ਜਰਮਨ 11 ਦਸੰਬਰ (ਖਿੜਿਆ ਪੰਜਾਬ) ਗਲੋਬਲ ਸਿੱਖ ਕੌਂਸਲ ਸਮੂਹ ਸਿੱਖ ਸੰਗਤਾਂ ਨੂੰ ਇਹ ਪੁਰਜੋਰ ਅਪੀਲ ਕਰਦੀ ਹੈ ਕਿ ਦਸਮ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ (5 ਜਨਵਰੀ) 2026 ਨੂੰ, ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ, ਪੂਰਨ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾਵੇ।
ਮੂਲ ਨਾਨਕਸ਼ਾਹੀ ਕੈਲੰਡਰ, ਜਿਸਨੂੰ ਸੰਨ 2003 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਤੌਰ ‘ਤੇ ਜਾਰੀ ਕੀਤਾ ਗਿਆ ਸੀ ਜੋ ਕਿ ਸਿੱਖ ਕੌਮ ਦੀ ਆਪਣੀ ਵੱਖਰੀ, ਸੁਤੰਤਰ ਅਤੇ ਖ਼ਾਲਿਸ ਪਛਾਣ ਦਾ ਪ੍ਰਤੀਕ ਹੈ। ਕੌਮ ਦੇ ਇਤਿਹਾਸਕ ਅਤੇ ਧਾਰਮਿਕ ਦਿਹਾੜਿਆਂ ਨੂੰ ਇੱਕੋ ਤਾਰੀਖ ਅਤੇ ਇੱਕੋ ਕੈਲੰਡਰ ਅਨੁਸਾਰ ਮਨਾਉਣ ਨਾਲ ਹੀ ਪੰਥਕ ਇਕਸਾਰਤਾ, ਏਕਤਾ ਅਤੇ ਮਜ਼ਬੂਤੀ ਬਣੀ ਰਹਿ ਸਕਦੀ ਹੈ।
*ਇਹ ਵੀ ਯਾਦ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਵੱਲੋਂ ਵੀ ਇਹ ਸਪਸ਼ਟ ਬਿਆਨ ਜਾਰੀ ਕੀਤਾ ਗਿਆ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਬਦਲੀ ਨਹੀਂ ਜਾਵੇਗੀ ਪਰ ਸੰਗਤਾਂ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਦਿਨ ਸਮਾਗਮ ਕਰ ਸਕਦੀਆਂ ਹਨ* ਜੋ ਕਿ ਅਸਲ ਅਤੇ ਮੂਲ ਤਾਰੀਖ 23 ਪੋਹ (5 ਜਨਵਰੀ) ਹੀ ਹੈ, ਜਿਸਦੀ ਸਾਰੀਆਂ ਸਿੱਖ ਸੰਗਤਾਂ ਵੱਲੋਂ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
*ਇਸੇ ਸੰਬੰਧੀ ਗਲੋਬਲ ਸਿੱਖ ਕੌਂਸਲ ਦੀ ਸਮੂਹ ਸਿੱਖ ਸੰਗਤਾਂ ਨੂੰ ਖ਼ਾਸ ਅਪੀਲ:*
• ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਬੇਨਤੀ ਹੈ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਾਰੇ ਪ੍ਰੋਗਰਾਮਾਂ ਦੀ ਤਿਆਰੀ 23 ਪੋਹ (5 ਜਨਵਰੀ 2026) ਦੀ ਤਾਰੀਖ ਨੂੰ ਹੀ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ।
• ਸੰਗਤ ਨੂੰ ਅਪੀਲ ਹੈ ਕਿ ਇਸ ਪ੍ਰਮਾਣਿਤ ਅਤੇ ਪੰਥ ਦੁਆਰਾ ਤਹਿ ਕੀਤੀ ਤਾਰੀਖ ਨੂੰ ਪ੍ਰਵਾਨ ਕਰਦੇ ਹੋਏ ਭਰਪੂਰ ਸ਼ਰਧਾ, ਪ੍ਰੇਮ ਅਤੇ ਸਤਿਕਾਰ ਨਾਲ ਇਹ ਪਵਿੱਤਰ ਦਿਹਾੜਾ ਮਨਾਇਆ ਜਾਵੇ।
• *ਹੁਣ ਸਮਾਂ ਆ ਗਿਆ ਹੈ ਕਿ ਸਿੱਖ ਕੌਮ ਮਿਲਗੋਭਾ ਕੈਲੰਡਰ ਨੂੰ ਪੂਰੀ ਤਰ੍ਹਾਂ ਤਿਆਗ ਕੇ, ਇੱਕਜੁੱਟ ਹੋਕੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਏ, ਤਾਂ ਕਿ ਭਵਿੱਖ ਵਿੱਚ ਕੋਈ ਭਰਮ, ਉਲਝਣ ਜਾਂ ਵੰਡ ਨਾ ਰਹੇ।*
ਗਲੋਬਲ ਸਿੱਖ ਕੌਂਸਲ ਦੀ ਬੇਨਤੀ ਹੈ ਕਿ ਪੰਥਕ ਇਕਸਾਰਤਾ ਅਤੇ ਸਿੱਖ ਸਿਧਾਂਤਾਂ ਦੀ ਰੱਖਿਆ ਲਈ ਸਾਰੀਆਂ ਸਿੱਖ ਸੰਗਤਾਂ ਇਸ ਸੱਦੇ ਨੂੰ ਸਤਿਕਾਰ ਨਾਲ ਮੰਨਣ ਅਤੇ ਇਸ ਪਵਿੱਤਰ ਗੁਰਪੁਰਬ ਨੂੰ ਮੂਲ ਤਾਰੀਖ ਤੇ ਹੀ ਮਨਾਉਣ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









