ਸੁਖਬੀਰ ਬਾਦਲ ਦੀ ਫੇਰੀ ਨੇ ਹੜ੍ਹ ਪੀੜਤਾਂ ‘ਚ ਭਰੀ ਨਵੀਂ ਆਸ, ਸਥਾਨਕ ਲੀਡਰਸ਼ਿਪ ਨੇ ਧੰਨਵਾਦ ਕਰਦਿਆਂ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ
ਪ੍ਰਸ਼ਾਸਨ ਕੁੰਭਕਰਨੀ ਨੀਂਦ ‘ਚੋਂ ਜਾਗ ਕੇ ਤੁਰੰਤ ਗਿਰਦਾਵਰੀ ਸ਼ੁਰੂ ਕਰੇ, ਨਹੀਂ ਤਾਂ ਵੱਡਾ ਸੰਘਰਸ਼ ਵਿੱਢਾਂਗੇ – ਬ੍ਰਹਮਪੁਰਾ
ਤਰਨ ਤਾਰਨ 27 ਅਗਸਤ ( ਗੁਰਪ੍ਰੀਤ ਸਿੰਘ ਸੈਡੀ) ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੀ ਸਮੁੱਚੀ ਟੀਮ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸੂਬਾ ਸਰਕਾਰ ਪੂਰੀ ਤਰ੍ਹਾਂ ਗਾਇਬ ਹੈ, ਉਸ ਵੇਲੇ ਸ੍ਰ. ਬਾਦਲ ਨੇ ਖੁਦ ਹੜ੍ਹ ਪੀੜਤਾਂ ਕੋਲ ਪਹੁੰਚ ਕੇ ਅਤੇ 20 ਹਜ਼ਾਰ ਲੀਟਰ ਡੀਜ਼ਲ ਦੀ ਵੱਡੀ ਰਾਹਤ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਹੀ ਲੋਕਾਂ ਦਾ ਅਸਲ ਹਮਦਰਦ ਹੈ।
ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੀ ਟੀਮ ਦੇ ਸਮੂਹ ਆਗੂਆਂ ਨੇ ਸਾਂਝੇ ਤੌਰ ‘ਤੇ ਮੌਜੂਦਾ ਹਾਲਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਦੇ ਦੌਰੇ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਜ਼ਮੀਨੀ ਪੱਧਰ ‘ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਗਿਰਦਾਵਰੀ ਸ਼ੁਰੂ ਕਰਨ ਦੇ ਨਾਂ ‘ਤੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਪਟਵਾਰੀ ਤੇ ਹੋਰ ਅਧਿਕਾਰੀ ਪਿੰਡਾਂ ਵਿੱਚੋਂ ਗਾਇਬ ਹਨ। ਪਾਣੀ ਖੜ੍ਹਾ ਹੋਣ ਕਾਰਨ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵਧ ਗਿਆ ਹੈ ਪਰ ਸਿਹਤ ਵਿਭਾਗ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ।
