Home » ਸੰਸਾਰ » ਜਰਮਨੀ » ਗਲੋਬਲ ਸਿੱਖ ਕੌਂਸਲ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫ਼ਿਲਮ ਸਤਲੁਜ ਦੇ ਪ੍ਰਸਾਰਣ ਉੱਤੇ ਰੋਕ ਦੀ ਸਖਤ ਨਿੰਦਾ।

ਗਲੋਬਲ ਸਿੱਖ ਕੌਂਸਲ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫ਼ਿਲਮ ਸਤਲੁਜ ਦੇ ਪ੍ਰਸਾਰਣ ਉੱਤੇ ਰੋਕ ਦੀ ਸਖਤ ਨਿੰਦਾ।

SHARE ARTICLE

6 Views

ਜਰਮਨੀ 7 ਜੁਲਾਈ (ਖਿੜਿਆ ਪੰਜਾਬ ) ਗਲੋਬਲ ਸਿੱਖ ਕੌਂਸਲ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਵਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਉੱਤੇ ਬਣੀ ਫ਼ਿਲਮ ਸਤਲੁਜ ਦੇ ਭਾਰਤ ਅੰਦਰ ਪ੍ਰਸਾਰਣ ਉੱਤੇ ਰੋਕ ਲਗਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਕੌਂਸਲ ਇਸ ਕਾਰਵਾਈ ਨੂੰ ਸੱਚ, ਇਤਿਹਾਸ ਅਤੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਨੂੰ ਦਬਾਉਣ ਵਾਲਾ ਕਦਮ ਮੰਨਦੀ ਹੈ।

ਗਲੋਬਲ ਸਿੱਖ ਕੌਂਸਲ ਦਾ ਮੰਨਣਾ ਹੈ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਗੰਭੀਰ ਉਲੰਘਣਾਂ, ਸਿੱਖ ਨੌਜਵਾਨਾਂ ਦੇ ਕਤਲੇਆਮ ਅਤੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਜੋ ਸੱਚ ਦੁਨੀਆ ਸਾਹਮਣੇ ਰੱਖਿਆ, ਉਹ ਸਿਰਫ਼ ਸਿੱਖ ਕੌਮ ਦਾ ਮਸਲਾ ਨਹੀਂ, ਸਗੋਂ ਮਨੁੱਖਤਾ, ਇਨਸਾਫ਼ ਅਤੇ ਲੋਕਤੰਤਰਿਕ ਮੁੱਲਾਂ ਨਾਲ ਜੁੜਿਆ ਹੋਇਆ ਵਿਸ਼ਾ ਹੈ। ਅਜਿਹੇ ਸੱਚ ਨੂੰ ਫ਼ਿਲਮ ਰਾਹੀਂ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਲੋਕਤੰਤਰਿਕ ਅਤੇ ਸੰਵਿਧਾਨਕ ਅਸੂਲਾਂ ਦੇ ਵਿਰੁੱਧ ਹੈ।

ਕੌਂਸਲ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਵੱਖ ਵੱਖ ਇਤਿਹਾਸਕ, ਸਮਾਜਿਕ ਅਤੇ ਰਾਜਨੀਤਕ ਵਿਸ਼ਿਆਂ ਉੱਤੇ ਬਣੀਆਂ ਫ਼ਿਲਮਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ, ਤਾਂ ਘੱਟ ਗਿਣਤੀ ਸਿੱਖ ਭਾਈਚਾਰੇ ਉੱਤੇ ਹੋਏ ਤਸ਼ੱਦਦ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਬਣੀ ਫ਼ਿਲਮ ਨੂੰ ਰੋਕਣਾ ਪੱਖਪਾਤੀ ਅਤੇ ਅਨਿਆਇਕ ਕਾਰਵਾਈ ਹੈ। ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਦੇ ਵੀ ਇਨਸਾਫ਼ ਦਾ ਬਦਲ ਨਹੀਂ ਬਣ ਸਕਦੀ।

ਗਲੋਬਲ ਸਿੱਖ ਕੌਂਸਲ ਨੇ ਇਹ ਵੀ ਕਿਹਾ ਹੈ ਭਾਰਤ ਸਰਕਾਰ ਨੂੰ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਨੁੱਖੀ ਅਧਿਕਾਰਾਂ ਲਈ ਪਹਿਲੀ ਸ਼ਹਾਦਤ ਵੀ ਸਿੱਖਾਂ ਦੇ ਨੌਵੇਂ ਪਾਤਸ਼ਾਹ ਗੁਰੂ ਤੇਗਬਹਾਦਰ ਜੀ ਵਲੋਂ ਦਿੱਤੀ ਗਈ ਸੀ। ਜੇਕਰ ਅੱਜ ਸਰਕਾਰ ਅਜਿਹਾ ਸੱਚ ਦਿਖਾਉਣ ਤੇ ਕੋਈ ਵੀ ਰੋਕ ਲਗਾਉਂਦੀ ਹੈ ਤਾਂ ਉਹ ਗੁਰੂ ਸਾਹਿਬਾਨ ਵਲੋਂ ਕੀਤੇ ਪਰਉਪਕਾਰ ਨੂੰ ਭੁੱਲਣ ਦੇ ਬਰਾਬਰ ਹੈ। ਗਲੋਬਲ ਸਿੱਖ ਕੌਂਸਲ ਨੇ ਜੋਰਦਾਰ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਮਾਮਲਾ ਸਿਰਫ਼ ਇੱਕ ਫ਼ਿਲਮ ਦੇ ਪ੍ਰਸਾਰਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇਤਿਹਾਸਕ ਸੱਚਾਈ, ਵਿਚਾਰ ਪ੍ਰਗਟਾਉਣ ਦੀ ਅਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਪੀੜਤ ਪਰਿਵਾਰਾਂ ਦੇ ਇਨਸਾਫ਼ ਨਾਲ ਜੁੜਿਆ ਹੋਇਆ ਗੰਭੀਰ ਮਸਲਾ ਹੈ। ਜਿਹੜੀਆਂ ਘਟਨਾਵਾਂ ਨੇ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਉੱਤੇ ਡੂੰਘਾ ਅਸਰ ਪਾਇਆ, ਉਨ੍ਹਾਂ ਬਾਰੇ ਸੱਚ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ, ਨਾ ਕਿ ਉਸ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਗਲੋਬਲ ਸਿੱਖ ਕੌਂਸਲ ਦਾ ਕਹਿਣਾ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਜਾਗਰ ਕੀਤੇ ਗਏ ਮਾਮਲੇ ਸਮੇਂ ਸਮੇਂ ਉੱਤੇ ਅਦਾਲਤਾਂ ਰਾਹੀਂ ਵੀ ਸਾਹਮਣੇ ਆਏ ਹਨ ਅਤੇ ਝੂਠੇ ਪੁਲਿਸ ਮੁਕਾਬਲਿਆਂ ਨਾਲ ਜੁੜੇ ਕਈ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਵੀ ਹੋਈਆਂ ਹਨ। ਇਸ ਲਈ ਸਰਕਾਰ ਨੂੰ ਸੱਚ ਨੂੰ ਲੁਕਾਉਣ ਦੀ ਥਾਂ ਇਤਿਹਾਸਕ ਜ਼ਖਮਾਂ ਨੂੰ ਸਮਝਦਿਆਂ ਇਨਸਾਫ਼, ਪਾਰਦਰਸ਼ਤਾ ਅਤੇ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਵਾਲੀ ਪਹੁੰਚ ਅਪਣਾਉਣੀ ਚਾਹੀਦੀ ਹੈ।

ਕੌਂਸਲ ਨੇ ਕਿਹਾ ਕਿ ਫ਼ਿਲਮ ਸਤਲੁਜ ਉੱਤੇ ਰੋਕ ਨਾਲ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਇਹ ਫ਼ਿਲਮ ਕਿਸੇ ਭਾਈਚਾਰੇ ਵਿਰੁੱਧ ਨਹੀਂ, ਸਗੋਂ ਮਨੁੱਖੀ ਅਧਿਕਾਰਾਂ, ਸੱਚ ਅਤੇ ਇਨਸਾਫ਼ ਦੀ ਆਵਾਜ਼ ਹੈ। ਅਜਿਹੀਆਂ ਆਵਾਜ਼ਾਂ ਨੂੰ ਦਬਾਉਣ ਦੀ ਥਾਂ ਸੁਣਿਆ ਜਾਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਤ੍ਰਾਸਦੀਆਂ ਦੁਬਾਰਾ ਨਾ ਵਾਪਰਨ।

ਗਲੋਬਲ ਸਿੱਖ ਕੌਂਸਲ ਭਾਰਤ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਫ਼ਿਲਮ ਸਤਲੁਜ ਦੇ ਪ੍ਰਸਾਰਣ ਉੱਤੇ ਲਗਾਈ ਰੋਕ ਤੁਰੰਤ ਹਟਾਈ ਜਾਵੇ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਮਹਾਨ ਸੰਘਰਸ਼ ਦੀ ਕਹਾਣੀ ਨੂੰ ਲੋਕਾਂ ਤੱਕ ਪਹੁੰਚਣ ਦਿੱਤਾ ਜਾਵੇ। ਸੱਚ ਨੂੰ ਰੋਕਣ ਨਾਲ ਉਹ ਖ਼ਤਮ ਨਹੀਂ ਹੁੰਦਾ, ਸਗੋਂ ਹੋਰ ਵੱਧ ਤਾਕਤ ਨਾਲ ਸਾਹਮਣੇ ਆਉਂਦਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News