ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਦੇਸ਼ ਦੇ ਰਾਜ ‘ਆਨੰਦ ਮੈਰਿਜ ਐਕਟ’ ਨੂੰ ਤੁਰੰਤ ਲਾਗੂ ਕਰਣ: ਬੀਬੀ ਰਣਜੀਤ ਕੌਰ
ਤਾਮਿਲਨਾਡੂ ਵਿਚ ‘ਆਨੰਦ ਮੈਰਿਜ ਐਕਟ’ ਲਾਗੂ ਕਰਣ ਵਾਲਾ ਦੇਸ਼ ਦਾ ਨੌਵਾਂ ਰਾਜ ਬਣਿਆ
ਨਵੀਂ ਦਿੱਲੀ 5 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਤਾਮਿਲਨਾਡੂ ਵਿਚ ‘ਆਨੰਦ ਮੈਰਿਜ ਐਕਟ’ ਲਾਗੂ ਹੋਣ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਤਾਮਿਲਨਾਡੂ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਦਸਿਆ ਕਿ ਤਾਮਿਲਨਾਡੂ ਸਰਕਾਰ ਨੇ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਰਾਜ ਵਿੱਚ ਸਿੱਖ ਵਿਆਹਾਂ ਲਈ ਇੱਕ ਮਹੱਤਵਪੂਰਨ ਨਿਯਮ, ਆਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ, 2026 ਨੂੰ ਸੂਚਿਤ ਕਰ ਦਿੱਤਾ ਹੈ। ਇਹ ਰਾਜ ਭਰ ਦੇ ਸਿੱਖਾਂ ਲਈ ਵਿਆਹ ਨਿਯਮਾਂ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਏਗਾ । ਇਸ ਤੋਂ ਪਹਿਲਾਂ ਦੇਸ਼ ਦੇ 8 ਰਾਜਾਂ ਵਿਚ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ ਅਤੇ ਹੁਣ ਤਾਮਿਲਨਾਡੂ ਦੇਸ਼ ਦਾ ਨੌਵਾਂ ਰਾਜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਖਾਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ ਅਧੀਨ ਹੁੰਦੀ ਸੀ, ਜਿਸ ਕਾਰਨ ਭਾਈਚਾਰੇ ਵਿਚ ਲੰਬੇ ਸਮੇਂ ਤੋਂ ਇਸ ਐਕਟ ਨੂੰ ਵੱਖਰੇ ਤੌਰ ’ਤੇ ਲਾਗੂ ਕਰਨ ਦੀ ਮੰਗ ਸੀ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਤੰਬਰ ਵਿੱਚ, ਸੁਪਰੀਮ ਕੋਰਟ ਨੇ ਦੇਸ਼ ਦੇ ਸਾਰੇ ਰਾਜਾਂ ਨੂੰ ਸਿੱਖ ਵਿਆਹਾਂ ਲਈ ਆਪਣੇ ਨਿਯਮ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਆਨੰਦ ਕਾਰਜ ਰੀਤੀ ਨਾਲ ਕੀਤੇ ਜਾਂਦੇ ਵਿਆਹ ਸਿੱਖ ਧਰਮ ਵਿੱਚ ਪੰਥਕ ਮਰਿਆਦਾ ਤਹਿਤ ਬਹੁਤ ਪਵਿੱਤਰਤਾ ਰੱਖਦੇ ਹਨ। ਇਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਕ੍ਰਮਾਂ ਕਰਦਿਆਂ ਚਾਰ ਲਾਵਾਂ ਦੀ ਰਸਮ ਸ਼ਾਮਲ ਹੁੰਦੀ ਹੈ। ਅਜਿਹੇ ਵਿਆਹਾਂ ਨੂੰ ਸਿੱਖ ਭਾਈਚਾਰੇ ਦੇ ਗੁਰੂ ਕਾਲ ਦੇ ਸਮੇਂ ਤੋਂ ਧਾਰਮਿਕ ਮਾਨਤਾ ਪ੍ਰਾਪਤ ਹੋਈ ਹੈ, ਪਰ ਵਿਆਹੇ ਜੋੜਿਆਂ ਨੂੰ ਅਕਸਰ ਕਾਨੂੰਨੀ ਰਸਮੀ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਵਿੱਚ ਪ੍ਰਸ਼ਾਸਨਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਸ ਕਰਕੇ ਜਦੋਂ ਪਛਾਣ ਦਸਤਾਵੇਜ਼ਾਂ, ਵਿਰਾਸਤ, ਵੀਜ਼ਾ, ਬੈਂਕਿੰਗ ਅਤੇ ਹੋਰ ਸਿਵਲ ਮਾਮਲਿਆਂ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣਾ ਪੈਂਦਾ ਹੈ। ਤਾਮਿਲਨਾਡੂ ਸਰਕਾਰ ਦੇ ਨਿਯਮਾਂ ਦੇ ਅਨੁਸਾਰ, ਤਾਮਿਲਨਾਡੂ ਵਿੱਚ ਕਿਤੇ ਵੀ ਕੀਤੇ ਗਏ ਆਨੰਦ ਕਾਰਜ ਰੀਤੀ ਤਹਿਤ ਵਿਆਹ ਹੁਣ ਵਿਆਹ ਰਜਿਸਟਰਾਰ ਕੋਲ ਰਜਿਸਟਰ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਅਸੀਂ ਬਾਕੀ ਰਾਜਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਦੇਸ਼ ਦੀ ਸ਼ਿਖਰਲੀ ਅਦਾਲਤ ਵਲੋਂ ਜਾਰੀ ਕੀਤੇ ਗਏ ਆਦੇਸ਼ ਨੂੰ ਤੁਰੰਤ ਆਪੋ ਆਪਣੇ ਰਾਜ ਅੰਦਰ ਲਾਗੂ ਕਰਕੇ ਸਿੱਖ ਪੰਥ ਨਾਲ ਆਪਣੀ ਸਹਿਮਤੀ ਪ੍ਰਗਟ ਕਰਣ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








