ਕੈਨੇਡਾ 8 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਜਥੇਦਾਰ ਸ਼ਹੀਦ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਨ ਵਾਲੇ ਹਿੰਦੁਸਤਾਨੀ ਏਜੰਟਾਂ ਦੀ ਕੈਨੇਡਾ ਦੀ ਸੁਪਰੀਮ ਕੋਰਟ ਅੰਦਰ ਲਗਾਤਾਰ ਸੁਣਵਾਈ ਚਲ ਰਹੀ ਹੈ, ਅਤੇ ਅਦਾਲਤ ਦੇ ਬਾਹਰ ਕੈਨੇਡੀਅਨ ਸਿੰਘਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ । ਜਿਕਰਯੋਗ ਹੈ ਕਿ ਅਦਾਲਤ ਅੰਦਰ ਮਾਮਲੇ ਦੀ ਸੁਣਵਾਈ ਬੀਤੀ ਜਨਵਰੀ ਤੋਂ ਸ਼ੁਰੂ ਹੋਈ ਸੀ ਜੋ ਕਿ ਹੁਣ ਤਕ ਲਗਾਤਾਰ ਚਲ ਰਹੀ ਹੈ ਜੋ ਕਿ 10 ਫਰਵਰੀ ਤੱਕ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਨਿਊ ਵੈਸਟ ਮਨਿਸਟਰ ਸੁਪਰੀਮ ਕੋਰਟ ਵਿੱਚ ਚਲਦੀ ਰਹੇਗੀ, ਉਪਰੰਤ ਅਗਲੀਆਂ ਤਰੀਕਾ ਦਾ ਐਲਾਨ ਕੀਤਾ ਜਾਏਗਾ । ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਿੰਦੁਸਤਾਨ ਸਰਕਾਰ ਆਜ਼ਾਦੀਪਸੰਦ ਸਿੱਖਾਂ ਦੀ ਅਵਾਜ਼ਾਂ ਨੂੰ ਦਬਾਉਣ ਦਾ ਹਰ ਹੀਲਾ ਵਰਤ ਰਹੀ ਹੈ ਅਤੇ ਆਪਣੇ ਦੇਸ਼ ਵਿਦੇਸ਼ ਅੰਦਰ ਘੱਟ ਗਿਣਤੀਆਂ ਉਪਰ ਬੰਦਿਸ਼ਾ ਲਗਾਣ ਵਿਚ ਮੋਹਰੀ ਰੋਲ ਅਦਾ ਕਰ ਰਹੀ ਹੈ । ਅਦਾਲਤਾਂ ਬਲਾਤਕਾਰੀਆਂ, ਨਸ਼ੇੜੀਆਂ, ਠੱਗਾਂ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਜਮਾਨਤਾਂ ਦੇ ਰਹੀਆਂ ਹਨ ਜਾਂ ਬਰੀ ਕਰ ਰਹੀਆਂ ਹਨ ਪਰ ਜਦੋ ਉਨ੍ਹਾਂ ਅੱਗੇ ਸਿੱਖ ਬੰਦੀ ਸਿੰਘਾਂ ਦਾ ਮਸਲਾ ਆਂਦਾ ਹੈ ਘੁੰਗਣੀਆਂ ਵੱਟ ਲੈਂਦੀਆਂ ਹਨ ਜਿਸਦਾ ਦਾ ਪ੍ਰਤੱਖ ਪ੍ਰਮਾਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਨਾ ਲੈਣ ਲਈ ਕੀਤੀ ਗਈ ਨਮੋਸ਼ੀ ਭਰੀ ਕਾਰਵਾਈ ਹੈ । ਉਨ੍ਹਾਂ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਰਐਸਐਸ ਦੀ ਗੁਰੂਘਰਾਂ ਅੰਦਰ ਦਖਲਅੰਦਾਜ਼ੀ ਵੱਧ ਰਹੀ ਹੈ ਜਿਸ ਲਈ ਆਪਸੀ ਵਿਰੋਧ ਛੱਡ ਕੇ ਇਸ ਅਤਿ ਗੰਭੀਰ ਮਸਲੇ ਨਾਲ ਨਜਿੱਠਣ ਲਈ ਤੁਰੰਤ ਪਹਿਲਕਦਮੀ ਕਰਣ ਦੀ ਸਖ਼ਤ ਲੋੜ ਹੈ । ਇਸ ਮੌਕੇ ਉਨ੍ਹਾਂ ਨਾਲ ਭਾਈ ਮਨਜਿੰਦਰ ਸਿੰਘ ਐਸਐਫਜੇ, ਬਾਬਾ ਅਵਤਾਰ ਸਿੰਘ ਖਹਿਰਾ, ਭਾਈ ਅਜੈਪਾਲ ਸਿੰਘ, ਜੈਗ ਸਿੱਧੂ, ਭਾਈ ਰਣਜੀਤ ਸਿੰਘ ਟੁੱਟ, ਭਾਈ ਚਰਨਜੀਤ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








