Home » ਮਾਝਾ » ਸਰਹਾਲੀ ਖੁਰਦ ਵਿਖੇ ਖੇਤ ਦਿਵਸ ਦੌਰਾਨ ‘000’ ਕਣਕ ਬਿਜਾਈ ਤਕਨੀਕ ਨੇ ਖਿੱਚਿਆ ਧਿਆਨ

ਸਰਹਾਲੀ ਖੁਰਦ ਵਿਖੇ ਖੇਤ ਦਿਵਸ ਦੌਰਾਨ ‘000’ ਕਣਕ ਬਿਜਾਈ ਤਕਨੀਕ ਨੇ ਖਿੱਚਿਆ ਧਿਆਨ

SHARE ARTICLE

12 Views

ਸਰਹਾਲੀ ਖੁਰਦ ਵਿਖੇ ਖੇਤ ਦਿਵਸ ਦੌਰਾਨ ‘000’ ਕਣਕ ਬਿਜਾਈ ਤਕਨੀਕ ਨੇ ਖਿੱਚਿਆ ਧਿਆਨ

 

ਤਰਨ ਤਾਰਨ, 17 ਮਾਰਚ /ਗੁਰਪ੍ਰੀਤ ਸਿੰਘ ਸੈਡੀ

 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੀ.ਆਈ.ਆਈ ਫਾਊਂਂਡੇਸ਼ਨ, ਗੁਰੂਗ੍ਰਾਮ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਦੇ ਸਹਿਯੋਗ ਨਾਲ ਪਿੰਡ ਸਰਹਾਲੀ ਖੁਰਦ, ਜ਼ਿਲ੍ਹਾ ਤਰਨ ਤਾਰਨ ਵਿਖੇ ਕਣਕ ਦੀ ਬਿਜਾਈ ਲਈ ਨਵੀਨਤਮ ਤਕਨੀਕ “000” ਸਬੰਧੀ ਇਕ ਵਿਸ਼ੇਸ਼ ਖੇਤ ਦਿਵਸ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ “000” ਤਕਨੀਕ ਦੇ ਫਾਇਦੇ, ਘੱਟ ਲਾਗਤ, ਸਮੇਂ ਦੀ ਬਚਤ ਅਤੇ ਵੱਧ ਉਪਜ ਸਬੰਧੀ ਜਾਣਕਾਰੀ ਦਿੱਤੀ ਗਈ। ਮਾਹਿਰਾਂ ਨੇ ਦੱਸਿਆ ਕਿ ਇਹ ਨਵੀਂ ਤਕਨੀਕ ਪਰਾਲੀ ਵਿਚ ਕਣਕ ਦੀ ਬਿਜਾਈ ਨੂੰ ਹੋਰ ਸਰਲ, ਲਾਭਕਾਰੀ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਸ਼ਿਰਕਤ ਕੀਤੀ। ਡਾ. ਤੇਜਬੀਰ ਸਿੰਘ ਭੰਗੂ, ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਦੇ ਨਾਲ ਵੱਖ-ਵੱਖ ਬਲਾਕਾਂ ਦੇ ਖੇਤੀਬਾੜੀ ਅਫਸਰ ਅਤੇ ਤਰਨ ਤਾਰਨ ਦਾ ਆਤਮਾ ਸਟਾਫ ਵੀ ਇਸ ਪ੍ਰੋਗਰਾਮ ਵਿਚ ਹਾਜ਼ਰ ਹਿਹਾ। ਡਾ. ਬਿਕਰਮਜੀਤ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕੇ. ਵੀ. ਕੇ ਅੰਮ੍ਰਿਤਸਰ, ਡਾ. ਨਰਿੰਦਰਪਾਲ ਸਿੰਘ, ਮੁਖੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਅੰਮ੍ਰਿਤਸਰ, ਡਾ. ਪ੍ਰਭਜੀਤ ਸਿੰਘ, ਡਿਪਟੀ ਡਾਇਰੈਕਟਰ, ਕੇ. ਵੀ. ਕੇ. ਬੂਹ ਅਤੇ ਡਾ. ਰਮਿੰਦਰ ਕੌਰ, ਫ਼ਸਲ ਵਿਗਿਆਨੀ, ਕੇ.ਵੀ.ਕੇ, ਅੰਮ੍ਰਿਤਸਰ ਨੇ ਵੀ ਭਾਗ ਲਿਆ। ਡਾ. ਪਰਵਿੰਦਰ ਸਿੰਘ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਇਲਾਕੇ ਦੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ‘000’ ਤਕਨੀਕ ਉੱਤੇ ਕਰਵਾਏ ਜਾ ਰਹੇ ਇਸ ਖੇਤ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਖੇਤ ਦਿਵਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਤਰਸੇਮ ਸਿੰਘ ਢਿੱਲੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨਾਂ ਦੇ ਹਿੱਤ ਵਿਚ ਘੱਟ ਲਾਗਤ ਵਾਲੀਆਂ ਵਾਲੀਆਂ ਖੇਤੀਬਾੜੀ ਤਕਨੀਕਾਂ ਵਿਕਸਿਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮਿੱਟੀ ਦੀ ਸਿਹਤ ਅਤੇ ਇਸ ਦੇ ਵਾਤਾਵਰਣ ਉੱਪਰ ਅਸਰ ਉੱਤੇ ਜ਼ੋਰ ਦਿੰਦਿਆਂ ਡਾ. ਢਿੱਲੋਂ ਨੇ ਕਿਸਾਨ ਭਾਈਚਾਰੇ ਨੂੰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਾਤਾਵਰਣ ਸੰਤੁਲਨ ਲਈ ਫਸਲ ਚੱਕਰ ਵਿੱਚ ਦਾਲਾਂ, ਤੇਲ ਬੀਜ ਫ਼ਸਲਾਂ, ਸਬਜ਼ੀਆਂ ਅਤੇ ਫ਼ਲਾਂ ਨੂੰ ਸ਼ਾਮਲ ਕਰਨ ਦੀ ਵਕਾਲਤ ਵੀ ਕੀਤੀ ਅਤੇ ਕਿਸਾਨਾਂ ਨੂੰ ਸੰਯੂਕਤ ਖੇਤੀ ਪ੍ਰਣਾਲੀ ਦਾ ਮਾਡਲ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀ.ਏ.ਯੂ ਹਮੇਸ਼ਾ ਖੇਤੀਬਾੜੀ ਸਾਹਮਣੇ ਆ ਰਹੀਆਂ ਨਵੀਆਂ ਚੁਣੌਤੀਆਂ ਦੇ ਹੱਲ ਲਈ ਵਚਨਬੱਧ ਰਹੀ ਹੈ ਅਤੇ ਅਜਿਹੀਆਂ ਸੋਮੇ-ਬਚਤ ਤਕਨੀਕਾਂ ਨੂੰ ਉਤਸ਼ਾਹਿਤ ਕਰਦੀ ਆ ਰਹੀ ਹੈ, ਜੋ ਉਤਪਾਦਕਤਾ ਵਧਾਉਣ ਦੇ ਨਾਲ-ਨਾਲ ਖੇਤੀ ਦੀ ਲਾਗਤ ਨੂੰ ਵੀ ਘਟਾਉਂਦੀਆਂ ਹਨ। ਡਾ. ਤੇਜਬੀਰ ਸਿੰਘ ਭੰਗੂ, ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣ ਅਤੇ ਘਰੇਲੂ ਲੋੜਾਂ ਦੀ ਪੂਰਤੀ ਲਈ ਘਰੇਲੂ ਬਗੀਚੀ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ. ਜਸਵੀਰ ਸਿੰਘ ਗਿੱਲ ਨੇ “000” ਬੀਜਾਈ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇਸ ਦੇ ਨਾਲ ਹੋਣ ਵਾਲੇ ਫਾਇਦਿਆ ਬਾਰੇ ਚਰਚਾ ਕੀਤੀ।ਉਨ੍ਹਾਂ ਨੇ ਕਿਸਾਨਾਂ ਨੂੰ ਇਸ ਤਕਨੀਕ ਨਾਲ ਸਬੰਧਿਤ ਮਸ਼ੀਨ ਦੀ ਸਹੀ ਵਰਤੋਂ, ਬੀਜ ਦੀ ਇਕਸਾਰ ਮਾਤਰਾ ਅਤੇ ਵਰਤਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਡਾ. ਪਰਮਿੰਦਰ ਸਿੰਘ ਸੰਧੂ, ਫ਼ਸਲ ਵਿਗਿਆਨੀ ਨੇ ਕਣਕ ਦੀ ਖੇਤੀ ਲਈ ਨਵੀਆਂ ਖੇਤੀਬਾੜੀ ਤਕਨੀਕਾਂ ਬਾਰੇ ਵਿਚਾਰ ਸਾਂਝੇ ਕੀਤੇ, ਖ਼ਾਸ ਕਰਕੇ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਕਣਕ ਦੀ ਸਾਂਭ ਸੰਭਾਲ ਬਾਰੇ ਦੱਸਿਆ। ਡਾ. ਪਰਮਿੰਦਰ ਕੌਰ ਸਹਿਜਪਾਲ ਨੇ ਆਏ ਹੋਏ ਵਿਗਿਆਨੀਆਂ, ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਗੱਲ ਬਾਤ ਦੌਰਾਨ ਕਿਸਾਨਾਂ ਅਤੇ ਮਸ਼ੀਨ ਚਾਲਕਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਇਸ ਤਕਨੀਕ ਦੱਸੇ ਜਿਵੇਂ ਕਿ ਫਸਲ ਦੀ ਇੱਕਸਾਰ ਦਿੱਖ, ਤਕਨੀਕ ਲਈ ਮਜ਼ਦੂਰੀ ਦੀ ਘੱਟ ਲੋੜ ਅਤੇ ਸਮੇਂ ਸਿਰ ਬਿਜਾਈ। ਇਸ ਤਕਨੀਕ ਨਾਲ ਬੀਜੀ ਗਈ ਕਣਕ ਦੀ ਖੇਤ ਪ੍ਰਦਰਸ਼ਨੀ ਵੀ ਕਿਸਾਨਾਂ ਨੂੰ ਦਿਖਾਈ ਗਈ ਅਤੇ “000” ਬੀਜਾਈ ਤਕਨੀਕ ਲਈ ਵਰਤੀ ਜਾਣ ਵਾਲੀ ਮਸ਼ੀਨ ਦਾ ਮੌਕੇ‘ਤੇ ਚਲਾ ਕੇ ਪ੍ਰਦਰਸ਼ਨ ਦਿਖਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਆਧੁਨਿਕ ਬਿਜਾਈ ਤਕਨੀਕ ਦੇ ਲਾਭਾਂ ਦਾ ਪ੍ਰਦਰਸ਼ਨ ਕਰਨਾ ਅਤੇ ਕਿਸਾਨਾਂ ਵਿੱਚ ਪ੍ਰਚਲਤ ਕਰਨਾ ਸੀ।ਗੱਲਬਾਤ ਸੈਸ਼ਨ ਦੌਰਾਨ ਕਿਸਾਨਾਂ ਨੇ ਸਰਗਰਮ ਹਿੱਸਾ ਲਿਆ । ਮਾਹਿਰਾਂ ਨੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਨੂੰ ਵੱਧ ਉਤਪਾਦਕਤਾ ਅਤੇ ਟਿਕਾਊਪਣ ਲਈ ਸੁਧਰੀਆਂ ਖੇਤੀਬਾੜੀ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਕਿਸਾਨਾਂ ਤੋਂ ਇਸ ਤਕਨੀਕ ਨੂੰ ਹੋਰ ਵਧੀਆ ਬਣਾਉਣ ਲਈ ਸੁਝਾਅ ਵੀ ਮੰਗੇ ਗਏ । ਪ੍ਰੋਗਰਾਮ ਦੇ ਅੰਤ ਵਿੱਚ, “000” ਬੀਜਾਈ ਤਕਨੀਕ ਦੇ ਪ੍ਰਦਰਸ਼ਨ ਅਤੇ ਪ੍ਰਚਾਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਕਿਸਾਨਾਂ, ਮਸ਼ੀਨ ਆਪਰੇਟਰਾਂ ਅਤੇ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਕੀਮਤੀ ਯੋਗਦਾਨ ਵਜੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਫਾਰਮ ਸਲਾਹਕਾਰ ਸੇਵਾ ਕੇਂਦਰ ਦੀਆਂ ਗਤੀਵਿਧੀਆਂ, ਪੁਰਸਕਾਰ ਜੇਤੂ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ, ਪੀ. ਏ. ਯੂ ਸਾਹਿਤ ਦੀ ਵਿਕਰੀ, ਸਬਜ਼ੀਆਂ ਦੀਆਂ ਬੀਜ ਕਿੱਟਾਂ, ਡੇਅਰੀ ਪੌਸ਼ਟਿਕ ਉਤਪਾਦਾਂ ਆਦਿ ਬਾਰੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News