ਅੰਮ੍ਰਿਤਸਰ 6 ਮਾਰਚ (ਖਿੜਿਆ ਪੰਜਾਬ) ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਧੰਨਵਾਦ ਕਰਦਿਆਂ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਪੰਥ ‘ਚੋਂ ਛੇਕਣ ਦੀ ਮੰਗ ਕੀਤੀ ਹੈ। ਜਾਰੀ ਬਿਆਨ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਤੇ ਪੰਥਕ ਆਗੂਆਂ ਭਾਈ ਲਹਿਣਾ ਸਿੰਘ ਤਲਵੰਡੀ ਬਖਤਾ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ (ਪ੍ਰਧਾਨ ਫੈਡਰੇਸ਼ਨ ਭਿੰਡਰਾਂਵਾਲਾ), ਭਾਈ ਜਸਵਿੰਦਰ ਸਿੰਘ ਨਿਹੰਗ, ਭਾਈ ਬਲਜੀਤ ਸਿੰਘ ਘੋਲੀਆ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਦਲਜੀਤ ਸਿੰਘ ਕੈਨੇਡਾ ਤੇ ਹੋਰਾਂ ਨੇ ਸਾਂਝੇ ਰੂਪ ‘ਚ ਕਿਹਾ ਕਿ ਪਿਛਲੇ ਦਿਨੀਂ ਦਮਦਮੀ ਟਕਸਾਲ ਦੇ ਮਹਿਤਾ ਧੜੇ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਨੌਵੇਂ ਪਾਤਸ਼ਾਹ ਦੇ 350ਵੇੰ ਸ਼ਹੀਦੀ ਦਿਵਸ ਦੇ ਸੰਬੰਧ ‘ਚ ਮਹਾਂਰਾਸ਼ਟਰ ਦੀ ਬੀਜੇਪੀ ਸਰਕਾਰ ਨਾਲ ਮਿਲ ਕੇ ਨਾਗਪੁਰ, ਨੰਦੇੜ ਤੇ ਮੁੰਬਈ ‘ਚ ਸਮਾਗਮ ਕਰਵਾਏ ਜਿੱਥੇ ਸਿੱਖੀ ਮਰਯਾਦਾ, ਸਿਧਾਂਤਾਂ ਅਤੇ ਪ੍ਰੰਪਰਾ ਦੀਆਂ ਧੱਜੀਆਂ ਉਡਾਈਆਂ ਗਈਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਦਿੱਤੀ ਗਈ ਤੇ ਸਿੱਖਾਂ ਦੀ ਵੱਖਰੀ ਹੋਂਦ-ਹਸਤੀ, ਨਿਆਰੇਪਨ ਅਤੇ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਉੱਤੇ ਮਾਰੂ ਹਮਲੇ ਕੀਤੇ ਗਏ ਜੋ ਕਿਸੇ ਵੀ ਸਿੱਖ ਲਈ ਬਰਦਾਸ਼ਤਯੋਗ ਨਹੀਂ ਹੈ।
ਉਹਨਾਂ ਕਿਹਾ ਕਿ ਮੁੰਬਈ ਸਮਾਗਮ ‘ਚ ਬਾਗੇਸ਼ਵਰ ਧਾਮ ਵਾਲੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਬੋਲਦਿਆਂ ਕਿਹਾ ਕਿ “ਸਿੱਖ ਹਿੰਦੂਆਂ ਨਾਲੋਂ ਵੱਖਰੇ ਨਹੀਂ ਹਨ ਤੇ ਅਬ ਤਨਾਤਨੀ ਵਾਲੇ ਸਿੱਖ ਵੀ ਸਨਾਤਨੀ ਬਣ ਰਹੇਂ ਹੈ” ਜਿਸ ਉੱਤੇ ਬਾਬੇ ਧੁੰਮੇ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟਾਈ ਜੋ ਸਿੱਖ ਕੌਮ, ਮੌਜੂਦਾ ਸਿੱਖ ਸੰਘਰਸ਼ ਤੇ ਸਾਡੇ ਸ਼ਹੀਦਾਂ-ਯੋਧਿਆਂ ਦਾ ਅਪਮਾਨ ਹੈ ਜਿਸ ਦਾ ਜਵਾਬ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਾਖ਼ੂਬੀ ਦਿੱਤਾ ਤੇ ਸਮੁੱਚੀ ਕੌਮ ਨੇ ਜਥੇਦਾਰ ਦੇ ਬਿਆਨ ਨੂੰ ਸਲਾਹਿਆ ਤੇ ਅਸੀਂ ਵੀ ਸ਼ਲਾਘਾ ਕਰਦਿਆਂ ਧੰਨਵਾਦ ਕਰਦੇ ਹਾਂ।
