ਨਵੀਂ ਦਿੱਲੀ 26 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਜਦੋ ਜ਼ੁਲਮ ਵੱਧ ਜਾਂਦੇ ਹਨ ਤਦ ਧਰਤੀ ਉਪਰ ਉਨ੍ਹਾਂ ਜ਼ੁਲਮਾਂ ਦਾ ਅੰਤ ਕਰਣ ਲਈ ਰੁਮਾਨੀ ਰੂਹ ਪ੍ਰਕਟ ਹੁੰਦੀ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਭਾਈ ਦਿਲਾਵਰ ਸਿੰਘ ਜੀ ਸਿੱਖ ਕੌਮ ਦੇ ਇੱਕ ਮਹਾਨ ਯੋਧੇ ਅਤੇ ਸ਼ਹੀਦ ਹਨ, ਜਿਨ੍ਹਾਂ ਨੇ 25 ਸਾਲ ਦੀ ਉਮਰ ਵਿੱਚ, 31 ਅਗਸਤ 1995 ਨੂੰ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਜਾ ਦੇਣ ਲਈ ਮਨੁੱਖੀ ਬੰਬ ਬਣ ਕੇ ਆਪਣੀ ਜਾਨ ਦੀ ਅਦੁੱਤੀ ਕੁਰਬਾਨੀ ਦਿੱਤੀ। ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਇਹ ਕਾਰਵਾਈ ਚੰਡੀਗੜ੍ਹ ਵਿਖੇ ਪੰਜਾਬ ਸਕੱਤਰੇਤ ਵਿੱਚ ਕੀਤੀ ਗਈ ਸੀ, ਜਿਸ ਨੂੰ ਸਿੱਖ ਇਤਿਹਾਸ ਵਿੱਚ ਜ਼ੁਲਮ ਦੇ ਵਿਰੁੱਧ ਇੱਕ ਵੱਡੀ ਕੁਰਬਾਨੀ ਵਜੋਂ ਯਾਦ ਕੀਤਾ ਜਾਂਦਾ ਹੈ। ਭਾਈ ਦਿਲਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਸਿੱਖ ਕੌਮ ਵੱਲੋਂ “ਕੌਮੀ ਸ਼ਹੀਦ” ਦੇ ਰੂਪ ਵਿੱਚ ਸਤਿਕਾਰ ਦਿੱਤਾ ਗਿਆ, ਜਿਸ ਦੀ ਘੋਸ਼ਣਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਕੀਤੀ ਗਈ ਹੈ । ਉਨ੍ਹਾਂ ਦੀ ਕੁਰਬਾਨੀ ਸਿੱਖ ਸਿਧਾਂਤਾਂ ਅਤੇ ਜ਼ੁਲਮ ਦੇ ਵਿਰੁੱਧ ਲੜਾਈ ਦੀ ਰੌਸ਼ਨੀ ਵਿੱਚ ਦੇਖੀ ਜਾਂਦੀ ਹੈ। ਭਾਈ ਦਿਲਾਵਰ ਸਿੰਘ ਜੀ ਦੀ ਸ਼ਹਾਦਤ ਸਿੱਖ ਕੌਮ ਲਈ ਸਿਦਕ, ਬਹਾਦਰੀ ਅਤੇ ਅਣਥੱਕ ਸੰਘਰਸ਼ ਦੀ ਮਿਸਾਲ ਹੈ। ਉਨ੍ਹਾਂ ਦੀ ਕੁਰਬਾਨੀ ਸਿੱਖੀ ਦੀ ਸ਼ਾਨ ਅਤੇ ਦਸਤਾਰ ਦੀ ਇੱਜ਼ਤ ਨੂੰ ਉੱਚਾ ਰੱਖਣ ਦਾ ਪ੍ਰਤੀਕ ਹੈ। ਜਾਤ-ਪਾਤ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ, ਉਹ ਸਮੁੱਚੀ ਕੌਮ ਦੇ ਨਾਇਕ ਹਨ। ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ 31 ਅਗਸਤ ਨੂੰ ਸ਼ਹੀਦੀ ਸਮਾਗਮ ਨਾਲ ਯਾਦ ਕੀਤਾ ਜਾਂਦਾ ਹੈ, ਜਿਸ ਵਿੱਚ ਅਖੰਡ ਪਾਠ, ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਸ਼ਾਮਲ ਹੁੰਦੇ ਹਨ। ਸਾਡੀ ਸਮੂਹ ਪੰਥ ਅਤੇ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਮੌਕੇ ਭਰਵੀਂ ਗਿਣਤੀ ਅੰਦਰ ਸੰਗਤਾਂ ਨੂੰ ਸਾਥ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਿਰੀ ਭਰ ਕੇ ਸ਼ਹੀਦ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ । ਇਸਦੇ ਨਾਲ ਹੀ ਦੇਸ਼ ਅਤੇ ਵਿਦੇਸ਼ ਦੀ ਸੰਗਤ ਵੀ ਆਪੋ ਆਪਣੇ ਗੁਰਦੁਆਰਾ ਸਾਹਿਬ ਭਾਈ ਦਿਲਾਵਰ ਸਿੰਘ ਨਮਿਤ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਉਨ੍ਹਾਂ ਬਾਰੇ ਸਾਡੀ ਨਵੀਂ ਪਨੀਰੀ ਨੂੰ ਦਸਿਆ ਜਾਏ ਜਿਸ ਨਾਲ ਓਹ ਵੀ ਉਨ੍ਹਾਂ ਦੇ ਪੁਰਨਿਆਂ ਤੇ ਚਲਣ ਦੀ ਸਿਖਿਆ ਲੈ ਸਕਣ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।