Home » ਨਵੀਂ ਦਿੱਲੀ » ਜਥੇਦਾਰ ਅਕਾਲ ਤਖਤ ਸਾਹਿਬ ਗੁਰੂਘਰਾਂ ਅੰਦਰ ਖਰਚੀਲੇ ਲੰਗਰ ਬੰਦ ਕਰਵਾ ਕੇ ਸਾਦਾ ਲੰਗਰ ਵਰਤਾਓਣ ਲਈ ਆਦੇਸ਼ ਜਾਰੀ ਕਰਣ: ਅਰਵਿੰਦਰ ਸਿੰਘ ਰਾਜਾ

ਜਥੇਦਾਰ ਅਕਾਲ ਤਖਤ ਸਾਹਿਬ ਗੁਰੂਘਰਾਂ ਅੰਦਰ ਖਰਚੀਲੇ ਲੰਗਰ ਬੰਦ ਕਰਵਾ ਕੇ ਸਾਦਾ ਲੰਗਰ ਵਰਤਾਓਣ ਲਈ ਆਦੇਸ਼ ਜਾਰੀ ਕਰਣ: ਅਰਵਿੰਦਰ ਸਿੰਘ ਰਾਜਾ

SHARE ARTICLE

76 Views

ਨਵੀਂ ਦਿੱਲੀ 8 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਧਰਮ ਦਾ ਵਡੱਪਣ ਹੈ ਕਿ ਇਸ ਦੇ ਸਾਰੇ ਗੁਰ ਅਸਥਾਨਾਂ ਵਿੱਚ ਲੋੜਵੰਦਾ ਅਤੇ ਸ਼ਰਧਾਲੂਆਂ ਲਈ ਲੰਗਰ ਚਲਦੇ ਰਹਿੰਦੇ ਹਨ। ਇੰਨ੍ਹਾ ਵਿਚ ਇਕ ਅਧਿਆਤਮਕ ਰਸਗੱਤਾ ਭਰਪੂਰ ਜੀਵਨ ਜਾਚ ਲਈ ਗੁਰਸ਼ਬਦ ਦਾ ਲੰਗਰ ਅਤੇ ਦੁਸਰਾ ਪਦਾਰਥ ਲੰਗਰ ਵਰਤਾਇਆ ਜਾਂਦਾ ਹੈ । ਭਾਈ ਅਰਵਿੰਦਰ ਸਿੰਘ ਰਾਜਾ ਮੁੱਖ ਸੇਵਾਦਾਰ ਅਖੰਡ ਕੀਰਤਨੀ ਜੱਥਾ (ਦਿੱਲੀ) ਨੇ ਕਿਹਾ ਕਿ ਗੁਰ-ਇਤਿਹਾਸ ਵਿੱਚ ਸਾਖੀ ਮਿਲਦੀ ਹੈ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੂਹੜਕਾਣੇ ਵਿੱਚ ਅਬਦਾਲ ਦੇ ਨੰਗੇ, ਭੁੱਖੇ ਸਾਧੂਆਂ ਦੀ ਟੋਲੀ ਨੂੰ ਵੇਖ ਕੇ, ਉਨ੍ਹਾਂ ਨੇ ਪਿਤਾ ਜੀ ਵੱਲੋਂ ਵਪਾਰ ਲਈ ਦਿੱਤੇ ਵੀਹ ਰੁਪਿਆਂ ਨਾਲ ‘ਸੱਚਾ ਸੌਦਾ’ ਕੀਤਾ ਭਾਵ ਕਿ ਸਾਧੂਆਂ ਨੂੰ ਭੋਜਨ ਛਕਾਇਆ ਸੀ, ਇਸ ਬਦੌਲਤ ਗੁਰਦੁਆਰਿਆਂ ਵਿੱਚ ਲੋੜਵੰਦਾਂ ਲਈ ਭੋਜਨ ਦੀ ਪ੍ਰਥਾ ਬੱਝ ਗਈ। ਦੂਸਰੇ ਪਾਤਸਾਹ ਸ੍ਰੀ ਗੁਰ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਵੀ ਲੰਗਰ ਚਲਦੇ ਸਨ, ਇਕ ਗੁਰੂ ਸ਼ਬਦ ਦਾ ਅਤੇ ਦੂਸਰਾ ਸਾਦਾ ਖਾਣ-ਪਾਣ ਦਾ। ਭਾਈ ਪੈਧਾ ਵਾਲੀ ਬੀੜ (ਰਾਵਲਪਿੰਡੀ) ਵਿੱਚ ਗੁਰੂ ਅਮਰਦਾਸ ਜੀ ਦੇ ਸਿਖਿਆ ਦੇ ਇਕ ਬਚਨ ਅੰਕਿਤ ਹਨ, ਕਿ ‘ਗੁਰੂ ਜੀ ਦਾ ਆਖਣਾ ਹੈ, ਅੰਨ ਬਹੁਤ ਭੁਖੈ ਲਗੀ ਖਾਵਣਾ, ਭਰੇ ਉੱਤੇ ਨਹੀਂ ਭਰਨਾ’। ਉਸ ਸਮੇਂ ਲੰਗਰ ਵਿੱਚ ਸੁਆਦਲੇ, ਖੱਟੇ-ਮਿੱਠੇ ਰਸਾਂ-ਕਸਾਂ ਤੋਂ ਨਿਰਲੇਪ ਗੁਰਬਾਣੀ ਆਰਾਧਦਿਆਂ ਹੋਇਆਂ ਬੜਾ ਸਾਦਾ ਭੋਜਨ ਤਿਆਰ ਕੀਤਾ ਜਾਂਦਾ ਸੀ। ਗੁਰੂ ਜੀ ਦਾ ਉਪਦੇਸ਼ ਸੀ ਕਿ ਉੱਚੀ ਬਨਸਪਤਿ ਨਾਲ ਤਿਆਰ ਪਵਿੱਤਰ ਆਹਾਰ ਦੀ ਸਾਦਗੀ, ਮਨੁੱਖੀ ਆਚਰਨ ਨੂੰ ਡੂੰਘਾ ਪ੍ਰਭਾਵਤ ਹੀ ਨਹੀਂ ਕਰਦੀ, ਸਗੋਂ ਸਿੱਖ ਦੀ ਚੇਤਨ ਸ਼ਕਤੀ, ਭਾਵਨਾਵਾਂ ਤੇ ਦਰਵੇਸ਼ ਸੋਚ ਨੂੰ ਬੇਹੱਦ ਨਿਖਾਰਦੀ ਵੀ ਹੈ, ਕਿਉਂਕਿ “ਸਿੱਖ ਨੇ ਭੋਜਨ ਸਿਰਫ ਸਰੀਰ ਦੀ ਉਪਜੀਵਕਾ ਹਿਤ” ਕਰਨਾ ਹੈ। ਸਮੇਂ ਦੀ ਚਾਲ ਨੇ ਗੁਰੂਆਂ ਵੇਲੇ ਬੱਧੀ ਹੋਈ ਲੰਗਰ ਦੀ ਮਰਯਾਦਾ ਬਦਲ ਦਿੱਤੀ ਹੈ ਤੇ ਗੁਰੂ ਕਾ ਲੰਗਰ ਇੱਕ ਫ਼ੈਸ਼ਨ ਬਣ ਗਿਆ ਹੈ ਭਾਵੇਂ ਘਰ ਹੋਵੇ ਜਾਂ ਗੁਰਦੁਆਰਾ। ਗੁਰਦੁਆਰਿਆਂ ਵਿੱਚ ਲੰਗਰ ਦੀ ਰੀਤ ਤਾਂ ਸਿਰਫ ਲੋੜਵੰਦਾਂ, ਰਾਹੀਆਂ, ਮੁਸਾਫਰਾਂ ਜਾਂ ਦੂਰ-ਦੁਰਾਡੇ ਤੋਂ ਗੁਰ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਵਾਸਤੇ ਬੰਨ੍ਹੀ ਗਈ ਸੀ, ਪਰ ਹੁਣ ਇਹ ਇੱਕ ਵੱਖਰਾ ਹੀ ਰੁਖ ਅਖਤਿਆਰ ਕਰ ਗਈ ਹੈ। ਗੁਰੂ ਘਰਾਂ ਵਿੱਚ ਭਾਂਤ ਭਾਂਤ ਦੇ ਬਹੁਤ ਖਰਚੀਲੇ ਭੋਜਨ ਤਿਆਰ ਕੀਤੇ ਜਾਂਦੇ ਹਨ। ਕਿਧਰੇ ਹਲਵਾਈ ਅਤੇ ਕਿਧਰੇ ਸਿੱਖ, ਲੰਗਰ ਨੂੰ ਆਪੇ ਬਣਾਉਂਦੇ ਅਤੇ ਸੰਜਮ ਤੇ ਸੰਤੋਖ ਦੇ ਸਦਗੁਣ ਤਿਆਗ ਕੇ ਸੁਆਦ ਦੇ ਗੁਲਾਮ ਲੋੜੋਂ ਕਿਤੇ ਵੱਧ ਆਪੇ ਛਕ ਜਾਂਦੇ ਹਨ। ਮਨ ਵਿੱਚ ਵੀਚਾਰ ਤਰੰਗ ਉੱਠੀ ਹੈ, ਕਿ ਜਿਤਨੇ ਉੱਦਮ ਤੇ ਚਾਅ ਨਾਲ ਖਾਣ-ਪੀਣ ਦੀਆਂ ਵਸਤੂਆਂ ਦੀ ਤਿਆਰੀ, ਸਾਂਭ-ਸੰਭਾਲ ਅਤੇ ਵਰਤ-ਵਰਤਾਓ ਉੱਤੇ ਮਾਇਆ, ਸਮਾਂ ਤੇ ਤਾਕਤ ਲਾਉਂਦੇ ਹਾਂ ਓਹ ਬਚਾ ਕੇ ਜਰੂਰਤਮੰਦਾ ਦੀ ਸੇਵਾ ਵਿਚ ਖਰਚ ਕਰੀਏ ਤਾਂ “ਲੋਕ ਸੁਖੀਏ ਪਰਲੋਕ ਸੂਹੇਲੇ” ਵਾਲੇ ਕਾਰਜ ਨੇਪਰੇ ਚੜ੍ਹਦੇ ਹਨ । ਨਿਰਾ ਖਾਣ-ਪਾਣ ਨੂੰ ਲੰਗਰ ਮੰਨ ਲੈਣਾ ਵੀਂ ਇਕ ਪਵਿੱਤਰ ‘ਝੂਠ’ ਹੈ, ‘ਗੁਰਬਾਣੀ ਦੀ ਵੀਚਾਰ, ਸਿੱਖ ਸਿਧਾਂਤ, ਸਿੱਖ ਪ੍ਰੰਪਰਾਵਾਂ, ਮਰਯਾਦਾ, ਗੁਰੂ ਜੀਵਨੀਆਂ, ਗੁਰ ਇਤਿਹਾਸ ਅਤੇ ਸਿੱਖ ਸਹਿਤ ਦਾ ਪ੍ਰਚਾਰ ਹੀ ਪਵਿੱਤਰ ‘ਸੱਚ’ ਹੈ ਤੇ ਇਹ ਇਕ ਵੱਡਾ ਰੂਹਾਨੀਅਤ ਦਾ ਲੰਗਰ ਹੈ। ਜਦੋਂ ਮਨੁੱਖ ਉਤਸ਼ਾਹਤ ਹੋ ਕੇ ਪ੍ਰਭੂ ਭਗਤੀ ਦੇ ਮਾਰਗ ਉੱਤੇ ਚਲਦਾ ਹੈ ਤਾਂ ਉਸ ਨੂੰ ਕੁਦਰਤੀ ਤੌਰ ਤੇ ਰਸਾਂ-ਕਸਾਂ ਤੋਂ ਹਟ ਕੇ ਖਾਣ-ਪੀਣ ਤੇ ਗੁਰਸਿੱਖੀ ਨਿਭਾਵਣ ਦੀ ਜਾਚ ਆ ਜਾਂਦੀ ਹੈ। ਉਸ ਤੇ ‘ਮਿੱਠੀ ਅਤੇ ਮਧੁਰ ਬਾਣੀ’ਦਾ ਅਸਰ ਪ੍ਰਤੱਖ ਦਿਸ ਪੈਂਦਾ ਹੈ। ਇਸ ਲਈ ਅਸੀਂ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਦੇਸ਼ ਵਿਦੇਸ਼ ਦੀ ਸਮੂਹ ਪੰਥਕ ਇਕਾਈਆਂ, ਗੁਰਦੁਆਰਾ ਸਾਹਿਬਾਨ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਗੁਰੂਘਰ ਵਿਚ ਹੁੰਦੇ ਹਰ ਸਮਾਗਮ ਵਿਚ ਖਰਚੀਲੇ ਲੰਗਰਾਂ ਦਾ ਤਿਆਗ ਕਰਕੇ ਸਾਦਾ ਭੋਜਨ ਤਿਆਰ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਨੂੰ ਤੁਰੰਤ ਪ੍ਰਭਾਵ ਤੋਂ ਦੇਸ਼ ਵਿਦੇਸ਼ ਅੰਦਰ ਸਮੂਹ ਗੁਰਦੁਆਰਾ ਸਾਹਿਬਾਨਾਂ ਨੂੰ ਲਾਗੂ ਕਰਣਾ ਚਾਹੀਦਾ ਹੈ । ਇਸ ਦੇ ਨਾਲ ਹੀ ਸਮੂਹ ਸਾਧ ਸੰਗਤ ਨੂੰ ਇਕ ਬੇਨਤੀ ਹੋਰ ਕੀਤੀ ਜਾਂਦੀ ਹੈ ਕਿ ਪੰਜਾਬ ਅੰਦਰ ਕੇਂਦਰ ਅਤੇ ਰਾਜ ਸਰਕਾਰ ਵਲੋਂ “ਪਾਣੀ ਨੂੰ ਹਥਿਆਰ” ਬਣਾ ਕੇ ਕੀਤੀ ਗਈ ਤਬਾਹੀ ਵਿਚ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਤੇ ਪਿੰਡਾਂ ਦੇ ਪਿੰਡ ਪਾਣੀ ਵਿਚ ਡੁੱਬੇ ਪਏ ਹਨ । ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਾ ਫਰਜ਼ ਸਮਝਦਿਆਂ ਪਾਣੀ ਉਤਰਨ ਤੇ ਵੱਡੇ ਪੱਧਰ ਤੇ ਇਕ ਦੂਜੇ ਦੇ ਸਹਿਯੋਗ ਨਾਲ ਪੰਜਾਬ ਦੇ ਜਰੂਰਤਮੰਦ ਹੜ ਪੀੜੀਤਾਂ ਦੀ ਮਦਦ ਕੀਤੀ ਜਾਏ । ਇਥੇ ਦਸਣਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਦਾ ਇਤਿਹਾਸ ਜਿੱਥੇ ਲਹੂ ਭਿੱਜਿਆਂ ਹੋਇਆ ਹੈ ਓਥੇ ਓਹ ਮਨੁੱਖਤਾ ਦੀ ਸੇਵਾਵਾਂ ਵਿਚ ਵੀਂ ਵੱਡੇ ਪੱਧਰ ਤੇ ਸ਼ਮੂਲੀਅਤ ਕਰਦਾ ਹੈ ਤੇ ਉਨ੍ਹਾਂ ਵਲੋਂ ਕਿਸਾਨੀ ਮੋਰਚੇ ਅਤੇ ਕਰੋਨਾ ਕਾਲ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਬੇਮਿਸਾਲ ਸੇਵਾ ਕੀਤੀ ਸੀ ਜਿਸ ਨੂੰ ਸੰਸਾਰ ਭਰ ਵਿਚ ਸਲਾਹਿਆ ਗਿਆ ਸੀ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