ਨਵੀਂ ਦਿੱਲੀ, 6 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵਿੱਚ ਗੁਰੂ ਦੀ ਗੋਲਕ ਨਾਲ ਜੁੜੇ ਕਥਿਤ ਘਪਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਅਯੋਧਿਆ ਰਾਮ ਮੰਦਰ ਟਰੱਸਟ ਨਾਲ ਜੁੜੇ ਕਥਿਤ ਵਿੱਤੀ ਗੜਬੜੀ ਦੇ ਮਾਮਲੇ ਦੀ ਐਸਆਈਟੀ ਜਾਂਚ ਹੋ ਸਕਦੀ ਹੈ ਤਾਂ ਡੀਐਸਜੀਐਮਸੀ ਦੇ ਮਾਮਲੇ ਦੀ ਵੀ ਉਸੇ ਮਾਪਦੰਡ ਅਧੀਨ ਜਾਂਚ ਹੋਣੀ ਚਾਹੀਦੀ ਹੈ। ਓਨ੍ਹਾ ਨੇ ਕਿਹਾ, ਜੇ ਅਯੋਧਿਆ ਮਾਮਲੇ ਦੀ ਐਸਆਈਟੀ ਜਾਂਚ ਹੋ ਸਕਦੀ ਹੈ ਤਾਂ ਡੀਐਸਜੀਐਮਸੀ ਦੀ ਕਿਉਂ ਨਹੀਂ.? ਡੀਐਸਜੀਐਮਸੀ ਦੇ ‘ਚੰਪਤ ਰਾਏ’ ਕੌਣ ਹਨ.? ਸਾਨੂੰ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਅਯੋਧਿਆ ਵਾਲਾ ਚੰਪਤ ਰਾਏ ਵੀ ਦਿੱਲੀ ਵਿੱਚ ਗੁਰੂ ਦੀ ਗੋਲਕ ਲੁੱਟਣ ਵਾਲਿਆਂ ਕੋਲੋਂ ਹੀ ਸਿਖਲਾਈ ਲੈ ਕੇ ਗਿਆ ਹੋਵੇ। ਉਨ੍ਹਾਂ ਨੇ ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਮੇਟੀ ਦੇ “ਡੀ-ਫੈਕਟੋ ਮੁਖੀ” ਮੰਨੇ ਜਾਂਦੇ ਮਨਜਿੰਦਰ ਸਿੰਘ ਸਿਰਸਾ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਉਹ ਸੰਗਤ ਦੀਆਂ ਭੇਟਾਵਾਂ ਦੇ ਪ੍ਰਬੰਧ ਅਤੇ ਹਿਸਾਬ-ਕਿਤਾਬ ਬਾਰੇ ਉੱਠ ਰਹੇ ਗੰਭੀਰ ਸਵਾਲਾਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੇ ਹਨ। ਸ. ਸਰਨਾ ਨੇ ਕਿਹਾ, ਗੁਰੂ ਦੀ ਗੋਲਕ ਸੰਗਤ ਦੀ ਅਮਾਨਤ ਹੈ, ਨਾ ਕਿ ਕਾਲਕਾ ਜਾਂ ਸਿਰਸਾ ਦੀ ਜਾਇਦਾਦ। ਇਸ ਨਾਲ ਸੰਬੰਧਿਤ ਹਰ ਦੋਸ਼ ਦੀ ਨਿਰਪੱਖ ਅਤੇ ਸੁਤੰਤਰ ਐਸਆਈਟੀ ਰਾਹੀਂ ਜਾਂਚ ਹੋਣੀ ਚਾਹੀਦੀ ਹੈ। ਜੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ, ਤਾਂ ਉਨ੍ਹਾਂ ਨੂੰ ਜਾਂਚ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਨਾਲ ਸੰਬੰਧਿਤ ਰਿਕਾਰਡ, ਨਕਦੀ ਦੇ ਲੈਣ-ਦੇਣ ਅਤੇ ਲੇਖਾ ਪ੍ਰਣਾਲੀ ਦੀ ਪੂਰੀ ਅਤੇ ਨਿਰਪੱਖ ਜਾਂਚ ਹੀ ਡੀਐਸਜੀਐਮਸੀ ਦੀ ਕਾਰਗੁਜ਼ਾਰੀ ਪ੍ਰਤੀ ਸਿੱਖ ਸੰਗਤ ਦਾ ਭਰੋਸਾ ਮੁੜ ਬਹਾਲ ਕਰ ਸਕਦੀ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







