Home » ਨਵੀਂ ਦਿੱਲੀ » 15 ਜੁਲਾਈ ਨੂੰ ਯੂਕੇ ਸੰਸਦ ਵਿੱਚ ਹੋਵੇਗੀ ਸਿੱਖ ਵਕਾਲਤੀ ਮੁਹਿੰਮ; ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਅਤੇ ਸ੍ਰੀ ਸਾਹਿਬ ਸਬੰਧੀ ਭੇਦਭਾਵ ਦਾ ਉਠੇਗਾ ਮੁੱਦਾ

15 ਜੁਲਾਈ ਨੂੰ ਯੂਕੇ ਸੰਸਦ ਵਿੱਚ ਹੋਵੇਗੀ ਸਿੱਖ ਵਕਾਲਤੀ ਮੁਹਿੰਮ; ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਅਤੇ ਸ੍ਰੀ ਸਾਹਿਬ ਸਬੰਧੀ ਭੇਦਭਾਵ ਦਾ ਉਠੇਗਾ ਮੁੱਦਾ

SHARE ARTICLE

11 Views

ਨਵੀਂ ਦਿੱਲੀ, 5 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਯੂਕੇ ਵਿੱਚ ਮਈ ਦੇ ਮੱਧ ਤੋਂ ਬਾਅਦ ਸਿੱਖਾਂ ਵਿਰੁੱਧ ਵਧੇ ਨਫ਼ਰਤੀ ਅਪਰਾਧਾਂ ਅਤੇ ਸੱਜੇਪੰਥੀ ਗਰੁੱਪਾਂ ਵੱਲੋਂ ਫੈਲਾਈ ਜਾ ਰਹੀ ਸਿੱਖ ਵਿਰੋਧੀ ਨਫ਼ਰਤ ਦੇ ਮੱਦੇਨਜ਼ਰ 15 ਜੁਲਾਈ ਨੂੰ ਯੂਕੇ ਸੰਸਦ ਦੀ ਸੈਂਟਰਲ ਲੌਬੀ ਵਿੱਚ ਸਿੱਖ ਵਕਾਲਤੀ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਚੱਲਣ ਵਾਲੀ ਇਸ ਵਕਾਲਤੀ ਮੁਹਿੰਮ ਰਾਹੀਂ ਸੰਸਦ ਮੈਂਬਰਾਂ ਦਾ ਧਿਆਨ ਸਿੱਖ ਭਾਈਚਾਰੇ ਨਾਲ ਸਬੰਧਤ ਗੰਭੀਰ ਮੁੱਦਿਆਂ ਵੱਲ ਖਿੱਚਿਆ ਜਾਵੇਗਾ। ਸਿੱਖ ਫੈਡਰੇਸ਼ਨ (ਯੂਕੇ) ਦੇ ਬੀਪੀਓ ਭਾਈ ਦਬਿੰਦਰਜੀਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ, ਵਕਾਲਤੀ ਮੁਹਿੰਮ ਦੌਰਾਨ ਸਰਕਾਰੀ ਅਦਾਰਿਆਂ ਵਿੱਚ ਸ੍ਰੀ ਸਾਹਿਬ (ਕਿਰਪਾਨ) ਸਬੰਧੀ ਮੌਜੂਦ ਅਗਿਆਨਤਾ, ਗਲਤਫ਼ਹਿਮੀਆਂ ਅਤੇ ਸਿੱਖਾਂ ਨਾਲ ਹੋ ਰਹੇ ਭੇਦਭਾਵ ਦੇ ਮਾਮਲਿਆਂ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਇਸ ਉਪਰੰਤ ਦੁਪਹਿਰ 1:00 ਵਜੇ ਤੋਂ 3:00 ਵਜੇ ਤੱਕ ਸੰਸਦ ਦੇ ਇੱਕ ਕਮੇਟੀ ਕਮਰੇ ਵਿੱਚ ਹੋਣ ਵਾਲੀ ਬ੍ਰੀਫਿੰਗ ਦੌਰਾਨ ਸਿੱਖ ਨੈੱਟਵਰਕ ਵੱਲੋਂ ਮਈ ਦੇ ਮੱਧ ਤੋਂ ਬਾਅਦ ਵਾਪਰੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਬਾਰੇ ਕਰਵਾਏ ਗਏ ਸਰਵੇਖਣ ਦੇ ਨਤੀਜੇ ਅਤੇ ਬ੍ਰਿਟਿਸ਼ ਸਿੱਖ ਪਰਿਵਾਰਾਂ ਉੱਤੇ ਪਏ ਸਮਾਜਿਕ ਅਤੇ ਮਾਨਸਿਕ ਪ੍ਰਭਾਵਾਂ ਤੋਂ ਕਾਨੂੰਨ ਨਿਰਮਾਤਾਵਾਂ ਨੂੰ ਜਾਣੂ ਕਰਵਾਇਆ ਜਾਵੇਗਾ। ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਹਾਲੀਆ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਆਸਥਾ ਦੇ ਪ੍ਰਤੀਕਾਂ, ਖ਼ਾਸ ਕਰਕੇ ਸ੍ਰੀ ਸਾਹਿਬ, ਸਬੰਧੀ ਇੱਕ ਕਾਨੂੰਨੀ ਆਚਾਰ ਸੰਹਿਤਾ (ਸਟੇਟਟਰੀ ਕੋਡ ਆਫ ਪ੍ਰੈਕਟਿਸ) ਲਾਗੂ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਅਦਾਰਿਆਂ ਵਿੱਚ ਕਾਨੂੰਨ ਦੀ ਸਹੀ ਸਮਝ ਵਿਕਸਿਤ ਹੋਵੇਗੀ ਅਤੇ ਸਿੱਖਾਂ ਨਾਲ ਹੋਣ ਵਾਲੇ ਬੇਲੋੜੇ ਭੇਦਭਾਵ ਨੂੰ ਰੋਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਸਿੱਖ ਵਕਾਲਤੀ ਮੁਹਿੰਮ ਵਿੱਚ ਸ਼ਮੂਲੀਅਤ ਕਰਕੇ ਸਿੱਖ ਕੌਮ ਦੀ ਸਾਂਝੀ ਆਵਾਜ਼ ਨੂੰ ਯੂਕੇ ਸੰਸਦ ਤੱਕ ਪਹੁੰਚਾਇਆ ਜਾਵੇ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸੰਗਤ ਨੂੰ ਜਾਗਰੂਕ ਕਰਨ ਅਤੇ ਆਪਣੇ-ਆਪਣੇ ਖੇਤਰਾਂ ਦੇ ਸੰਸਦ ਮੈਂਬਰਾਂ (ਐਮਪੀਜ਼) ਨੂੰ ਸਿੱਖ ਭਾਈਚਾਰੇ ਦੀਆਂ ਮੰਗਾਂ ਦੇ ਸਮਰਥਨ ਵਿੱਚ ਲਿਖਣ ਲਈ ਵੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਗਈ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News