ਜਰਮਨੀ 6 ਜੁਲਾਈ ( ਖਿੜਿਆ ਪੰਜਾਬ) : ਗੁਰਦੁਆਰਾ ਸਿੱਖ ਸੈਂਟਰ ਜਰਮਨੀ ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਭਾਈ ਗਜਿੰਦਰ ਸਿੰਘ (ਹਾਈਜੈਕਰ) ਅਤੇ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਸ਼ਹੀਦੀ ਸਮਾਗਮ ਸ਼ਰਧਾ, ਸਤਿਕਾਰ ਅਤੇ ਗੁਰਮਤਿ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਜਰਮਨੀ, ਸਵਿਟਜ਼ਰਲੈਂਡ, ਬੈਲਜੀਅਮ ਅਤੇ ਯੂਰਪ ਦੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪੰਥਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ, ਕਥਾ ਅਤੇ ਢਾਡੀ ਵਾਰਾਂ ਨਾਲ ਹੋਈ। ਭਾਰਤ ਤੋਂ ਪਹੁੰਚੇ ਪ੍ਰਸਿੱਧ ਕਥਾਵਾਚਕ ਭਾਈ ਕੁਲਵਿੰਦਰ ਸਿੰਘ ਜੀ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਸਿੱਖ ਇਤਿਹਾਸ, ਸ਼ਹੀਦੀ ਪਰੰਪਰਾ ਅਤੇ ਗੁਰੂ ਸਾਹਿਬਾਨ ਦੇ ਉੱਚੇ ਆਦਰਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਭਾਈ ਗਜਿੰਦਰ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਦੇ ਜੀਵਨ ਨਾਲ ਸੰਬੰਧਿਤ ਵੀ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ ਭਾਈ ਮੇਜਰ ਸਿੰਘ ਹੀਰਾ ਜੀ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਦੀਆਂ ਪ੍ਰੇਰਣਾਦਾਇਕ ਵਾਰਾਂ ਰਾਹੀਂ ਸੰਗਤਾਂ ਨੂੰ ਭਾਵੁਕ ਕੀਤਾ। ਸੰਗਤਾਂ ਦੀ ਬੇਨਤੀ ‘ਤੇ ਖਾਲਸਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਮਰਪਿਤ ਇੱਕ ਕਵਿਤਾ ਵੀ ਪੇਸ਼ ਕੀਤੀ ਗਈ।
ਸਮਾਗਮ ਦਾ ਮੰਚ ਸੰਚਾਲਨ ਭਾਈ ਨਿਰਮਲ ਸਿੰਘ ਹੰਸਪਾਲ ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਉਨ੍ਹਾਂ ਨੇ ਆਏ ਹੋਏ ਬੁਲਾਰਿਆਂ ਦਾ ਸਵਾਗਤ ਕਰਦਿਆਂ ਸਮਾਗਮ ਨੂੰ ਵਿਵਸਥਿਤ ਢੰਗ ਨਾਲ ਅੱਗੇ ਵਧਾਇਆ।
ਇਸ ਮੌਕੇ ਭਾਈ ਗੁਰਦਿਆਲ ਸਿੰਘ ਲਾਲੀ (ਸਿੱਖ ਫੈਡਰੇਸ਼ਨ ਅਤੇ ਗੁਰਦੁਆਰਾ ਸਿੱਖ ਸੈਂਟਰ ਦੇ ਚੇਅਰਮੈਨ), ਭਾਈ ਗੁਰਚਰਨ ਸਿੰਘ (ਸਿੱਖ ਪਾਰਲੀਮੈਂਟ), ਭਾਈ ਜਗਤਾਰ ਸਿੰਘ ਮਾਹਲ (ਅਕਾਲੀ ਦਲ ਵਾਰਸ ਜਰਮਨੀ), ਸਵਿਟਜ਼ਰਲੈਂਡ ਤੋਂ ਦਲ ਖਾਲਸਾ ਦੇ ਆਗੂ ਭਾਈ ਪ੍ਰਿਤਪਾਲ ਸਿੰਘ, ਭਾਈ ਨਰਿੰਦਰ ਸਿੰਘ ਘੋਤਰਾ( ਡਿਪਟੀ ਚੇਅਰਮੈਨ ਵਿਦੇਸ਼ੀ ਸਲਾਹਕਾਰ ਬੋਰਡ ਫਰੈਂਕਫਰਟ), ਭਾਈ ਹੀਰਾ ਸਿੰਘ ਮੱਤੇਵਾਲ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਨ), ਭਾਈ ਅਵਤਾਰ ਸਿੰਘ( ਬੱਬਰ ਖਾਲਸਾ ਜਰਮਨੀ) ਬੈਲਜੀਅਮ ਤੋਂ ਭਾਈ ਰਸ਼ਪਾਲ ਸਿੰਘ ਅਤੇ ਹੋਰ ਬੁਲਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਇਤਿਹਾਸ, ਪੰਥਕ ਏਕਤਾ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਪ੍ਰਗਟ ਕੀਤੇ ਗਏ ਵਿਚਾਰ ਸੰਬੰਧਿਤ ਬੁਲਾਰਿਆਂ ਦੇ ਆਪਣੇ ਵਿਚਾਰ ਸਨ।