ਅਕਾਲੀ ਆਗੂਆਂ ਨੇ ‘ਆਪ’ ਸਰਕਾਰ ‘ਤੇ ਜ਼ੋਰਦਾਰ ਦਬਾਅ ਬਣਾਉਂਦਿਆਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਆਪਣੀ ਜ਼ਿੰਮੇਵਾਰੀ ਸੰਭਾਲਣ ਅਤੇ ਫ਼ੋਕੇ ਬਿਆਨ ਦੇਣ ਦੀ ਬਜਾਏ ਠੋਸ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਪੂਰੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪਾਰਦਰਸ਼ੀ ਢੰਗ ਨਾਲ ਗਿਰਦਾਵਰੀ ਸ਼ੁਰੂ ਕਰਨੀ ਚਾਹੀਦੀ ਹੈ, ਪੀੜਤਾਂ ਨੂੰ ਘੱਟੋ-ਘੱਟ 1 ਲੱਖ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ, ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਡਿਜ਼ਾਸਟਰ ਰਿਲੀਫ਼ ਫੰਡ ਵਿੱਚੋਂ ਤੁਰੰਤ ਰਾਹਤ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ।
ਉਨ੍ਹਾਂ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਰਾਹਤ ਕਾਰਜਾਂ ਵਿੱਚ ਤੇਜ਼ੀ ਨਾ ਲਿਆਂਦੀ ਗਈ ਤਾਂ ਪਾਰਟੀ ਪੀੜਤ ਕਿਸਾਨਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕਰੇਗੀ।
ਇਸ ਸਾਂਝੇ ਬਿਆਨ ਮੌਕੇ ਸ੍ਰ. ਬ੍ਰਹਮਪੁਰਾ ਦੇ ਨਾਲ ਉਨ੍ਹਾਂ ਦੀ ਟੀਮ ਦੇ ਸੀਨੀਅਰ ਆਗੂ ਜਥੇਦਾਰ ਦਲਬੀਰ ਸਿੰਘ ਜਹਾਂਗੀਰ (ਮੀਤ ਪ੍ਰਧਾਨ), ਸ੍ਰ. ਕੁਲਦੀਪ ਸਿੰਘ ਔਲਖ (ਮੀਤ ਪ੍ਰਧਾਨ), ਸ੍ਰ. ਗੁਰਸੇਵਕ ਸਿੰਘ ਸ਼ੇਖ (ਮੈਂਬਰ ਕੋਰ ਕਮੇਟੀ), ਸ੍ਰ. ਕੁਲਦੀਪ ਸਿੰਘ ਲਹੌਰੀਆ (ਸਾਬਕਾ ਸਰਪੰਚ), ਸ੍ਰ. ਕਾਬਲ ਸਿੰਘ ਭੈਲ, ਸ੍ਰ. ਚਰਨਜੀਤ ਸਿੰਘ ਭੈਲ, ਸ੍ਰ. ਅਮਰੀਕ ਸਿੰਘ (ਸਾਬਕਾ ਸਰਪੰਚ), ਸ੍ਰ. ਦਿਲਬਾਗ ਸਿੰਘ ਕਾਹਲਵਾਂ, ਸ੍ਰ. ਜਗਰੂਪ ਸਿੰਘ ਪੱਖੋਪੁਰ, ਸ੍ਰ. ਸੁਖਜਿੰਦਰ ਸਿੰਘ ਬਿੱਟੂ (ਸਰਪੰਚ), ਸ੍ਰ. ਨਰਿੰਦਰ ਸਿੰਘ (ਸਾਬਕਾ ਸਰਪੰਚ), ਸ੍ਰ. ਸੁਲੱਖਣ ਸਿੰਘ (ਸਾਬਕਾ ਸਰਪੰਚ), ਸ੍ਰ. ਪਹਿਲ ਚੰਦ ਸਿੰਘ (ਸਾਬਕਾ ਸਰਪੰਚ), ਸ੍ਰ. ਗੁਰਮੁਖ ਸਿੰਘ ਜੌਹਲ, ਸ੍ਰ. ਮੱਖਣ ਸਿੰਘ ਜੌਹਲ, ਸ੍ਰ. ਉਜਾਗਰ ਸਿੰਘ ਘੜਕਾ, ਸ੍ਰ. ਕਪੂਰ ਸਿੰਘ (ਸਾਬਕਾ ਸਰਪੰਚ), ਸ੍ਰ. ਸਤਨਾਮ ਸਿੰਘ ਸ਼ਾਹ, ਸ੍ਰ. ਸਤਨਾਮ ਸਿੰਘ ਬਲ, ਸ੍ਰ. ਲਾਲ ਸਿੰਘ (ਨੰਬਰਦਾਰ), ਸ੍ਰ. ਪਰਮਜੀਤ ਸਿੰਘ (ਸਾਬਕਾ ਸਰਪੰਚ) ਅਤੇ ਹੋਰ ਆਗੂ ਹਾਜ਼ਰ ਸਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।