ਮੁੰਬਈ ਸਮਾਗਮ ਵਿੱਚ ਬਾਬਾ ਧੁੰਮਾਂ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਵੀ ਕੀਤਾ ਗਿਆ ਜਿਸ ਨੇ ਪਾਰਲੀਮੈਂਟ ਵਿੱਚ ਆਪਣੇ ਭਾਸ਼ਣ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਅਸਾਮ ਜੇਲ੍ਹ ‘ਚ ਬੰਦ ਕਰਨ ਦੀ ਗੱਲ ਕਬੂਲੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਉਪਰੰਤ ਸ਼੍ਰੋਮਣੀ ਕਮੇਟੀ ਨੇ ਅਮਿਤ ਸ਼ਾਹ ਖ਼ਿਲਾਫ਼ ਮਤਾ ਵੀ ਪਾਇਆ। ਵਿਦੇਸ਼ਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕਰਨ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਵਿੱਚ ਵੀ ਅਮਿਤ ਸ਼ਾਹ ਦੋਸ਼ੀ ਹੈ। ਬਾਬੇ ਧੁੰਮੇ ਵੱਲੋਂ ਸਮਾਗਮਾਂ ਦੀ ਆੜ ਹੇਠ ਸਿੱਖ ਵਿਰੋਧੀ ਅਨਸਰਾਂ ਅਤੇ ਫ਼ਿਰਕੂ ਹਿੰਦੂਤਵੀਆਂ ਦਾ ਪ੍ਰਚਾਰ, ਹਿੰਦੂ ਕਰਮਕਾਂਡਾਂ ਨੂੰ ਬੜਾਵਾ ਅਤੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ।
ਨਾਗਪੁਰ ਸਮਾਗਮ ਦੌਰਾਨ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਤੌਹੀਨ ਕਰਦਿਆਂ ਗੁਰੂ ਦੀ ਹਜ਼ੂਰੀ ਵਿੱਚ ਬੈਂਚ ਲਗਾ ਕੇ ਬਾਬਾ ਧੁੰਮਾ ਸਿਆਸੀ ਆਗੂਆਂ ਨਾਲ ਲੱਤਾਂ ਲਮਕਾ ਕੇ ਬੈਠਿਆ ਸੀ ਜਿਸ ਦੀ ਅਸੀਂ ਲਿਖਤੀ ਸ਼ਿਕਾਇਤ ਜਥੇਦਾਰ ਨੂੰ ਸੌਂਪੀ ਸੀ। ਦਮਦਮੀ ਟਕਸਾਲ ਦੇ ਸਮੂਹ ਵਿਦਿਆਰਥੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਮੰਗ ਕੀਤੀ ਕਿ ਬਾਬਾ ਹਰਨਾਮ ਸਿੰਘ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਕਰਕੇ ਉਸਨੂੰ ਤੁਰੰਤ ਖ਼ਾਲਸਾ ਪੰਥ ਵਿੱਚੋਂ ਛੇਕਿਆ ਜਾਵੇ। ਬਿਆਨ ਵਿੱਚ ਰਾਗੀ ਬਲਜੀਤ ਸਿੰਘ ਕੈਨੇਡਾ, ਭਾਈ ਦਵਿੰਦਰ ਸਿੰਘ ਲਾਡੀ, ਭਾਈ ਤਰਨਦੀਪ ਸਿੰਘ ਟਾਟਾ, ਭਾਈ ਯਾਦਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਬੁੱਟਰ, ਗਿਆਨੀ ਸਿਮਰਨਜੀਤ ਸਿੰਘ ਅੰਮ੍ਰਿਤਸਰ, ਭਾਈ ਸਤਨਾਮ ਸਿੰਘ ਭੰਗੂ, ਭਾਈ ਹਰਪ੍ਰੀਤ ਸਿੰਘ ਅਸਟਰੀਆ, ਭਾਈ ਗੁਰਦੀਪ ਸਿੰਘ ਲੋਹਾਰਾ, ਭਾਈ ਜਗਜੀਤ ਸਿੰਘ ਲੁਧਿਆਣਾ, ਗੁਰਮੀਤ ਸਿੰਘ ਬਟਾਲਾ, ਨਿਰਮਲ ਸਿੰਘ ਵਡਾਲਾ, ਗੁਰਜੀਤ ਸਿੰਘ ਘੈਂਟ ਆਦਿ ਨਾਮ ਸ਼ਾਮਲ ਹਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