ਸਮਾਗਮ ਦੌਰਾਨ ਗਲੋਬਲ ਭੂ-ਰਾਜਨੀਤੀ, ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੀ ਸੁਰੱਖਿਆ, ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਅਤੇ ਮਨੁੱਖੀ ਅਧਿਕਾਰਾਂ ਵਰਗੇ ਵਿਸ਼ਿਆਂ ‘ਤੇ ਵੀ ਵਿਚਾਰ-ਵਟਾਂਦਰਾ ਹੋਇਆ। ਬੁਲਾਰਿਆਂ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਸਿੱਖ ਚਿੰਤਨ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤੀ ਨਾਲ ਪੇਸ਼ ਕਰਨ ਲਈ ਇਤਿਹਾਸ, ਖੋਜ, ਸਿੱਖਿਆ, ਅੰਤਰਰਾਸ਼ਟਰੀ ਕਾਨੂੰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ “ਸਰਬੱਤ ਦੇ ਭਲੇ” ਦੇ ਸਿਧਾਂਤ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਹੈ।
ਅੰਤ ਵਿੱਚ ਦਲ ਖਾਲਸਾ ਦੇ ਆਗੂ ਭਾਈ ਸੁਰਿੰਦਰ ਸਿੰਘ ਸੇਖੋਂ ਨੇ ਜਰਮਨੀ ਯੂਨਿਟ ਦੇ ਪ੍ਰਧਾਨ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ ਅਤੇ ਭਾਈ ਗੁਰਦੀਪ ਸਿੰਘ ਪਰਦੇਸੀ (ਹਾਈਜੈਕਰ) ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਖਾਲਸਾ ਰਾਜ ਦੀ ਪਰਾਪਤੀ ਲਈ ਵਚਨ ਬੰਧਤਾਂ ਅਤੇ ਸਮੂਹ ਸੰਗਤਾਂ, ਬੁਲਾਰਿਆਂ, ਕਥਾਵਾਚਕਾਂ, ਢਾਡੀ ਜਥਿਆਂ, ਸੇਵਾਦਾਰਾਂ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਇਹ ਸਮਾਗਮ ਇਤਿਹਾਸਕ ਅਤੇ ਸਫਲਤਾਪੂਰਵਕ ਸੰਪੰਨ ਹੋਇਆ।
ਸਮਾਪਤੀ ਮੌਕੇ ਭਾਈ ਨਿਰਮਲ ਸਿੰਘ ਹੰਸਪਾਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਭ ਨੂੰ ਪੰਥਕ ਏਕਤਾ, ਸੇਵਾ ਭਾਵਨਾ, ਚੜ੍ਹਦੀ ਕਲਾ ਅਤੇ ਗੁਰਮਤਿ ਜੀਵਨ ਬਖ਼ਸ਼ਣ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ “ਸਰਬੱਤ ਦੇ ਭਲੇ” ਦੀ ਭਾਵਨਾ, ਮਨੁੱਖੀ ਅਧਿਕਾਰਾਂ, ਸਮਾਨਤਾ ਅਤੇ ਹਰ ਵਿਅਕਤੀ ਨੂੰ ਆਜ਼ਾਦੀ ਨਾਲ ਜੀਵਨ ਜਿਊਣ ਦੇ ਅਧਿਕਾਰ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇਸ ਪਾਵਨ ਵਾਕ ਦਾ ਵੀ ਹਵਾਲਾ ਦਿੱਤਾ:
“ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥”
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਦੱਸੇ ਮਾਰਗ ‘ਤੇ ਚੱਲਦਿਆਂ ਸਮਾਨਤਾ, ਏਕਤਾ ਅਤੇ ਸਰਬੱਤ ਦੇ ਭਲੇ ਲਈ ਨਿਰੰਤਰ ਯਤਨ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ ਸਮੇਂ ਦਾ ਏੜ ਗੇੜ ਹੋ ਸਕਦਾ ਹੈ ਪਰ ਖਾਲਸਾ ਰਾਜ ਦੀ ਸਥਾਪਨਾ ਨਿਸ਼ਚਿਤ ਹੈ!!
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







