ਨਵੀਂ ਦਿੱਲੀ 6 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਫੁੱਲਾਂ ਵਿਚੋਂ ਫੁੱਲ ਗੁਲਾਬ ਦੀ ਤਰਾਂ ਅਤੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਖ਼ਾਲਸਤਾਨ ਦੀ ਤਰ੍ਹਾਂ, ਭਾਰਤ ਦੀ ਆਜ਼ਾਦੀ ਲਈ ਕੁਰਬਾਨ ਹੋਏ ਸ਼ਹੀਦਾਂ ਵਿੱਚੋਂ ਸ਼ਹੀਦੇ-ਆਜਮ ਭਗਤ ਸਿੰਘ ਦਾ ਇਕ ਖਾਸ ਹੀ ਰੁਤਬਾ ਤੇ ਸਥਾਨ ਹੈ। ਦਲ ਖਾਲਸਾ ਅਲਾਇੰਸ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਸੇਖੋਂ (ਦਾਖਾ) ਨੇ ਕਿਹਾ ਕਿ ਭਗਤ ਸਿੰਘ ਭਾਰਤ ਲਈ ਇਕ ਹੀਰਾ ਸੀ, ਬਲਕਿ ਪੰਜਾਬ ਖ਼ਾਲਸਤਾਨ ਲਈ ਅਨਮੋਲ ਹੀਰਾ ਸੀ ਅਤੇ ਹੈ। ਭਗਤ ਸਿੰਘ ਲੁੱਟ ਲੁੱਟ ਬਲਦੀ ਇਕ ਜਵਾਲਾ ਸੀ, ਜਿਸ ਦਾ ਇਕ ਇਕ ਦਿਨ, ਇਕ ਇਕ ਛਿਨ ਭਾਰਤ ਦੀ ਅਜ਼ਾਦੀ ਦੀ ਜੰਗ ਲਈ ਜੁਝਦਿਆਂ ਹੋਇਆਂ ਬੀਤਿਆ। 23 ਮਾਰਚ 1931 ਦੇ ਇਤਿਹਾਸਕ ਦਿਨ ਜਦੋਂ ਸੈਂਟਰਲ ਜੇਲ ਲਾਹੌਰ ਵਿੱਚ ਆਪਣੇ ਦੋ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਸਮੇਤ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ, ਤਾਂ ਇਸ ਬਹਾਦਰ ਯੋਧੇ ਦੀ ਉਮਰ ਤਕਰੀਬਨ 24 ਕੁ ਸਾਲ ਦੀ ਸੀ। ਚੜਦੀ ਉਮਰ ਦੇ ਚੜਦੇ ਸਾਲਾਂ ਵਿੱਚ ਹੀ ਉਹ ਐਸੇ ਕਾਰਨਾਮੇ ਕਰ ਗਿਆ, ਕਿ ਅੱਜ ਉਸ ਦਾ ਨਾਮ ਭਾਰਤ ਦੇ ਕ੍ਰਾਂਤੀਕਾਰੀਆਂ ਅਤੇ ਅਮਰ ਸ਼ਹੀਦਾਂ ਦੀ ਕਤਾਰ ਵਿੱਚ ਦਰਜ ਹੈ। ਫਰੰਗੀ ਹਾਕਮਾਂ ਨੇ ਸ਼ਹੀਦਾਂ ਦੀਆਂ ਦੇਹਾਂ ਜੇਲ੍ਹ ਦੇ ਪਿਛਲੇ ਚੋਰ ਦਰਵਾਜਿਉਂ ਸਤਲੁਜ ਦਰਿਆ ਦੇ ਕੰਢੇ ਲਿਜਾ ਕੇ ਚੁੱਪ-ਚਪੀਤੇ ਹੀ ਸਸਕਾਰ ਕਰ ਦਿਤੀਆਂ ਅਤੇ ਰਾਖ ਸਤਲੁਜ ਵਿਚ ਰੋੜ ਦਿੱਤੀ। ਸ਼ਹੀਦਾਂ ਦੇ ਅੰਤਮ ਅਸਥਾਨ ਕਦੋਂ ਛੁਪੇ ਰਹਿੰਦੇ ਹਨ? ਸਮੇਂ ਦੇ ਹੁਕਮਰਾਨਾਂ ਨੇ ਤਮਾਮ ਨਿਸ਼ਾਨ ਮਿਟਾਣ ਦੇ ਯਤਨ ਕਿਉਂ ਨਾ ਕੀਤੇ ਹੋਣ। ਕੌਮਾਂ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਨਿਸ਼ਾਨਦੇਹੀ ਕਰ ਹੀ ਲਿਆ ਕਰਦੀਆਂ ਹਨ। ਹੁਸੈਨੀਵਾਲਾ ਵਿਖੇ ਅਮਰ ਸ਼ਹੀਦਾਂ ਦਾ ਅੰਤਮ ਅਸਥਾਨ ਅੱਜ ਇੱਕ ਇਤਿਹਾਸ ਗਾਹ ਬਣ ਚੁੱਕਾ ਹੈ। ਜਿਥੇ ਹਰ ਸਾਲ 23 ਮਾਰਚ ਨੂੰ ਭਾਰੀ ਮੇਲਾ ਜੁੜਦਾ ਹੈ ਅਤੇ ਦੂਰ ਦੂਰ ਤੋਂ ਲੋਕ ਵੱਡੀ ਗਿਣਤੀ ਵਿਚ ਆਪਣੇ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹੁਸੈਨੀਵਾਲਾ ਅਪੜਦੇ ਹਨ। “ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਰਨੇ ਬਾਲੋਂ ਕਾ ਯਹੀ ਬਾਕੀ ਨਿਸਾਂ ਹੋਗਾ”। ਉਹ ਲੋਕ ਜਿਹਨਾਂ ਨੂੰ ਭੇਡਾਂ ਤੇ ਬਕਰੀਆਂ ਵਾਂਗ ਗੁਲਾਮੀ ਅਤੇ ਜਿੱਲਤ ਦੀ ਜਿੰਦਗੀ ਜੀਉਣ ਦੀ ਆਦਤ ਪੈ ਜਾਂਦੀ ਹੈ। ਉਹਨਾਂ ਲਈ ਤਾਂ ਸਭ ਅੱਛਾ ਹੀ ਹੁੰਦਾ ਹੈ। ਭਾਵੇਂ ਨਕੇਲ, ਬਾਬਰ, ਔਰੰਗਜੇਬ, ਅੰਗਰੇਜ, ਇੰਦਰਾ, ਰਾਜੀਵ, ਮੋਦੀ ਦੇ ਹੱਥ ਹੋਵੇ ਜਾਂ ਕਿਸੇ ਹੋਰ ਦੇ ਹੱਥ। ਇਸ ਦੇ ਉਲਟ, ਕੌਮੀ ਸੰਗਰਾਮੀਆਂ ਦੀ ਜਿੰਦਗੀ ਹੁੰਦੀ ਹੈ, ਜੋ ਗੁਲਾਮੀ ਨੂੰ ਮੌਤ ਨਾਲ ਤੁਲਨਾ ਦਿੰਦੇ ਹਨ। ਆਜ਼ਾਦੀ ਦੇ ਦੀਵਾਨੇ ਦੀ ਤਸਬੀਹ ਉਸ ਬਾਜ਼ ਨਾਲ ਦਿੱਤੀ ਜਾ ਸਕਦੀ ਹੈ, ਜੋ ਬੇਸਰੋ-ਸਾਮਾਨੀ ਦੀ ਜਿੰਦਗੀ ਗੁਜਾਰਨੀ ਤਾਂ ਚੰਗੀ ਗਿਣਦਾ ਹੈ, ਲੇਕਿਨ ਕਿਸੇ ਦੀ ਗੁਲਾਮੀ ਵਿੱਚ ਰਹਿਣਾ ਲਾਹਨਤ ਸਮਝਦਾ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਗਦਰੀ ਬਾਬਿਆਂ, ਬੱਬਰ ਅਕਾਲੀਆਂ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ ਸੁਨਾਮ, ਆਦਿ ਦੇਸ਼ ਭਗਤਾਂ ਦੀਆਂ ਸਰਗਰਮੀਆਂ ਅਤੇ ਕੁਰਬਾਨੀਆਂ ਕਰਕੇ ਹੀ ਹਿੰਦੂ ਰਾਸ਼ਟਰਵਾਦ ਆਜ਼ਾਦ ਹੋ ਸਕਿਆ ਸੀ। ਗਾਂਧੀ ਬਾਬੇ ਦੀ ਲੰਗੋਟੀ ਅਤੇ ਸੋਟੀ ਕਰਕੇ ਬਿਲਕੁਲ ਨਹੀਂ। ਪ੍ਰੰਤੂ ਬਹੁਤ ਦੁੱਖ ਅਤੇ ਅਫਸੋਸ ਹੁੰਦਾ ਹੈ, ਹਿੰਦੂ ਰਾਸ਼ਟਰਵਾਦ ਤੇ ਜਿਨ੍ਹਾਂ ਨੇ ਸੁੰਤਤ੍ਰਤਾ ਸੰਗਰਾਮੀਆਂ ਨੂੰ ਇਕ ਤਰਾਂ ਨਾਲ ਵਿਸਾਰ ਹੀ ਛੱਡਿਆ ਹੈ। ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸਾਂ ਵਿੱਚ ਹਰ ਥਾਂ ਗਾਂਧੀ, ਨਹਿਰੁ ਖਾਨਦਾਨ ਹੀ ਛਾਏ ਹੋਏ ਮਿਲਦੇ ਹਨ। ਇਹਨਾਂ ਦੇ ਨਾਮ ਤੇ ਹੀ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਸਟੇਡੀਅਮ, ਏਅਰਪੋਰਟ, ਆਦਿ ਦੇ ਨਾਮ ਰੱਖੇ ਜਾ ਰਹੇ ਹਨ। ਜਾਂ ਬਹੁਤੇ ਪੁਰਾਤਨ ਨਾਮ ਬਦਲੇ ਜਾ ਰਹੇ ਹਨ। ਦਿੱਲੀ ਵਿੱਚ ਬਾਹਰਲੇ ਦੇਸ਼ ਦਾ ਕੋਈ ਵੀ ਮਹਾਨ ਨੇਤਾ ਆਵੇ, ਗਾਂਧੀ, ਨਹਿਰੂ, ਇੰਦਰਾ, ਰਾਜੀਵ ਆਦਿ ਦੇ ਸ਼ਮਸ਼ਾਨ ਘਾਟਾਂ ਦੀ ਖਾਸ ਤੌਰ ਤੇ ਪ੍ਰਕਰਮਾ ਕਰਾਈ ਜਾਂਦੀ ਹੈ। ਜਦੋਂ ਕਿ ਭਾਰਤ ਦੇ ਮਹਾਨ ਸ਼ਹੀਦਾਂ ਦੇ ਸਮਾਰਕ ਜਿਥੇ ਕਿਤੇ ਵੀ ਹਨ, ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ। ਉਹ ਸੁਰਬੀਰ ਯੋਧੇ ਜਿਨ੍ਹਾਂ ਨੇ ਜਿੰਦਗੀ ਦੇ ਸੁੱਖ-ਆਰਾਮ ਤਾਂ ਕੀ ਵੇਖਣੇ ਸਨ, ਭਰ ਜਵਾਨੀਆਂ ਵਿੱਚ ਹੀ ਫਾਂਸੀਆਂ ਉਤੇ ਝੂਲ ਗਏ, ਜਿਨ੍ਹਾਂ ਦੀ ਬਦੋਲਤ ਇਹ ਲੋਕ ਗੱਦੀਆਂ ਸਾਂਭੀ ਬੈਠੇ ਹਨ। ਭਾਰਤੀ ਨੇਤਾ ਐਮ ਕੇ ਗਾਂਧੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਰੰਗਜੇਬ ਦੇ ਖਿਲਾਫ ਤਲਵਾਰ ਚੁੱਕਣ ਕਰਕੇ “ਭੁਲੜ ਦੇਸ਼ ਭਗਤ” ਕਿਹਾ ਸੀ। ਭਗਤ ਸਿੰਘ ਦੀ ਮਹਾਨ ਕੁਰਬਾਨੀ ਨੂੰ ਵੀ ਮਰਦੇ ਦਮ ਤੱਕ ਤਸਲੀਮ ਨਹੀਂ ਕੀਤਾ ਸੀ। ਮਗਰੋਂ ਇਸ ਦੇ ਚੇਲਿਆਂ ਨੇ ਵੀ ਤਾਂ ਇੰਝ ਹੀ ਕਰਨਾ ਸੀ। ਲੁਧਿਆਣੇ ਵਿਖੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬੁੱਤ ਬਣਾਏ ਗਏ ਤਾਂ ਪਰਦਾ ਹਟਾਣ ਦੀ ਰਸਮ ਲਈ ਬਹੁਤ ਦੇਰ ਦਿੱਲੀਉਂ ਕੋਈ ਕਾਂਗਰਸੀ ਨੇਤਾ ਆਉਣ ਲਈ ਤਿਆਰ ਨਾ ਹੋਇਆ, ਪਰ ਜੋ ਹੌਂਸਲਾ ਕਰਕੇ ਆ ਵੀ ਗਿਆ ਤਾਂ ਉਹ ਭਗਤ ਸਿੰਘ ਦੇ ਸਿਰ ਤੇ ਪੱਗ ਦੇਖ ਕੇ ਜਲ ਬਲ ਗਿਆ ਸੀ।
ਵਤਨਾਂ ਦੇ ਖੁਸ਼ਫਹਿਮ ਰਾਜਿਓ, ਇਕ ਗੱਲ ਆਪਣੀ ਕੰਨੀ ਪਾਓ, ਜੰਮ ਜੰਮ ਆਪਣਾ ਰਾਜ ਕਮਾਓ-ਸਿੱਕਾ ਖੋਟਾ ਖਰਾ ਚਲਾਓੁ। ਇਨਾਂ ਸ਼ਹੀਦਾਂ ਨੇ ਹੀ ਤੁਹਾਨੂੰ ਤਖਤ ਦਿਵਾਇਆ, ਆਪਣੇ ਸਿਰ ਦਾ ਖੋਪਰ ਲਾਹ ਕੇ ਤੁਹਾਡੇ ਸਿਰ ਦਾ ਤਾਜ ਬਣਾਇਆ। ਕੀ ਇਹ ਭਾਰਤੀ ਲੋਕਾਂ ਲਈ ਅਹਿਸਾਨੇ-ਫਰਾਮੋਸੀ ਅਤੇ ਅਕ੍ਰਿਤਘਣਤਾ ਨਹੀਂ ਕਿ ਕੋਮੀ ਪ੍ਰਵਾਨੇ ਤਾਂ ਭਾਰਤ ਨੂੰ ਆਜ਼ਾਦ ਕਰਾਉਣ ਦੀ ਧੁੰਨ ਵਿੱਚ ਆਪਣਾ ਤਨ ਮਨ ਧਨ ਸਭ ਕੁੱਝ ਨਿਛਾਵਰ ਕਰ ਗਏ, ਪਰ ਇਹ ਉਨ੍ਹਾਂ ਦੀਆਂ ਯਾਦਗਾਰਾਂ ਦੀ ਸੰਭਾਲ ਵੀ ਨਹੀਂ ਕਰ ਸਕੇ। ਕੌਮੀ ਪ੍ਰਵਾਨਿਆਂ ਨੇ ਸੁਫਨੇ ਵੇਖੇ ਸਨ ਕਿ ਦੇਸ਼ ਆਜ਼ਾਦ ਹੋਣ ਬਾਅਦ ਦੇਸ਼ਵਾਸੀ ਖੁਸ਼ ਅਤੇ ਖੁਸ਼ਹਾਲ ਜਿੰਦਗੀ ਮਾਣ ਸਕਣਗੇ। ਸਰਕਾਰੀ ਕਰਮਚਾਰੀ ਅਤੇ ਰਾਜਸੀ ਨੇਤਾ ਪਰਜਾ ਦੇ ਸੱਚੇ ਸੇਵਕ ਅਤੇ ਹਮਦਰਦ ਹੋਣਗੇ, ਆਦਿ । ਭਾਰਤ ਨੂੰ ਆਜ਼ਾਦ ਹੋਇਆਂ ਕਿੰਨੇ ਸਾਲ ਬੀਤ ਗਏ ਹਨ, ਪਰ ਕੀ ਇਕ ਵੀ ਸ਼ਹੀਦਾਂ ਦਾ ਸੁਫਨਾ ਸਾਕਾਰ ਹੋਇਆ? ਬਲਕਿ ਗਰੀਬ ਲੋਕਾਂ ਦੀ ਲੁੱਟ ਪਹਿਲਾਂ ਨਾਲੋਂ ਵੀ ਵੱਧੀ ਹੈ। ਮਾਮੂਲੀ ਚਪੜਾਸੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਸਭ ਭ੍ਰਿਸ਼ਟਾਚਾਰ ਦੀ ਦਲ ਦਲ ਵਿੱਚ ਖੁੱਭ ਰਹੇ ਹਨ। ਆਜ਼ਾਦ ਭਾਰਤ ਅੰਦਰ ਜਨਤਾ ਦੇ ਰਾਖੇ ਪੂਰੀ ਆਜ਼ਾਦੀ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹਨ। ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ। ਹੋਰ ਤਾਂ ਹੋਰ ਇਸ ਦਮਨ ਚਕਰ ਵਿਚ ਕੌਮੀ ਸ਼ਹੀਦਾਂ ਦੇ ਪ੍ਰਵਾਰ ਵੀ ਮਹਿਫੂਜ ਨਹੀਂ ਹਨ, ਕੁੱਝ ਸਮਾਂ ਪਹਿਲਾਂ ਅਮਰ ਸ਼ਹੀਦ ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਕੁਲਜੀਤ ਸਿੰਘ ਢੱਟ ਦੀ ਹੱਤਿਆ ਲਈ ਜਿੰਮੇਵਾਰ ਪੁਲਿਸ ਅਫਸਰ ਅਜੇ ਤੱਕ ਆਜ਼ਾਦ ਘੁੰਮ ਰਹੇ ਹਨ। ਕੀ ਕੌਮੀ ਪ੍ਰਵਾਨਿਆਂ ਨੇ ਅਜਿਹੀ ਸਮਾਜੀ ਅਤੇ ਰਾਜਨੀਤਕ ਵਿਵਸਥਾ ਲਿਆਉਣ ਲਈ ਹੀ ਆਪਣੀਆਂ ਜਾਨਾਂ ਵਾਰੀਆਂ ਸਨ? ਆਖਰ ਸ਼ਹੀਦਾਂ ਦੇ ਸੁਫਨੇ ਕਦੋਂ ਪੂਰੇ ਹੋਣਗੇ? ਭਾਰਤ ਵਿੱਚ ਨਹੀਂ, ਸਿਰਫ ਖ਼ਾਲਸਤਾਨ ਵਿੱਚ ਹੋਣਗੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









