪ ਸਿੰਘ (ਗੁਰਦੁਆਰਾ ਫਰੈਂਕਫਰਟ), ਭਾਈ ਗੁਰਪਾਲ ਸਿੰਘ (ਕਲੋਨ), ਭਾਈ ਬਲਦੇਵ ਸਿੰਘ ਬਾਜਵਾ (ਲਾਇਪਜ਼ਿਗ), ਭਾਈ ਦਿਲਬਾਗ ਸਿੰਘ (ਨਿਉਨਬਰਗ), ਭਾਈ ਹਰਪ੍ਰੀਤ ਸਿੰਘ (ਡਿਉਸਬਰਗ), ਭਾਈ ਮੁਖ਼ਤਿਆਰ ਸਿੰਘ (ਕੈਮਿਸਟ), ਭਾਈ ਉਂਕਾਰ ਸਿੰਘ, ਭਾਈ ਰਵੇਲ ਸਿੰਘ (ਸਟੁਟਗਾਰਟ), ਭਾਈ ਤਰਸੇਮ ਸਿੰਘ (ਸਾਬਕਾ ਪ੍ਰਧਾਨ, ਮਿਊਨਿਚਨ) ਅਤੇ ਭਾਈ ਨਰਿੰਦਰ ਸਿੰਘ (ਰੀਗਨਸਬਰਗ) ਦੇ ਪ੍ਰਬੰਧਕਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਥਕ ਮਸਲਿਆਂ ਸਬੰਧੀ ਸਪੱਸ਼ਟਤਾ, ਆਪਸੀ ਤਾਲਮੇਲ, ਸੰਵਾਦ ਅਤੇ ਪੰਥਕ ਇਕਸੁਰਤਾ ਦੀ ਪਹਿਲਾਂ ਨਾਲੋਂ ਵੱਧ ਲੋੜ ਹੈ।
ਉਨ੍ਹਾਂ ਕਿਹਾ ਕਿ ਇਸੇ ਲੋੜ ਨੂੰ ਮੁੱਖ ਰੱਖਦਿਆਂ ਜਰਮਨੀ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਅਤੇ ਗੁਰਮਤਿ ਨੂੰ ਸਮਰਪਿਤ ਗੁਰਸਿੱਖਾਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਕੇ ਗੰਭੀਰ ਵਿਚਾਰ-ਵਟਾਂਦਰੇ ਰਾਹੀਂ ਪੰਥਕ ਮਸਲਿਆਂ ’ਤੇ ਸਾਂਝੀ ਦਿਸ਼ਾ ਤਲਾਸ਼ਣ ਦਾ ਇਹ ਉਪਰਾਲਾ ਕੀਤਾ ਗਿਆ ਹੈ।
ਪ੍ਰਬੰਧਕਾਂ ਨੇ ਕਿਹਾ ਕਿ ਇਕੱਤਰਤਾ ਦਾ ਕੇਂਦਰੀ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ ਗੁਰਮਤਿ ਦੇ ਮੂਲ ਸਿਧਾਂਤਾਂ ਨੂੰ ਕੇਂਦਰ ਵਿੱਚ ਰੱਖਦਿਆਂ ਪੰਥਕ ਏਕਤਾ, ਆਪਸੀ ਸਹਿਯੋਗ ਅਤੇ ਸਾਂਝੀ ਦਿਸ਼ਾ ਨੂੰ ਮਜ਼ਬੂਤ ਕਰਨਾ ਹੈ।
ਇਕੱਤਰਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਅਤੇ ਗੁਰਮਤਿ ਸਿਧਾਂਤਾਂ ਦੀ ਪਹਿਰੇਦਾਰੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜੀਵਨ ਵਿੱਚ ਸਨਮਾਨ ਸਹਿਤ ਲਾਗੂ ਕਰਨ, ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਅਤੇ ਇਸ ਸਬੰਧੀ ਪੰਥਕ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਜਰਮਨੀ ਦੇ ਗੁਰਦੁਆਰਾ ਸਾਹਿਬਾਨ ਵਿੱਚ ਗੁਰਮਤਿ ਅਨੁਸਾਰੀ ਸਾਂਝੇ ਤਾਲਮੇਲ ਨੂੰ ਮਜ਼ਬੂਤ ਕਰਨ, ਸਿੱਖ ਪ੍ਰਚਾਰਕਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸਿੱਖੀ ਵਿਰਸੇ ਨਾਲ ਜੋੜਨ ਲਈ ਸਾਂਝੀ ਰਣਨੀਤੀ ਤਿਆਰ ਕਰਨ, ਗੁਰਦੁਆਰਾ ਪ੍ਰਬੰਧਕਾਂ, ਪ੍ਰਚਾਰਕਾਂ ਅਤੇ ਸੰਗਤ ਵਿਚਕਾਰ ਆਪਸੀ ਸਹਿਯੋਗ ਵਧਾਉਣ ਅਤੇ ਮੌਜੂਦਾ ਪੰਥਕ ਚੁਣੌਤੀਆਂ ਦੇ ਹੱਲ ਲਈ ਸਾਂਝੇ ਉਪਰਾਲਿਆਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਥਕ ਏਕਤਾ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ, ਗੁਰਮਤਿ ਸਿਧਾਂਤਾਂ ਪ੍ਰਤੀ ਸਾਂਝੀ ਵਚਨਬੱਧਤਾ ਅਤੇ ਅਮਲੀ ਸਹਿਯੋਗ ਦਾ ਨਾਮ ਹੈ। ਮੱਤਭੇਦਾਂ ਨੂੰ ਟਕਰਾਅ ਦੀ ਬਜਾਏ ਸੰਵਾਦ ਰਾਹੀਂ ਸੁਲਝਾਉਂਦਿਆਂ ਸਾਂਝੀ ਪੰਥਕ ਸੋਚ ਅਤੇ ਰਣਨੀਤੀ ਤਿਆਰ ਕਰਨਾ ਸਮੇਂ ਦੀ ਅਹਿਮ ਲੋੜ ਹੈ।
ਪ੍ਰਬੰਧਕਾਂ ਨੇ ਜਰਮਨੀ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਅਤੇ ਗੁਰਮਤਿ ਪ੍ਰਤੀ ਸੁਹਿਰਦ ਗੁਰਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਹਿਮ ਪੰਥਕ ਇਕੱਤਰਤਾ ਵਿੱਚ ਸ਼ਾਮਲ ਹੋ ਕੇ ਆਪਣੇ ਕੀਮਤੀ ਵਿਚਾਰ, ਸੁਝਾਅ ਅਤੇ ਸਹਿਯੋਗ ਦੇਣ, ਤਾਂ ਜੋ ਜਰਮਨੀ ਵਿੱਚ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਹੇਠ ਪੰਥਕ ਸਾਂਝ, ਤਾਲਮੇਲ ਅਤੇ ਇਕਸੁਰਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਜਾਰੀ ਕਰਤਾ ਭਾਈ ਅਵਤਾਰ ਸਿੰਘ ਸਟੁਟਗਾਟ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








